AGTF ਤੇ UP ਪੁਲਸ ਦਾ ਸਾਂਝਾ ਆਪਰੇਸ਼ਨ, ਪੰਜਾਬ 'ਚ ਸਨਸਨੀਖੇਜ਼ ਕਤਲ ਮਾਮਲਿਆਂ 'ਚ Wanted ਸ਼ੂਟਰ ਕੀਤੇ ਕਾਬੂ
Wednesday, Oct 30, 2024 - 02:32 AM (IST)
ਚੰਡੀਗੜ੍ਹ (ਅੰਕੁਰ ) : ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ.) ਨੇ ਉੱਤਰ ਪ੍ਰਦੇਸ਼ ਪੁਲਸ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਲਖਨਊ ਤੋਂ ਵਿਦੇਸ਼ੀ ਹੈਂਡਲਰਾਂ ਦੀ ਹਮਾਇਤ ਪ੍ਰਾਪਤ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਸ਼ੂਟਰ ਪੰਜਾਬ ’ਚ ਵੱਖ-ਵੱਖ ਸਨਸਨੀਖੇਜ਼ ਕਤਲ ਕੇਸਾਂ ’ਚ ਲੋੜੀਂਦੇ ਸਨ। ਇਹ ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਿਕਰਮਜੀਤ ਉਰਫ਼ ਵਿੱਕੀ ਵਾਸੀ ਪਿੰਡ ਸੁਰ ਸਿੰਘ, ਤਰਨਤਾਰਨ ਤੇ ਪੰਜਾਬ ਸਿੰਘ ਵਾਸੀ ਪਿੰਡ ਸਾਂਧਰਾ, ਤਰਨਤਾਰਨ ਵਜੋਂ ਹੋਈ ਹੈ। ਇਹ ਦੋਵੇਂ ਲਖਨਊ ’ਚ ਆਪਣੇ ਵਿਦੇਸ਼ੀ ਹੈਂਡਲਰਾਂ ਵੱਲੋਂ ਦਿੱਤੇ ਗਏ ਕਿਰਾਏ ਦੇ ਮਕਾਨ ’ਚ ਰਹਿ ਰਹੇ ਸਨ।
ਗ੍ਰਿਫ਼ਤਾਰ ਮੁਲਜ਼ਮ ਵਿੱਕੀ 1 ਮਾਰਚ, 2024 ਨੂੰ ਤਰਨਤਾਰਨ ਵਿਖੇ ਗੋਪੀ ਚੋਹਲਾ ਦੇ ਗੋਲੀ ਮਾਰ ਕੇ ਕੀਤੇ ਕਤਲ ’ਚ ਸ਼ਾਮਲ ਸੀ ਜਦਕਿ ਪੰਜਾਬ ਸਿੰਘ ਸਤੰਬਰ 2024 ’ਚ ਫ਼ਿਰੋਜ਼ਪੁਰ ਵਿਖੇ ਦਿਲਦੀਪ ਸਿੰਘ ਤੇ ਉਸ ਦੇ ਦੋ ਰਿਸ਼ਤੇਦਾਰਾਂ ਦੇ ਹੋਏ ਦਿਨ-ਦਿਹਾੜੇ ਤੀਹਰੇ ਕਤਲ ਕੇਸ ’ਚ ਮੁੱਖ ਮੁਲਜ਼ਮ ਹੈ।
ਜਾਣਕਾਰੀ ਮੁਤਾਬਕ 3 ਸਤੰਬਰ ਨੂੰ ਦੁਪਹਿਰ 12:50 ਵਜੇ ਦੇ ਕਰੀਬ ਜਦੋਂ ਦਿਲਦੀਪ ਸਿੰਘ, ਅਨਮੋਲਪ੍ਰੀਤ ਸਿੰਘ, ਜਸਪ੍ਰੀਤ ਕੌਰ, ਅਕਾਸ਼ਦੀਪ ਅਤੇ ਹਰਪ੍ਰੀਤ ਉਰਫ਼ ਜੌਂਟੀ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ, ਕੰਬੋਜ ਨਗਰ, ਫ਼ਿਰੋਜ਼ਪੁਰ ਸ਼ਹਿਰ ਨੇੜੇ ਕਾਰ ’ਚ ਜਾ ਰਹੇ ਸਨ, ਉਦੋਂ 6 ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਘਟਨਾ ’ਚ ਦਿਲਦੀਪ ਸਿੰਘ ਉਰਫ਼ ਲਾਲੀ, ਅਕਾਸ਼ਦੀਪ ਸਿੰਘ ਅਤੇ ਉਨ੍ਹਾਂ ਦੀ ਭੈਣ ਜਸਪ੍ਰੀਤ ਕੌਰ ਦੀ ਮੌਤ ਹੋ ਗਈ ਤੇ ਦੋ ਹੋਰ ਅਨਮੋਲਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਜ਼ਖ਼ਮੀ ਹੋ ਗਏ। ਇਸ ਤੀਹਰੇ ਕਤਲ ਕਾਂਡ ’ਚ ਸ਼ਾਮਲ 6 ਮੁਲਜ਼ਮਾਂ ਨੂੰ ਇਸ ਕਾਂਡ ਦੇ ਸੱਤ ਦਿਨਾਂ ਦੇ ਅੰਦਰ ਹੀ ਪੰਜਾਬ ਪੁਲਸ ਨੇ ਮਹਾਰਾਸ਼ਟਰ ਦੇ ਔਰੰਗਾਬਾਦ ਸਥਿਤ ਹਿਰਦੇ ਸਮਰਾਟ ਬਾਲਾ ਸਾਹਿਬ ਠਾਕਰੇ ਐਕਸਪ੍ਰੈੱਸ ਹਾਈਵੇ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਜਦਕਿ ਪੰਜਾਬ ਸਿੰਘ ਫ਼ਰਾਰ ਸੀ।
