ਤਿੰਨ ਖੇਤੀ ਕਾਨੂੰਨ ਰੱਦ ਹੋਣ 'ਤੇ ਜਾਣੋ ਪੰਜਾਬ 'ਚ ਕਿਸ ਨੂੰ ਹੋਵੇਗਾ ਕਿੰਨਾ ਫ਼ਾਇਦਾ

Saturday, Nov 20, 2021 - 11:26 AM (IST)

ਤਿੰਨ ਖੇਤੀ ਕਾਨੂੰਨ ਰੱਦ ਹੋਣ 'ਤੇ ਜਾਣੋ ਪੰਜਾਬ 'ਚ ਕਿਸ ਨੂੰ ਹੋਵੇਗਾ ਕਿੰਨਾ ਫ਼ਾਇਦਾ

ਜਲੰਧਰ (ਅਨਿਲ ਪਾਹਵਾ)– ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਮੋਦੀ ਸਰਕਾਰ ਨੇ ਹੁਣ ਰੱਦ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਦਾ ਸਭ ਤੋਂ ਵੱਧ ਅਸਰ ਪੰਜਾਬ ’ਤੇ ਪਵੇਗਾ। ਪੰਜਾਬ ਵਿਚ ਕਿਸ ਸਿਆਸੀ ਪਾਰਟੀ ਨੂੰ ਕਿੰਨਾ ਅਤੇ ਕਿਵੇਂ ਲਾਭ ਹੋਵੇਗਾ, ਇਹ ਸਵਾਲ ਲਗਭਗ ਹਰ ਪੰਜਾਬ ਵਾਸੀ ਦੇ ਮਨ ’ਚ ਹੈ। ਪੰਜਾਬ ’ਚ 2022 ਦੇ ਸ਼ੁਰੂ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਸਭ ਸਿਆਸੀ ਪਾਰਟੀਆਂ ਦਾ ਧਿਆਨ ਇਸ ਪਾਸੇ ਲੱਗਾ ਹੋਇਆ ਹੈ। ਕਿਸਾਨ ਬਿੱਲ ਪੰਜਾਬ ਲਈ ਇਕ ਵੱਡਾ ਸਿਆਸੀ ਮੁੱਦਾ ਸਨ। ਇਨ੍ਹਾਂ ਨੂੰ ਹੁਣ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਹੁਣ ਵੱਡਾ ਸਵਾਲ ਇਹ ਹੋਵੇਗਾ ਕਿ ਆਖਿਰ ਹੁਣ ਕਿਹੜੇ ਮੁੱਦੇ ਨੂੰ ਕੈਸ਼ ਕੀਤਾ ਜਾਵੇ। ਸਭ ਸਿਆਸੀ ਪਾਰਟੀਆਂ ਲਈ ਕਿਸਾਨ ਬਿੱਲਾਂ ਦਾ ਰੱਦ ਹੋਣਾ ਇਕ ਵੱਖਰੀ ਤਰ੍ਹਾਂ ਦਾ ਮੁੱਦਾ ਹੈ। ਹਰ ਸਿਆਸੀ ਪਾਰਟੀ ਇਸ ਨੂੰ ਆਪਣੇ ਹਿਸਾਬ ਨਾਲ ਟੈਕਲ ਕਰਨ ਦੀ ਕੋਸ਼ਿਸ਼ ਕਰੇਗੀ।

