ਏਅਰਪੋਰਟ ਰੋਡ ''ਤੇ ਜਾਮ ਲਾਉਣ ਵਾਲੇ ਕਾਂਗਰਸੀ ਤੇ ਅਕਾਲੀ ਆਗੂਆਂ ਸਮੇਤ 60 ਖਿਲਾਫ ਕੇਸ ਦਰਜ

Thursday, Apr 12, 2018 - 10:57 AM (IST)

ਏਅਰਪੋਰਟ ਰੋਡ ''ਤੇ ਜਾਮ ਲਾਉਣ ਵਾਲੇ ਕਾਂਗਰਸੀ ਤੇ ਅਕਾਲੀ ਆਗੂਆਂ ਸਮੇਤ 60 ਖਿਲਾਫ ਕੇਸ ਦਰਜ

ਮੋਹਾਲੀ (ਕੁਲਦੀਪ) - ਪੁਲਸ ਨੇ ਬੀਤੇ ਦਿਨ ਏਅਰਪੋਰਟ ਰੋਡ 'ਤੇ ਟ੍ਰੈਫਿਕ ਜਾਮ ਲਾਉਣ ਵਾਲੇ ਕਾਂਗਰਸੀ ਆਗੂ ਜੱਸੀ ਬੱਲੋਮਾਜਰਾ ਸਮੇਤ ਹੋਰ ਕਈ ਕਾਂਗਰਸੀ ਤੇ ਅਕਾਲੀ ਦਲ ਨਾਲ ਸਬੰਧਤ ਪੰਜ ਦਰਜਨ ਲੋਕਾਂ 'ਤੇ ਕੇਸ ਦਰਜ ਕੀਤਾ ਹੈ । ਪੁਲਸ ਸਟੇਸ਼ਨ ਬਲੌਂਗੀ ਵਿਚ ਉਕਤ ਦੋਵੇਂ ਪਾਰਟੀਆਂ ਦੇ 60 ਲੋਕਾਂ ਖਿਲਾਫ ਨੈਸ਼ਨਲ ਹਾਈਵੇ ਐਕਟ ਦੀ ਧਾਰਾ 283 ਤਹਿਤ ਕੇਸ ਦਰਜ ਕੀਤਾ ਗਿਆ ਹੈ । ਮੁਲਜ਼ਮਾਂ 'ਚ ਜਗਦੀਪ ਸਿੰਘ ਉਰਫ ਜੱਸੀ ਬੱਲੋਮਾਜਰਾ, ਲਾਭ ਸਿੰਘ ਨੰਬਰਦਾਰ, ਗੁਰਦਾਸ ਸਿੰਘ ਸਰਪੰਚ, ਹਰਨਿੰਦਰ ਸਿੰਘ, ਮਨਜੀਤ ਸਿੰਘ ਨਿਵਾਸੀ ਪਿੰਡ ਬੱਲੋਮਾਜਰਾ, ਅਕਾਲੀ ਦਲ ਮਹਿਲਾ ਦੀ ਜ਼ਿਲਾ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ ਦੇ ਨਾਂ ਵੀ ਸ਼ਾਮਲ ਹਨ । 
ਜਾਣਕਾਰੀ ਮੁਤਾਬਕ ਯੂਥ ਜੱਟ ਮਹਾਸਭਾ ਦੇ ਪ੍ਰਧਾਨ ਜੱਸੀ ਬੱਲੋਮਾਜਰਾ ਨੂੰ ਸ਼ਰਾਬ ਦੇ ਠੇਕੇਦਾਰਾਂ ਦੀ ਸ਼ਹਿ 'ਤੇ ਝੂਠੇ ਪੁਲਸ ਕੇਸ ਵਿਚ ਫਸਾਉਣ, ਕੁੱਟ-ਮਾਰ ਕਰਨ ਤੇ ਰਿਹਾਇਸ਼ੀ ਖੇਤਰ ਵਿਚ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਦਾ ਵਿਰੋਧ ਕਰਦੇ ਹੋਏ ਮੰਗਲਵਾਰ ਨੂੰ ਏਅਰਪੋਰਟ ਰੋਡ 'ਤੇ ਧਰਨਾ ਦੇ ਕੇ ਟ੍ਰੈਫਿਕ ਜਾਮ ਕੀਤਾ ਗਿਆ ਸੀ । ਧਰਨਾਕਾਰੀ ਐੱਸ. ਐੱਚ. ਓ. ਬਲੌਂਗੀ ਭਗਵੰਤ ਸਿੰਘ ਰਿਆੜ ਨੂੰ ਸਸਪੈਂਡ ਕਰਨ ਦੀ ਮੰਗ ਕਰ ਰਹੇ ਸਨ ।  ਧਰਨਾਕਾਰੀਆਂ ਦਾ ਕਹਿਣਾ ਸੀ ਕਿ ਰਿਹਾਇਸ਼ੀ ਖੇਤਰ ਵਿਚ ਸ਼ਰਾਬ ਦਾ ਠੇਕਾ ਬੰਦ ਕਰਵਾਉਣ ਲਈ ਪੁਲਸ ਨੂੰ ਕਿਹਾ ਗਿਆ ਸੀ ਪਰ ਪੁਲਸ ਨੇ ਠੇਕਾ ਬੰਦ ਕਰਵਾਉਣ ਦੀ ਬਜਾਏ ਜੱਸੀ ਬੱਲੋਮਾਜਰਾ ਖਿਲਾਫ ਹੀ ਕੁੱਟ-ਮਾਰ ਦਾ ਕੇਸ ਦਰਜ ਕਰ ਲਿਆ । ਅਜਿਹੀਆਂ ਮੰਗਾਂ ਸਬੰਧੀ ਉਕਤ ਆਗੂਆਂ ਨੇ ਏਅਰਪੋਰਟ ਰੋਡ 'ਤੇ ਜਾਮ ਲਾ ਕੇ ਧਰਨਾ ਦਿੱਤਾ ਸੀ, ਜਿਸ ਸਬੰਧੀ ਪੁਲਸ ਨੇ ਕੇਸ ਦਰਜ ਕਰ ਲਿਆ ਹੈ।


Related News