ਪੰਜਾਬ ਦੇ 12 ਸਾਲਾ ਪੁੱਤਰ ਅਜਾਨ ਨੂੰ ਮਿਲੇਗਾ "ਵੀਰ ਬਾਲ ਪੁਰਸਕਾਰ", ਅਮਰਨਾਥ 'ਚ ਬਚਾਈਆਂ ਸੀ 100 ਜਾਨਾਂ
Thursday, Jan 26, 2023 - 01:16 PM (IST)
ਅੰਮ੍ਰਿਤਸਰ: ਅੱਜ ਦੇਸ਼ ਦੇ 74ਵੇਂ ਗਣਤੰਤਰ ਦਿਵਸ ਮੌਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 56 ਬੱਚਿਆਂ ਨੂੰ ਵੀਰ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਸਨਮਾਨ ਨੂੰ ਹਾਸਲ ਕਰਨ ਵਾਲਿਆਂ ਵਿਚ ਅੰਮ੍ਰਿਤਸਰ ਦੇ ਇਕ 12 ਸਾਲਾ ਪੁੱਤਰ ਦਾ ਨਾਂ ਵੀ ਸ਼ਾਮਲ ਹੈ। ਪਿਛਲੇ ਸਾਲ ਅਮਰਨਾਥ ਯਾਤਰਾ ਵਿਚ 100 ਤੋਂ ਵੱਧ ਸ਼ਰਧਾਲੂਆਂ ਦੀ ਜਾਨਾਂ ਬਚਾਉਣ ਵਾਲੇ ਅਜਾਨ ਕਪੂਰ ਨੂੰ ਅੱਜ ਵੀਰ ਬਾਲ ਪੁਰਸਕਾਰ ਨਾਲ ਨਿਵਾਜ਼ਿਆ ਜਾਵੇਗਾ।
ਇਹ ਖ਼ਬਰ ਵੀ ਪੜ੍ਹੋ - ਨਸ਼ੇ ਨੇ ਉਜਾੜੀ ਬਜ਼ੁਰਗ ਮਾਂ ਦੀ ਕੁੱਖ, ਇਕ-ਇਕ ਕਰ ਕੇ ਤਿੰਨ ਪੁੱਤਰਾਂ ਦੀ ਓਵਰਡੋਜ਼ ਕਾਰਨ ਹੋਈ ਮੌਤ
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅਜਾਨ ਦੇ ਪਿਤਾ ਸੁਨੀਲ ਕਪੂਰ ਨਾ ਕਿਹਾ ਕਿ ਉਨ੍ਹਾਂ ਲਈ ਬੜੇ ਮਾਣ ਦੀ ਗੱਲ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਇਹ ਸਨਮਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਜਾਨ ਕਪੂਰ ਨੇ ਆਪਣੀ ਚੌਕਸੀ ਨਾਲ ਅਮਰਨਾਥ ਯਾਤਰਾ ਦੌਰਾਨ 100 ਤੋਂ ਵੱਧ ਸ਼ਰਧਾਲੂਆਂ ਦੀ ਜਾਨ ਬਚਾਈ ਸੀ। ਦਰਅਸਲ, 31 ਜੁਲਾਈ 2022 ਨੂੰ ਸ਼ਰਧਾਲੂ ਅਮਰਨਾਥ ਗੁਫ਼ਾ ਤੋਂ ਪਰਤਦੇ ਸਮੇਂ ਲੰਗਰ ਖਾ ਰਹੇ ਸਨ। ਬਾਲਟਾਲ ਇਲਾਕੇ ਵਿਚ ਪਿਛਲੇ 4 ਦਿਨਾਂ ਤੋਂ ਬਾਰਿਸ਼ ਹੋ ਰਹੀ ਸੀ। ਰਾਤ ਦੇ ਸਮੇਂ ਅਜਾਨ ਲੰਗਰ ਦੀ ਸੇਵਾ ਕਰ ਰਿਹਾ ਸੀ। ਇਸ ਦੌਰਾਨ ਜਦ ਉਹ ਪਿਸ਼ਾਬ ਕਰਨ ਕੈਂਪ ਦੇ ਪਿਛਲੇ ਪਾਸੇ ਗਿਆ ਤਾਂ ਉਸ ਨੇ ਨਾਲੇ ਵਿਚ ਪਾਣੀ ਦਾ ਤੇਜ਼ ਵਹਾਅ ਵੇਖਿਆ ਅਤੇ ਪਹਾੜਾਂ ਤੋਂ ਪੱਥਰ ਲੁੜਕਣ ਦੀ ਆਵਾਜ਼ ਸੁਣੀ। ਇਹ ਵੇਖਦਿਆਂ ਹੀ ਉਹ ਸਿੱਧਾ ਕੈਂਪ ਵੱਲ ਆਇਆ ਅਤੇ ਲੋਕਾਂ ਨੂੰ ਇਸ ਬਾਰੇ ਜਾਣੂੰ ਕਰਵਾਇਆ ਜਿਸ ਕਾਰਨ ਲੋਕ ਸਮਾਂ ਰਹਿੰਦਿਆਂ ਸੁਰੱਖਿਅਤ ਥਾਂ 'ਤੇ ਪਹੁੰਚ ਗਏ। ਜੇਕਰ ਲੋਕਾਂ ਨੂੰ 5 ਮਿਨਟ ਹੋਰ ਘਟਨਾ ਦੀ ਸੂਚਨਾ ਨਾ ਮਿਲਦੀ ਤਾਂ 100 ਤੋਂ ਵੱਧ ਸ਼ਰਧਾਲੂਆਂ ਦੀ ਜਾਨ ਜਾ ਸਕਦੀ ਸੀ।
ਇਹ ਖ਼ਬਰ ਵੀ ਪੜ੍ਹੋ - ਨਹਿਰ 'ਚੋਂ ਨਿਕਲੀ ਨੌਜਵਾਨ ਦੀ ਮੋਟਰਸਾਈਕਲ ਨਾਲ ਬੰਨ੍ਹੀ ਹੋਈ ਲਾਸ਼, ਕੈਨੇਡਾ ਰਹਿੰਦੀ ਪਤਨੀ ਸਣੇ 4 ਖ਼ਿਲਾਫ਼ ਕੇਸ ਦਰਜ
ਕੁੱਝ ਦੇਰ ਬਾਅਦ ਸੁਰੱਖਿਆ ਬਲਾਂ ਦੇ ਜਵਾਨਾਂ ਨੇ ਸਾਰੇ ਸ਼ਰਧਾਲੂਆਂ ਨੂੰ ਦੇਰ ਰਾਤ ਤਕ ਬਿਲਕੁੱਲ ਸੁਰੱਖਿਅਤ ਥਾਵਾਂ 'ਤੇ ਪਹੁੰਚਾ ਦਿੱਤਾ। ਅਜਾਨ ਦੀ ਬਹਾਦੁਰੀ ਦਾ ਪਤਾ ਲਗਦਿਆਂ ਹੀ ਸਾਬਕਾ ਡਿਪਟੀ ਸਪੀਕਰ ਦਰਬਾਰੀ ਲਾਲ ਨੇ ਇਸ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਵੀ ਅਜਾਨ ਦੀ ਬਹਾਦੁਰੀ ਬਾਰੇ ਦੱਸਿਆ। ਇਨ੍ਹਾਂ ਕੋਸ਼ਿਸ਼ਾਂ ਸਦਕਾ ਹੀ ਇਸ ਸਾਲ ਐਲਾਨੇ ਗਏ ਵੀਰ ਬਾਲ ਪੁਰਸਕਾਰ ਜੇਤੂਆਂ ਦੀ ਸੂਚੀ ਵਿਚ ਅਜਾਨ ਕਪੂਰ ਦਾ ਨਾਂ ਵੀ ਸ਼ਾਮਲ ਹੈ।
ਸ਼ਹੀਦ ਪਰਿਵਾਰ ਨਾਲ ਸਬੰਧਤ ਹੈ ਅਜਾਨ
ਜਾਣਕਾਰੀ ਮੁਤਾਬਕ ਅਜਾਨ ਕਪੂਰ 13 ਅਪ੍ਰੈਲ 1919 ਨੂੰ ਵਾਪਰੇ ਸਾਕਾ ਜਲ੍ਹਿਆਂਵਾਲਾ ਬਾਗ ਦੌਰਾਨ ਸ਼ਹੀਦ ਹੋਏ ਲਾਲਾ ਵਾਸੂ ਮਲ ਦਾ ਪੜਪੋਤਰਾ ਹੈ। ਉਹ ਆਪਣੇ ਪਰਿਵਾਰ ਵਿਚ ਕੌਮੀ ਪੁਰਸਕਾਰ ਹਾਸਲ ਕਰਨ ਵਾਲਾ ਦੂਸਰਾ ਜੀਅ ਹੈ। ਉਸ ਦੇ ਪਿਤਾ ਸੁਨੀਲ ਕਪੂਰ ਨੇ ਦੱਸਿਆ ਕਿ ਉਕਤ ਘਟਨਾ ਕਾਰਨ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੇ ਅਜਾਨ ਨੂੰ ਪੰਜਾਬ ਭਵਨ ਬੁਲਾਇਆ ਹੈ। ਪੁਰਸਕਾਰ ਮਿਲਣ ਦੇ ਐਲਾਨ ਤੋਂ ਬਾਅਦ ਹੀ ਪਰਿਵਾਰ ਦੇ ਨਾਲ-ਨਾਲ ਇਲਾਕੇ ਦੇ ਲੋਕ ਵੀ ਖੁਸ਼ੀਆਂ ਮਨਾ ਰਹੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।