PunjabKesari

ਭਾਜਪਾ ’ਤੇ ਅਸਰ
ਕਿਸਾਨ ਬਿੱਲਾਂ ਦੇ ਲਾਗੂ ਹੋਣ ਅਤੇ ਉਨ੍ਹਾਂ ਦੇ ਰੱਦ ਹੋਣ ਦੋਹਾਂ ਦਾ ਹੀ ਸਭ ਤੋਂ ਵੱਡਾ ਅਸਰ ਭਾਜਪਾ ’ਤੇ ਹੀ ਪਿਆ ਹੈ। ਭਾਜਪਾ ਦੇ ਕੁਝ ਆਗੂਆਂ ਦੇ ਕੱਪੜੇ ਪਾੜੇ ਗਏ, ਕੁਝ ਭਾਜਪਾ ਆਗੂਆਂ ਨਾਲ ਕੁੱਟਮਾਰ ਕੀਤੀ ਗਈ, ਕੁਝ ਹੋਰਨਾਂ ਭਾਜਪਾ ਆਗੂਆਂ ਦੀਆਂ ਮੋਟਰ ਗੱਡੀਆਂ ਤੋੜੀਆਂ ਗਈਆਂ। ਇਸ ਤੋਂ ਇਲਾਵਾ ਭਾਜਪਾ ਦੇ ਆਗੂਆਂ ਨੂੰ ਸੂਬੇ ’ਚ ਸੜਕਾਂ ’ਤੇ ਉਤਰਨਾ ਔਖਾ ਹੋ ਗਿਆ। ਉੱਪਰੋਂ ਆ ਰਹੀਆਂ ਵਿਧਾਨ ਸਭਾ ਚੋਣਾਂ ਪਾਰਟੀ ਲਈ ਪਰੇਸ਼ਾਨੀ ਵਾਲੀ ਸਥਿਤੀ ਪੈਦਾ ਕਰ ਰਹੀਆਂ ਸਨ ਕਿਉਂਕਿ ਇਸ ਹਾਲਤ ਵਿਚ ਚੋਣਾਂ ਲੜਨੀਆਂ ਸੰਭਵ ਹੀ ਨਹੀਂ ਸਨ। ਹੁਣ ਪੰਜਾਬ ਵਿਚ ਭਾਜਪਾ ਇਕੱਲਿਆਂ ਹੀ ਚੋਣਾਂ ਲੜ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਭਾਜਪਾ ਪੰਜਾਬ ਵਿਚ ਅਕਾਲੀ ਦਲ ਤੋਂ ਬਿਨਾਂ ਹੀ ਚੋਣ ਮੈਦਾਨ ਵਿਚ ਉਤਰੇਗੀ। ਭਾਜਪਾ ਦੇ ਸੂਬਾਈ ਪ੍ਰਧਾਨ ਦੁਸ਼ਯੰਤ ਗੌਤਮ ਵੀ ਇਹ ਦਾਅਵਾ ਕਰ ਚੁੱਕੇ ਹਨ ਕਿ ਪਾਰਟੀ ਸਭ 117 ਸੀਟਾਂ ’ਤੇ ਚੋਣ ਲੜੇਗੀ। ਅਜਿਹੇ ਹਾਲਾਤ ’ਚ ਭਾਜਪਾ ਲਈ ਉਕਤ ਫ਼ੈਸਲਾ ਇਕ ਵੱਡੇ ਲਾਭ ਦਾ ਸੌਦਾ ਹੋਵੇਗਾ। ਇਹ ਵੀ ਚਰਚਾ ਹੈ ਕਿ ਜਿਹੜੇ ਕਿਸਾਨ ਕਾਨੂੰਨਾਂ ਨੂੰ ਲੈ ਕੇ ਵਿਰੋਧ ਕਰ ਰਹੇ ਸਨ, ਕੀ ਉਹ ਹੁਣ ਭਾਜਪਾ ਨੂੰ ਵੋਟ ਪਾਉਣਗੇ?

ਇਹ ਵੀ ਪੜ੍ਹੋ: ਤਿੰਨ ਖੇਤੀ ਕਾਨੂੰਨਾਂ ਨੂੰ ਬਾਰੀਕੀ ਨਾਲ ਜਾਣੋ, ਜਿਨ੍ਹਾਂ ਨੂੰ ਕੇਂਦਰ ਸਰਕਾਰ ਨੇ ਵਾਪਸ ਲੈਣ ਦਾ ਲਿਆ ਫ਼ੈਸਲਾ

