ਏਅਰ ਫੋਰਸ ਸਟੇਸ਼ਨ ਨੇੜੇ ਮੀਟ ਦੀਆਂ ਦੁਕਾਨਾਂ ਚਲਾਉਣ ''ਤੇ ਪਾਬੰਦੀ
Saturday, Dec 15, 2018 - 02:54 PM (IST)
ਮੋਹਾਲੀ (ਨਿਆਮੀਆਂ) : ਜ਼ਿਲਾ ਮੈਜਿਸਟਰੇਟ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿਰਸ ਸਟੇਸ਼ਨ ਅਥਾਰਟੀ ਚੰਡੀਗੜ੍ਹ ਨੇ ਜ਼ਿਲਾ ਮੈਜਿਸਟਰੇਟ ਦਫ਼ਤਰ ਦੇ ਧਿਆਨ 'ਚ ਲਿਆਂਦਾ ਹੈ ਕਿ ਏਅਰ ਫੋਰਸ ਸਟੇਸ਼ਨ ਦੇ ਆਲੇ-ਦੁਆਲੇ ਆਮ ਜਨਤਾ ਵਲੋਂ ਮੀਟ ਦੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ। ਇਨ੍ਹਾਂ ਦੁਕਾਨਾਂ ਕਰ ਕੇ ਏਅਰ ਫੋਰਸ ਦੇ ਏਰੀਏ ਵਿਚ ਮਾਸਾਹਾਰੀ ਪੰਛੀ ਉਡਦੇ ਰਹਿੰਦੇ ਹਨ, ਜਿਸ ਕਾਰਨ ਕਿਸੇ ਵੀ ਸਮੇਂ ਪੰਛੀਆਂ ਦੇ ਹਵਾਈ ਜਹਾਜ਼ ਨਾਲ ਟਕਰਾਉਣ ਕਰਕੇ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ।
ਇਸ ਲਈ ਗੁਰਪ੍ਰੀਤ ਕੌਰ ਸਪਰਾ ਜ਼ਿਲਾ ਮੈਜਿਸਟਰੇਟ ਮੋਹਾਲੀ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦੇ ਐਕਟ ਨੰਬਰ 2) ਦੀ ਧਾਰਾ 144 ਦੇ ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਏਅਰ ਫੋਰਸ ਸਟੇਸ਼ਨ ਤੋਂ ਇਕ ਹਜ਼ਾਰ ਮੀਟਰ ਏਰੀਏ (ਜੋ ਕਿ ਇਸ ਜ਼ਿਲੇ ਦੀ ਹਦੂਦ ਅੰਦਰ ਆਉਂਦਾ ਹੈ) ਦੇ ਆਲੇ-ਦੁਆਲੇ ਮੀਟ ਦੀਆਂ ਦੁਕਾਨਾਂ ਚਲਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ।
ਇਸ ਤਰ੍ਹਾਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਪਰਾ ਵਲੋਂ ਜ਼ਿਲੇ ਵਿਚ ਸਥਿਤ ਮੈਰਿਜ ਪੈਲੇਸਾਂ 'ਚ ਵਿਆਹ ਜਾਂ ਹੋਰ ਸਮਾਗਮਾਂ ਵਿਚ ਅਸਲਾ ਲੈ ਕੇ ਆਉਣ 'ਤੇ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ। ਗੁਰਪ੍ਰੀਤ ਕੌਰ ਸਪਰਾ ਆਈ. ਏ. ਐੱਸ. ਜ਼ਿਲਾ ਮੈਜਿਸਟਰੇਟ ਮੋਹਾਲੀ ਨੇ ਜ਼ਿਲਾ ਮੋਹਾਲੀ ਵਿਚ ਮੈਰਿਜ ਪੈਲੇਸਾਂ, ਹੋਟਲਾਂ, ਬੈਂਕੁਇਟ ਹਾਲਾਂ ਆਦਿ ਦੇ ਮਾਲਕਾਂ/ਪ੍ਰਬੰਧਕਾਂ ਨੂੰ ਹੁਕਮ ਦਿੱਤੇ ਹਨ ਕਿ ਇਨ੍ਹਾਂ ਸਥਾਨਾਂ 'ਤੇ ਕੀਤੇ ਜਾਣ ਵਾਲੇ ਸਮਾਗਮਾਂ ਸਮੇਂ ਗੱਡੀਆਂ ਨੂੰ ਉੱਚਿਤ ਜਗ੍ਹਾ 'ਤੇ ਪਾਰਕ ਕਰਨ ਦਾ ਪ੍ਰਬੰਧ ਕੀਤਾ ਜਾਵੇ ਅਤੇ ਇਨ੍ਹਾਂ ਸਮਾਗਮਾਂ ਵਿਚ ਆਉਣ ਵਾਲਾ ਕੋਈ ਵੀ ਵਿਅਕਤੀ ਆਪਣੀ ਗੱਡੀ ਨੂੰ ਫੁੱਟਪਾਥ 'ਤੇ ਖੜ੍ਹੀ ਨਾ ਕਰੇ ਜੇਕਰ ਮਾਲਕ/ਪ੍ਰਬੰਧਕ ਇਸ ਹੁਕਮ ਦੀ ਉਲੰਘਣਾ ਕਰੇਗਾ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਸਪਰਾ ਨੇ ਜ਼ਿਲੇ ਦੇ ਸਾਈਬਰ ਕੈਫੇ ਮਾਲਕਾਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਕਿਸੇ ਵੀ ਅਣਜਾਣ ਵਿਅਕਤੀ ਨੂੰ, ਜਿਸ ਦੀ ਪਹਿਚਾਣ ਕੈਫੇ ਮਾਲਕ ਵਲੋਂ ਨਹੀਂ ਕੀਤੀ ਗਈ, ਸਾਈਬਰ ਕੈਫੇ ਦੀ ਵਰਤੋਂ ਨਾ ਕਰਨ ਦੇਣ ਅਤੇ ਇਹ ਵੀ ਹੁਕਮ ਜਾਰੀ ਕੀਤੇ ਕਿ ਵਰਤੋਂ ਕਰਨ ਵਾਲੇ ਵਿਅਕਤੀ ਦੀ ਪਹਿਚਾਣ ਦੇ ਰਿਕਾਰਡ ਲਈ ਰਜਿਸਟਰ ਲਾਇਆ ਜਾਵੇ ਜੇਕਰ ਸਾਈਬਰ ਕੈਫੇ ਵਿਚ ਆਉਣ ਵਾਲੇ ਕਿਸੇ ਵੀ ਵਿਅਕਤੀ ਦੀ ਗਤੀਵਿਧੀ ਸਾਈਬਰ ਕੈਫੇ ਦੇ ਮਾਲਕ ਨੂੰ ਸ਼ੱਕੀ ਲੱਗਦੀ ਹੈ ਤਾਂ ਉਹ ਸਬੰਧਤ ਪੁਲਸ ਸਟੇਸ਼ਨ ਨੂੰ ਸੂਚਿਤ ਕਰੇਗਾ ਅਤੇ ਕਿਸੇ ਵੀ ਵਿਅਕਤੀ ਵਲੋਂ ਵਰਤੇ ਗਏ ਵਿਸ਼ੇਸ਼ ਕੰਪਿਊਟਰ ਵਾਲੇ ਰਿਕਾਰਡ ਨੂੰ ਸੰਭਾਲ ਕੇ ਰੱਖੇਗਾ।