In a major breakthrough against organised crime, Punjab Police, in a joint operation with Uttar Pradesh Police, have successfully apprehended two shooters from #Lucknow, both wanted in separate incidents of sensational murders in #Punjab
— DGP Punjab Police (@DGPPunjabPolice) October 29, 2024
The arrested accused are: Bikramjit @… pic.twitter.com/JhsUaZXnzl
ਇਹ ਵੀ ਪੜ੍ਹੋ- ਟਰੈਕਟਰ 'ਤੇ ਲੱਗੇ ਗਾਣੇ ਪਿੱਛੇ ਹੋ ਗਈ ਖ਼ੂ.ਨੀ ਝੜ.ਪ, ਗੱਡੀ ਥੱਲੇ ਦੇ ਕੇ ਮਾ.ਰ'ਤਾ ਮਾਪਿਆਂ ਦਾ ਇਕਲੌਤਾ ਪੁੱਤ
ਫੜੇ ਗਏ ਦੋਵੇਂ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ ਤੇ ਮੁਲਜ਼ਮ ਵਿੱਕੀ ਕਤਲ, ਡਕੈਤੀ ਅਤੇ ਐੱਨ.ਡੀ.ਪੀ.ਐੱਸ. ਐਕਟ ਸਮੇਤ 12 ਅਪਰਾਧਕ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ ਜਦਕਿ ਪੰਜਾਬ ਸਿੰਘ ਖ਼ਿਲਾਫ਼ ਕਤਲ, ਐੱਨ.ਡੀ.ਪੀ.ਐੱਸ. ਐਕਟ, ਆਰਮਜ਼ ਐਕਟ ਤੇ ਬਲਾਤਾਕਰ ਨਾਲ ਸਬੰਧਤ ਚਾਰ ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਟੀਮਾਂ ਨੇ ਮੁਲਜ਼ਮਾਂ ਦੀ ਚਿੱਟੇ ਰੰਗ ਦੀ ਹੁੰਡਈ ਅਲਕਾਜ਼ਾਰ ਗੱਡੀ ਵੀ ਜ਼ਬਤ ਕਰ ਲਈ ਹੈ।
ਏ.ਡੀ.ਜੀ.ਪੀ. ਏ.ਜੀ.ਟੀ.ਐੱਫ. ਪ੍ਰਮੋਦ ਬਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਉੱਤਰ ਪ੍ਰਦੇਸ਼ ਦੇ ਲਖਨਊ ਜ਼ਿਲ੍ਹੇ ’ਚ ਸਰਗਰਮ ਦੋ ਸ਼ੂਟਰਾਂ ਦੀਆਂ ਸੰਭਾਵਿਤ ਛੁਪਣਗਾਹਾਂ ਤੇ ਵਾਹਨਾਂ ਦੇ ਵੇਰਵਿਆਂ ਬਾਰੇ ਖੁਫ਼ੀਆ ਜਾਣਕਾਰੀ ਮਿਲੀ ਸੀ। ਪ੍ਰਾਪਤ ਜਾਣਕਾਰੀ ਦੇ ਆਧਾਰ ’ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਏ.ਆਈ.ਜੀ. ਏ.ਜੀ.ਟੀ.ਐੱਫ. ਸੰਦੀਪ ਗੋਇਲ ਦੀ ਨਿਗਰਾਨੀ ਹੇਠ ਏ.ਜੀ.ਟੀ.ਐੱਫ. ਦੀਆਂ ਟੀਮਾਂ ਨੇ ਲਖਨਊ ਪੁਲਸ ਨਾਲ ਜਾਣਕਾਰੀ ਸਾਂਝੀ ਕੀਤੀ ਤੇ ਡੀ.ਐੱਸ.ਪੀ. ਬਿਕਰਮਜੀਤ ਬਰਾੜ ਤੇ ਇੰਸਪੈਕਟਰ ਪੁਸ਼ਵਿੰਦਰ ਸਿੰਘ ਦੀ ਅਗਵਾਈ ਹੇਠ ਏ.ਜੀ.ਟੀ.ਐੱਫ. ਦੀਆਂ ਸਾਂਝੀਆਂ ਟੀਮਾਂ ਨੇ ਲਖਨਊ ਪੁਲਸ ਨਾਲ ਮਿਲ ਕੇ ਦੋਵੇਂ ਸ਼ੂਟਰਾਂ ਨੂੰ ਲਖਨਊ ਦੇ ਇੰਦਰਾ ਨਗਰ ਤੋਂ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ- ਕਾਰ 'ਚ ਜਾ ਰਹੇ ਨੌਜਵਾਨਾਂ ਨਾਲ ਰਸਤੇ 'ਚ ਵਾਪਰ ਗਿਆ ਭਾਣਾ, ਦੋਵਾਂ ਦੀ ਹੋ ਗਈ ਦਰਦਨਾਕ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e