PunjabKesari

ਅਕਾਲੀ ਦਲ ਦੀ ਰਣਨੀਤੀ
ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਤੋਂ ਵੱਖ ਹੋ ਕੇ ਹੁਣ ਬਸਪਾ ਨਾਲ ਚੋਣ ਮੈਦਾਨ ’ਚ ਉਤਰ ਚੁੱਕਾ ਹੈ। ਬਸਪਾ ਨੂੰ 117 ਵਿਚੋਂ 20 ਸੀਟਾਂ ਦਿੱਤੀਆਂ ਗਈਆਂ ਹਨ। ਭਾਜਪਾ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ 23 ਸੀਟਾਂ ਦਿੱਤੀਆਂ ਜਾਂਦੀਆਂ ਸਨ। ਕਿਸਾਨਾਂ ਦਾ ਮੁੱਦਾ ਹੁਣ ਖ਼ਤਮ ਹੋਣ ਵਾਲਾ ਹੈ ਪਰ ਸ਼੍ਰੋਮਣੀ ਅਕਾਲੀ ਦਲ ’ਤੇ ਇਹ ਦੋਸ਼ ਸਦਾ ਬਰਕਰਾਰ ਰਹਿਣਗੇ ਕਿ ਉਸ ਨੇ ਬਿੱਲ ਬਣਾਏ ਜਾਣ ਦੇ ਫ਼ੈਸਲੇ ਦਾ ਵਿਰੋਧ ਨਹੀਂ ਕੀਤਾ ਸੀ। ਅਸਲ ’ਚ ਬਿੱਲ ਬਣਾਉਂਦੇ ਸਮੇਂ ਜੋ ਬੈਠਕਾਂ ਹੋ ਰਹੀਆਂ ਸਨ, ਉਸ ਸਮੇਂ ਵੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਹਰ ਵਾਰ ਉਸ ਦਾ ਹਿੱਸਾ ਹੁੰਦੀ ਸੀ। ਉਂਝ ਵੀ ਕਿਸਾਨ ਬਿੱਲਾਂ ਨੂੰ ਲੈ ਕੇ ਬੇਸ਼ੱਕ ਹਰਸਿਮਰਤ ਕੌਰ ਨੇ ਅਸਤੀਫ਼ਾ ਦੇ ਦਿੱਤਾ ਸੀ ਪਰ ਇਹ ਫ਼ੈਸਲਾ ਵੀ ਬਹੁਤ ਦੇਰੀ ਨਾਲ ਲਿਆ ਗਿਆ। ਇਸ ਦਾ ਅਸਰ ਪਾਰਟੀ ’ਤੇ ਪੈ ਸਕਦਾ ਹੈ।

ਇਹ ਵੀ ਪੜ੍ਹੋ: ਦੋਆਬਾ ਹਸਪਤਾਲ ਦੀ ਵੱਡੀ ਲਾਪਰਵਾਹੀ, ਨਵਜੰਮੀ ਬੱਚੀ ਨੂੰ ਐਲਾਨਿਆ ਮ੍ਰਿਤਕ, ਸ਼ਮਸ਼ਾਨਘਾਟ ਪੁੱਜੇ ਤਾਂ ਚੱਲ ਰਹੇ ਸਨ ਸਾਹ

