CM ਮਾਨ ''ਤੇ ਅਕਾਲੀ ਦਲ ਦਾ ਪਲਟਵਾਰ- ''ਸੰਤਾਂ-ਮਹਾਪੁਰਸ਼ਾਂ ਖ਼ਿਲਾਫ਼...''

Tuesday, Feb 03, 2026 - 12:53 PM (IST)

CM ਮਾਨ ''ਤੇ ਅਕਾਲੀ ਦਲ ਦਾ ਪਲਟਵਾਰ- ''ਸੰਤਾਂ-ਮਹਾਪੁਰਸ਼ਾਂ ਖ਼ਿਲਾਫ਼...''

ਚੰਡੀਗੜ੍ਹ (ਵੈੱਬ ਡੈਸਕ): ਸ਼੍ਰੋਮਣੀ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਟਵੀਟ 'ਤੇ ਪਲਟਵਾਰ ਕੀਤਾ ਹੈ। ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਕਿਹਾ ਕਿ ਹੈ ਕਿ ਮੁੱਖ ਮੰਤਰੀ ਨੇ ਅੱਜ ਨਾ ਸਿਰਫ਼ ਦੇਸ਼ ਦੇ ਸੁਪਰੀਮ ਕੋਰਟ 'ਤੇ ਸਵਾਲ ਖੜ੍ਹੇ ਕਰ ਕੇ ਅਦਾਲਤ ਦੀ ਤੌਹੀਨ ਕੀਤੀ ਹੈ, ਸਗੋਂ ਸੰਤਾਂ-ਪੁਰਸ਼ਾਂ ਦੇ ਖ਼ਿਲਾਫ਼ ਵੀ ਟਿੱਪਣੀ ਕੀਤੀ ਹੈ।

ਅਰਸ਼ਦੀਪ ਕਲੇਰ ਨੇ ਵੀਡੀਓ ਜਾਰੀ ਕਰ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਦੇਸ਼ ਦੇ ਸੁਪਰੀਮ ਕੋਰਟ 'ਤੇ ਸਵਾਲ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਵੱਲੋਂ 'ਅਦਾਲਤਾਂ ਦਾ ਤਾਂ ਰੱਬ ਹੀ ਰਾਖਾ ਹੈ' ਲਿਖਣਾ ਸਿੱਧਾ-ਸਿੱਧਾ 'ਕੰਟੈਂਪਟ ਆਫ਼ ਕੋਰਟ' ਹੈ। ਕਲੇਰ ਨੇ ਕਿਹਾ ਕਿ ਇਹੀ ਸੁਪਰੀਮ ਕੋਰਟ ਜਦੋਂ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਜਾਂ ਸਤਿੰਦਰ ਜੈਨ ਨੂੰ ਜ਼ਮਾਨਤ ਦਿੰਦੀ ਹੈ ਤਾਂ ਇਹ ਕਹਿੰਦੇ ਹਨ ਕਿ 'ਸੱਚਾਈ ਦੀ ਜਿੱਤ ਹੋਈ ਹੈ', 'ਸੰਵਿਧਾਨ ਬੱਚ ਗਿਆ' ਤੇ ਜਦੋਂ ਉਹੀ ਸੁਪਰੀਮ ਕੋਰਟ ਪੰਜਾਬ ਸਰਕਾਰ ਵੱਲੋਂ ਸਿਆਸੀ ਰੰਜਿਸ਼ ਤਹਿਤ ਵਿਰੋਧੀਆਂ 'ਤੇ ਦਰਜ ਕੀਤੇ ਝੂਠੇ ਮੁਕੱਦਮਿਆਂ 'ਤੇ ਟਿੱਪਣੀ ਕਰ ਦੇਵੇ ਤਾਂ ਕਹਿੰਦੇ ਹਨ ਕਿ 'ਅਦਾਲਤਾਂ ਦਾ ਰੱਬ ਹੀ ਰਾਖਾ ਹੈ'। 

