ਖੇਤੀ ਬਿੱਲਾਂ ਖ਼ਿਲਾਫ਼ ਭਗਵੰਤ ਮਾਨ ਨੇ ਸਰਪੰਚਾਂ ਨੂੰ ਲਾਈ ਗੁਹਾਰ, ਪੰਚਾਇਤਾਂ ਇੰਝ ਕਰਨ ਵਿਰੋਧ

9/23/2020 2:24:58 PM

ਸੰਗਰੂਰ: ਖੇਤੀ ਆਰਡੀਨੈਂਸ ਦੇ ਵਿਰੋਧ 'ਚ ਸੰਗਰੂਰ ਜ਼ਿਲ੍ਹੇ 'ਚ ਅੱਜ ਭਗਵੰਤ ਮਾਨ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਉਨ੍ਹਾਂ ਨੇ ਇਸ ਪ੍ਰੈੱਸ ਕਾਨਫਰੰਸ 'ਚ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਸਾਰੇ ਸਰਪੰਚਾਂ ਨੂੰ ਬੁਲਾਇਆ ਹੈ ਤੇ ਜਿਹੜਾ ਖੇਤੀ ਆਰਡੀਨੈਂਸ ਧੱਕੇ ਦੇ ਨਾਲ ਸੰਸਦ 'ਚ ਜੁਬਾਨੀ ਵੋਟਿੰਗ ਰਾਹੀਂ ਪਾਸ ਕੀਤਾ ਗਿਆ, ਉਸ ਦਾ ਵਿਰੋਧ ਕਰਨ ਦੀ ਗੁਹਾਰ ਲਾਈ ਹੈ।  ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਭ ਕੁੱਝ ਤਾਨਾਸ਼ਾਹੀ ਤਰੀਕੇ ਨਾਲ ਕੀਤਾ ਗਿਆ ਹੈ। ਅੱਜ ਪੰਜਾਬ, ਮੱਧ ਪ੍ਰਦੇਸ਼, ਕਰਨਾਟਕਾ ਤੇ ਹੋਰ ਰਾਜਾਂ  'ਚ ਕਿਸਾਨਾਂ ਵਲੋਂ  ਸੜਕਾਂ 'ਤੇ ਇਨ੍ਹਾਂ 3 ਖੇਤੀ ਬਿੱਲਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।  ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਜਿੱਦ 'ਤੇ ਅੜ੍ਹੀ ਹੋਈ ਹੈ ਕਿ ਪੂੰਜੀਪਤੀਆਂ ਨੂੰ ਅਸੀਂ ਖੇਤੀ ਦੇ ਦੇਣੀ ਹੈ ਤੇ ਮਾਲਕ ਹੁੰਦੇ ਹੋਏ ਵੀ ਕਿਸਾਨ ਆਪਣੀ ਖੇਤੀ ਦੇ ਮਾਲਕ ਨਹੀਂ ਰਹਿਣਗੇ । ਉਨ੍ਹਾਂ ਕਿਹਾ ਕਿ 3 ਆਰਡੀਨੈਂਸਾਂ ਵਿੱਚ ਐੱਮ.ਐੱਸ.ਪੀ. ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਦਾ ਧੁਰਾ, ਲੋਕਤੰਤਰ ਦੀ ਜੜ੍ਹ ਹੈ ਪੰਚਾਇਤ। ਪੰਚਾਇਤ ਕੋਲੋਂ ਅਧਿਕਾਰ ਹੈ, ਪਿੰਡ ਦੇ ਲੋਕਾਂ ਕੋਲੋਂ ਅਧਿਕਾਰ ਹਨ ਕਿ ਉਹ ਗ੍ਰਾਮ ਸਭਾ ਬੁਲਾ ਸਕਦੇ ਹਨ। ਸਰਪੰਚ ਚਾਹੇ ਤਾਂ ਇਕ ਹਫਤੇ 'ਚ ਵਿਸ਼ੇਸ਼ ਹਲਾਤਾਂ 'ਚ ਆਪਣੇ ਪਿੰਡ ਦੀ ਸਭਾ ਬੁਲਾ ਸਕਦਾ ਹੈ। 