PunjabKesari

ਕਾਂਗਰਸ ਦਾ ਖੇਮਾ ਭਾਰੀ
ਪੰਜਾਬ ’ਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਨੇ ਕਈ ਕਦਮ ਚੁੱਕੇ, ਜਿਸ ਕਾਰਨ ਉਹ ਪਹਿਲਾਂ ਦੇ ਮੁਕਾਬਲੇ ਕੁਝ ਮਜ਼ਬੂਤ ਹੋ ਗਈ। ਕਾਂਗਰਸ ਹੀ ਉਹ ਪਾਰਟੀ ਸੀ, ਜਿਸ ਨੇ ਕਿਸਾਨ ਅੰਦੋਲਨ ਨੂੰ ਹਵਾ ਦਿੱਤੀ ਅਤੇ ਕਿਸਾਨਾਂ ਨੂੰ ਦਿੱਲੀ ਵੱਲ ਕੂਚ ਕਰਨ ਦਾ ਆਈਡੀਆ ਦਿੱਤਾ, ਨਹੀਂ ਤਾਂ ਉਸ ਤੋਂ ਪਹਿਲਾਂ ਕਿਸਾਨ ਪੰਜਾਬ ਵਿਚ ਰੇਲਵੇ ਟਰੈਕਾਂ ’ਤੇ ਬੈਠੇ ਸਨ ਅਤੇ ਉਸ ਦਾ ਕੇਂਦਰ ’ਤੇ ਕੋਈ ਅਸਰ ਨਹੀਂ ਹੋ ਰਿਹਾ ਸੀ। ਜਦੋਂ ਕਿਸਾਨ ਦਿੱਲੀ ਜਾ ਕੇ ਬੈਠੇ ਤਾਂ ਕੁਝ ਹੱਦ ਤਕ ਕੇਂਦਰ ਸਰਕਾਰ ’ਤੇ ਅਸਰ ਹੋਣਾ ਸ਼ੁਰੂ ਹੋਇਆ। ਇਸ ਲਈ ਕਿਸਾਨਾਂ ਦੇ ਮਨ ਵਿਚ ਇਹ ਗੱਲ ਸਾਫ਼ ਹੈ ਕਿ ਕਾਂਗਰਸ ਨੇ ਉਨ੍ਹਾਂ ਨੂੰ ਨਾ ਸਿਰਫ਼ ਰਾਹ ਵਿਖਾਇਆ, ਸਗੋਂ ਸਮੇਂ-ਸਮੇਂ ’ਤੇ ਉਨ੍ਹਾਂ ਦੇ ਮੁੱਦਿਆਂ ਨੂੰ ਵੀ ਅੱਗੇ ਵਧਾਇਆ। ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਖ਼ੁਦ ਟਰੈਕਟਰ ਚਲਾ ਕੇ ਕਿਸਾਨਾਂ ਦੀ ਹਮਾਇਤ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ।

PunjabKesari

‘ਆਪ’ ਦੀ ਯੋਜਨਾ
ਕਿਸਾਨ ਅੰਦੋਲਨ ਹੁਣ ਸ਼ਾਇਦ ਖ਼ਤਮ ਹੋ ਜਾਵੇਗਾ ਅਤੇ ਪੰਜਾਬ ਵਿਚ ਹੁਣ ਤਕ ਠੰਡੀ ਪਈ ਅਸੈਂਬਲੀ ਚੋਣਾਂ ਦੀ ਤਿਆਰੀ ਮੁੜ ਤੋਂ ਜ਼ੋਰ ਫੜ ਲਵੇਗੀ। ਇਸ ਮਸਲੇ ’ਤੇ ਆਮ ਆਦਮੀ ਪਾਰਟੀ ਕਿਹੜੀ ਰਣਨੀਤੀ ਅਪਣਾਉਂਦੀ ਹੈ, ਇਹ ਬਿਲਕੁਲ ਸਪਸ਼ਟ ਨਹੀਂ ਪਰ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਜਿਸ ਤਰ੍ਹਾਂ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ, ਉਸ ਨੂੰ ਵੇਖਦਿਆਂ ਲੱਗਦਾ ਹੈ ਕਿ ਪਾਰਟੀ ਆਉਣ ਵਾਲੇ ਦਿਨਾਂ ਵਿਚ ਪੰਜਾਬ ’ਚ ਇਸ ਮਸਲੇ ਨੂੰ ਕੈਸ਼ ਕਰਨ ਲਈ ਕੋਈ ਵੱਡੀ ਯੋਜਨਾ ਬਣਾ ਸਕਦੀ ਹੈ। ਦੱਸਣਯੋਗ ਹੈ ਕਿ ਕੇਜਰੀਵਾਲ ਨੇ 19 ਨਵੰਬਰ ਦੇ ਦਿਨ ਨੂੰ ਇਤਿਹਾਸਕ ਦੱਸਿਆ ਅਤੇ 26 ਜਨਵਰੀ ਅਤੇ 15 ਅਗਸਤ ਵਾਂਗ ਇਸ ਦਿਨ ਨੂੰ ਵੀ ਯਾਦ ਰੱਖਣ ਦੀ ਗੱਲ ਕਹੀ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੂੰ ਹਰਪਾਲ ਚੀਮਾ ਦੀ ਚੁਣੌਤੀ, ਕਿਸਾਨਾਂ ਦੇ ਕਰਜ਼ਾ ਮੁਆਫ਼ੀ ਦਾ ਸਮਾਂ ਤੇ ਸੀਮਾ ਕਰੋ ਨਿਰਧਾਰਿਤ