ਅਰਸ਼ਦੀਪ ਕਲੇਰ ਨੇ ਕਿਹਾ ਕਿ ਇਸ ਤੋਂ ਪਹਿਲਾਂ ਨਸ਼ੇ ਦੇ ਝੂਠੇ ਮਾਮਲਿਆਂ ਵਿਚ ਵੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬਿਕਰਮ ਮਜੀਠੀਆ ਖ਼ਿਲਾਫ਼ ਨਸ਼ੇ ਦਾ ਕੋਈ ਸਬੂਤ ਨਹੀਂ ਹੈ। ਹੁਣ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਵੀ ਵਕੀਲ ਮਜੀਠੀਆ ਦੇ ਖ਼ਿਲਾਫ਼ ਕੋਈ ਦਲੀਲ ਪੇਸ਼ ਨਹੀਂ ਕਰ ਸਕੇ। ਉਨ੍ਹਾਂ ਕਿਹਾ  ਕਿ ਸੰਤਾਂ ਮਹਾਪੁਰਸ਼ਾਂ ਖ਼ਿਲਾਫ਼ ਟਿੱਪਣੀ ਕਰਨ ਦਾ ਕੋਈ ਫਾਇਦਾ ਨਹੀਂ ਹੈ, ਮੁੱਖ ਮੰਤਰੀ ਪਹਿਲਾਂ ਵਾਂਗ ਇਨ੍ਹਾਂ ਟਿੱਪਣੀਆਂ 'ਤੇ ਵੀ ਯੂ-ਟਰਨ ਲੈ ਲੈਣਗੇ। ਉਨ੍ਹਾਂ ਕਿਹਾ ਕਿ ਜਦੋਂ-ਜਦੋਂ ਵੀ ਵਧੀਕੀਆਂ ਵਧੀਆਂ ਹਨ ਤਾਂ ਸੰਤ ਮਹਾਪੁਰਸ਼ ਬੋਲੇ ਹੀ ਹਨ।

ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਮੁੱਖ ਮੰਤਰੀ ਦਾ ਟਵੀਟ ਉਨ੍ਹਾਂ ਦੀ ਨਿਰਾਸ਼ਾ ਦਰਸਾ ਰਿਹਾ ਹੈ। ਇਹ ਉਸ ਕੁਰਸੀ ਦੀ ਭਰੋਸੇਯੋਗਤਾ 'ਤੇ ਸਵਾਲ ਖੜ੍ਹੇ ਕਰਦਾ ਹੈ। ਉਨ੍ਹਾਂ ਮੁਖ ਮੰਤਰੀ ਨੂੰ ਨਸੀਹਤ ਦਿੱਤੀ ਕਿ ਉਹ ਸੰਵਿਧਾਨ ਦੀ ਕਦਰ ਕਰਨ। ਉਨ੍ਹਾਂ ਕਿਹਾ, "ਦੇਸ਼ ਦੇ ਸੁਪਰੀਮ ਕੋਰਟ ਤੋਂ ਵੱਡੀ ਕੋਈ ਅਦਾਲਤ ਨਹੀਂ ਹੈ, ਉਸ ਦੇ ਫ਼ੈਸਲਿਆਂ ਨੂੰ ਮੰਨਣਾ ਸਿੱਖੋ। ਜੇ ਪੰਜਾਬ ਸਰਕਾਰ ਨੇ ਕੋਈ ਗਲਤੀ ਕੀਤੀ ਹੈ ਤੇ ਸੁਪਰੀਮ ਕੋਰਟ ਨੇ ਕੋਈ ਟਿੱਪਣੀ ਕੀਤੀ ਹੈ ਤਾਂ ਫ਼ੈਸਲਿਆਂ ਨੂੰ ਸਿਰ ਮੱਥੇ ਲਓ ਤੇ ਆਪਣੀਆਂ ਗਲਤੀਆਂ ਸੁਧਾਰਨ ਦੀ ਕੋਸ਼ਿਸ਼ ਕਰੋ, ਨਾ ਕਿ ਸਾਡੀਆਂ ਵੱਡੀਆਂ ਸੰਸਥਾਵਾਂ 'ਤੇ ਸਵਾਲ ਖੜ੍ਹੇ ਕਰੋ।"


author

Anmol Tagra

Content Editor

Related News