ਇਹ ਵੀ ਪੜ੍ਹੋ: ਖੇਤੀ ਬਿੱਲਾਂ ਦੇ ਵਿਰੋਧ 'ਚ ਯੂਥ ਕਾਂਗਰਸੀਆਂ ਨੇ ਸੰਨੀ ਦਿਓਲ ਦੀ ਤਸਵੀਰ 'ਤੇ ਮਲੀ ਕਾਲਖ਼

ਇਸ ਸਬੰਧੀ ਸਰਪੰਚਾਂ ਨਾਲ ਗੱਲਬਾਤ ਕੀਤੀ ਗਈ ਤਾਂ ਸਰਪੰਚਾਂ ਦਾ ਕਹਿਣਾ ਹੈ ਕਿ ਇਹ ਜਿਹੜੇ ਤਿੰਨ ਬਿੱਲ ਪਾਸ ਕੀਤੇ ਗਏ ਹਨ ਉਹ ਕਿਸਾਨ ਮਾਰੂ ਨੀਤੀਆਂ ਹਨ ਅਤੇ ਇਸ ਖ਼ਿਲਾਫ਼ ਮਤੇ ਅੱਜ ਤੋਂ ਹੀ ਸੰਗਰੂਰ ਜ਼ਿਲ੍ਹੇ ਤੋਂ ਪੈਣੇ ਸ਼ੁਰੂ ਹੋਏ ਹਨ। ਭਗਵੰਤ ਮਾਨ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਦਾ ਮੈਂ ਐੱਮ.ਪੀ. ਹਾਂ ਅਤੇ ਜਿੰਨੀਆਂ ਵੀ ਸੰਗਰੂਰ ਤੇ ਬਰਨਾਲਾ ਨਾਲ ਸਬੰਧਿਤ ਪੰਚਾਇਤਾਂ ਹਨ ਉਹ ਬੁਲਾਈਆਂ ਗਈਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੈਂ ਹਰੇਕ ਪਿੰਡਾਂ ਦੇ ਸਰਪੰਚਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਗ੍ਰਾਮ ਸਭਾ ਬੁਲਾਓ ਅਤੇ ਗ੍ਰਾਮ ਸਭਾ 'ਚ ਇਨ੍ਹਾਂ 3 ਆਰਡੀਨੈਂਸਾਂ ਦਾ ਵਿਰੋਧ ਕਰਕੇ ਬਹੁਮਤ ਦੇ ਨਾਲ ਮਤਾ ਪਾਸ ਕਰੋ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਾਰਿਆਂ ਮਤਿਆਂ ਦਾ ਪ੍ਰਿੰਟ ਆਉਟ ਕੱਢ ਕੇ ਅਸੀਂ ਪ੍ਰਧਾਨ ਮੰਤਰੀ ਨੂੰ ਭੇਜਾਂਗੇ ਤੇ ਇਨ੍ਹਾਂ 3 ਖੇਤੀਬਾੜੀ ਆਰਡੀਨੈਂਸ ਬਿੱਲਾਂ ਦਾ ਡੱਟ ਕੇ ਵਿਰੋਧ ਕਰਾਂਗੇ।

ਇਹ ਵੀ ਪੜ੍ਹੋ: ਲੰਬੀ: ਛੇੜਛਾੜ ਦੇ ਮਾਮਲੇ 'ਚ ਨੌਜਵਾਨ ਨੂੰ ਮਿਲੀ ਹੈਰਾਨੀਜਨਕ ਸਜ੍ਹਾ, ਹਰ ਪਾਸੇ ਛਿੜੀ ਚਰਚਾ


Shyna

Content Editor Shyna