PunjabKesari

ਕੈਪਟਨ ਅਮਰਿੰਦਰ ਸਿੰਘ ਦੀ ਤਿਆਰੀ
ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਕੈਪਟਨ ਅਮਰਿੰਦਰ ਸਿੰਘ ਦੇ ਰੁਖ਼ਸਤ ਹੋਣ ਪਿੱਛੋਂ ਇਕ ਚਰਚਾ ਇਹ ਵੀ ਸੀ ਕਿ ਉਹ ਭਾਜਪਾ ਨਾਲ ਮਿਲ ਕੇ ਖੇਤੀਬਾੜੀ ਕਾਨੂੰਨਾਂ ਦਾ ਹੱਲ ਕੱਢ ਸਕਦੇ ਹਨ। ਭਾਜਪਾ ਨੇ ਕੈਪਟਨ ਨੂੰ ਉਹ ਮੌਕਾ ਹੀ ਨਹੀਂ ਦਿੱਤਾ ਅਤੇ ਬਿਨਾਂ ਕਿਸੇ ਵੀ ਨਾਂਹ-ਨੁੱਕਰ ਤੋਂ ਸਿੱਧਾ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਖ਼ੁਦ ਹੀ ਪ੍ਰਧਾਨ ਮੰਤਰੀ ਨੇ ਕੀਤਾ। ਇਸ ਪਿੱਛੋਂ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਕੈਪਟਨ ਅਮਰਿੰਦਰ ਸਿੰਘ ਦੀ ਭਵਿੱਖ ਦੀ ਯੋਜਨਾ ਕੀ ਹੋਵੇਗੀ। ਅਜੇ ਜਿਸ ਤਰ੍ਹਾਂ ਪੰਜਾਬ ਵਿਚ ਭਾਜਪਾ ਇਕੱਲਿਆਂ ਚੋਣਾਂ ਲੜਨ ਦਾ ਐਲਾਨ ਕਰ ਚੁੱਕੀ ਹੈ ਤਾਂ ਉਸ ਸਥਿਤੀ ’ਚ ਕੈਪਟਨ ਦੀ ਦਾਲ ਗਲਦੀ ਨਜ਼ਰ ਨਹੀਂ ਆ ਰਹੀ। ਕੈਪਟਨ ਨੂੰ ਹੁਣ ਨਾ ਚਾਹੁੰਦੇ ਹੋਏ ਵੀ ਸ਼ਾਹੀ ਠਾਠ-ਬਾਠ ਅਤੇ ਸਿਸਵਾਂ ਫਾਰਮ ਹਾਊਸ ਦੀਆਂ ਹਵਾਵਾਂ ਨੂੰ ਭੁੱਲਣਾ ਪਵੇਗਾ। ਉਨ੍ਹਾਂ ਨੂੰ ਆਪਣੀ ਸਾਖ਼ ਬਚਾਉਣ ਲਈ ਮੈਦਾਨ ਵਿਚ ਆਉਣਾ ਹੀ ਪਵੇਗਾ।

ਇਹ ਵੀ ਪੜ੍ਹੋ: ਕਿਸਾਨਾਂ ਲਈ ਖ਼ੁਸ਼ੀਆਂ-ਖੇੜੇ ਲੈ ਕੇ ਆਇਆ ਗੁਰਪੁਰਬ, ਅਰਦਾਸਾਂ ਹੋਈਆਂ ਪੂਰੀਆਂ: ਸੰਤ ਸੀਚੇਵਾਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News