ਕੈਪਟਨ ਦੀ ਕੋਠੀ ''ਚ ਛੱਡੇ ਜਾਣਗੇ ਅਵਾਰਾ ਡੰਗਰ ਤੇ ਕੁੱਤੇ : ਲੱਖੋਵਾਲ

Thursday, Jan 10, 2019 - 04:26 PM (IST)

ਕੈਪਟਨ ਦੀ ਕੋਠੀ ''ਚ ਛੱਡੇ ਜਾਣਗੇ ਅਵਾਰਾ ਡੰਗਰ ਤੇ ਕੁੱਤੇ : ਲੱਖੋਵਾਲ

ਮਾਛੀਵਾੜਾ ਸਾਹਿਬ (ਟੱਕਰ) : ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ ਪੰਜਾਬ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ ਕਈ ਮਤੇ ਪਾਸ ਕੀਤੇ ਗਏ ਜਿਨ੍ਹਾਂ 'ਚ ਪਿਛਲੇ ਕਈ ਸਾਲਾਂ ਤੋਂ ਅਵਾਰਾ ਪਸ਼ੂ ਤੇ ਕੁੱਤੇ ਜੋ ਕਿਸਾਨਾਂ ਅਤੇ ਆਮ ਜਨਤਾ ਦਾ ਜਾਨੀ-ਮਾਲੀ ਨੁਕਸਾਨ ਕਰਦੇ ਹਨ ਜਿਨ੍ਹਾਂ ਨੂੰ ਸੰਭਾਲਣ ਦਾ ਕੋਈ ਪ੍ਰਬੰਧ ਨਹੀ ਕੀਤਾ ਗਿਆ। ਕਿਸਾਨ ਯੂਨੀਅਨ ਨੇ 3 ਸਾਲ ਪਹਿਲਾਂ ਵੀ ਅਵਾਰਾ ਪਸ਼ੂ ਤੇ ਕੁੱਤੇ ਐਸ.ਡੀ.ਐਮ, ਡੀ.ਸੀ ਦਫਤਰਾਂ ਵਿਚ ਛੱਡੇ ਸਨ ਅਤੇ ਉਸ ਸਮੇਂ ਵੀ ਇੱਕ ਸਾਲ ਦਾ ਅਲਟੀਮੇਟਮ ਇਸ ਸਰਕਾਰ ਨੂੰ ਦਿੱਤਾ ਸੀ ਪਰ ਕੋਈ ਕਾਰਵਾਈ ਨਾ ਹੋਈ। ਉਨ੍ਹਾਂ ਕਿਹਾ ਕਿ ਯੂਨੀਅਨ ਵਲੋਂ ਹੁਣ ਫੈਸਲਾ ਕੀਤਾ ਹੈ ਕਿ ਮਾਰਚ ਦੇ ਪਹਿਲੇ ਹਫ਼ਤੇ ਅਵਾਰਾ ਡੰਗਰ ਤੇ ਕੁੱਤੇ ਚੰਡੀਗੜ੍ਹ ਮੁੱਖ ਮੰਤਰੀ ਦੀ ਕੋਠੀ ਛੱਡੇ ਜਾਣਗੇ ਨਹੀ ਤਾਂ ਸਰਕਾਰ ਇਸਦਾ ਪਹਿਲਾ ਕੋਈ ਪ੍ਰਬੰਧ ਕਰੇ ਅਤੇ ਪੰਜਾਬ ਵਿਚ ਘੱਟੋ-ਘੱਟ ਚਾਰ ਸਲਾਟਰ ਹਾਊਸ ਲਾਏ ਜਾਣ। ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਤੇ ਸੀਨੀਅਰ ਮੀਤ ਪ੍ਰਧਾਨ ਮਾ. ਸਮਸ਼ੇਰ ਸਿੰਘ ਨੇ ਮੰਗ ਕੀਤੀ ਹੈ ਕਿ ਪੰਜਾਬ ਵਿਚ ਖਸਖਸ ਦੀ ਖੇਤੀ ਨੂੰ ਮੰਨਜ਼ੂਰੀ ਦਿੱਤੀ ਜਾਵੇ ਅਤੇ ਹਰ ਕਿਸਾਨ ਨੂੰ ਇੱਕ ਏਕੜ ਦਾ ਪਟਾ ਦਿੱਤਾ ਜਾਵੇ ਜਿਸ ਨਾਲ ਪੰਜਾਬ ਦੀ ਜਵਾਨੀ ਤੇ ਕਿਸਾਨੀ ਬਚਾਈ ਜਾ ਸਕਦੀ ਹੈ। ਜਨਰਲ ਸਕੱਤਰ ਰਾਮਕਰਨ ਸਿੰਘ ਰਾਮਾ ਤੇ ਮੀਤ ਪ੍ਰਧਾਨ ਪੂਰਨ ਸਿੰਘ ਨੇ ਦੱਸਿਆ ਕਿ ਗੰਨੇ ਦੀ ਬਕਾਇਆ ਰਾਸ਼ੀ ਜਲਦੀ ਜਾਰੀ ਕੀਤੀ ਜਾਵੇ ਅਤੇ ਗੰਨੇ ਦਾ ਰੇਟ 350 ਰੁਪਏ ਕੁਇੰਟਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਆਲੂਆਂ ਨੂੰ ਬਾਹਰ ਭੇਜਣ ਦਾ ਪ੍ਰਬੰਧ ਕੀਤਾ ਜਾਵੇ ਜਿਸ ਲਈ ਘੱਟੋ-ਘੱਟ ਕੀਮਤ 10 ਰੁਪਏ ਕਿਲੋ ਤਹਿ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਬੈਕਾਂ ਕੋਲ ਪਏ ਕਿਸਾਨਾ ਦੇ ਚੈੱਕ ਅਤੇ ਪਰਨੋਟ ਵਾਪਿਸ ਕਰਵਾਏ। ਅਵਤਾਰ ਸਿੰਘ ਮੇਹਲੋ ਨੇ ਕਿਹਾ ਕਿ ਜਾਅਲੀ ਕੀਟਨਾਸ਼ਕ ਦਵਾਈਆ ਅਤੇ ਬੀਜ ਵੇਚਣ ਵਾਲਿਆ 'ਤੇ ਸਰਕਾਰ ਸਿਕੰਜਾ ਕਸੇ। ਇਸ ਤੋਂ ਇਲਾਵਾ ਮੀਟਿੰਗ 'ਚ ਸਿਮਰਜੀਤ ਸਿੰਘ ਘੁੱਦੂਵਾਲ, ਗੁਰਮੀਤ ਸਿੰਘ ਗੋਲੇਵਾਲ ਮੁੱਖ ਬੁਲਾਰਾ ਪੰਜਾਬ, ਸੁਖਪਾਲ ਸਿੰਘ ਬੁੱਟਰ, ਸੂਰਤ ਸਿੰਘ ਕਾਦਰਵਾਲ, ਮਹਿੰਦਰ ਸਿੰਘ ਵੜੈਚ, ਹਰਚਰਨ ਸਿੰਘ ਮੁਕਤਸਰ (ਸਾਰੇ ਮੀਤ ਪ੍ਰਧਾਨ), ਹਰਮਿੰਦਰ ਸਿੰਘ ਖਹਿਰਾ, ਦਲਜੀਤ ਸਿੰਘ ਸੈਕਟਰੀ, ਨਿਰਮਲ ਸਿੰਘ ਮਾਨਸਾ, ਹਰਮੇਲ ਸਿੰਘ ਭੁਟਹੇੜੀ, ਰਘਬੀਰ ਸਿੰਘ ਕੂੰਮਕਲਾਂ ਆਦਿ ਵੀ ਮੌਜ਼ੂਦ ਸਨ।


author

Babita

Content Editor

Related News