ਖੇਤੀ ਕਾਨੂੰਨਾਂ ਖ਼ਿਲਾਫ਼ ਸਿੱਧੂ ਦੀਆਂ ਦਮਦਾਰ ਤਕਰੀਰਾਂ, ਕੈਪਟਨ ਦਾ ਵੀ ਕੀਤਾ ਵਿਰੋਧ

10/19/2020 6:16:33 PM

ਚੰਡੀਗੜ੍ਹ (ਵੈੱਬ ਡੈਸਕ) : ਖੇਤੀ ਕਾਨੂੰਨਾਂ ਖ਼ਿਲਾਫ਼ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਦਮਦਾਰ ਤਕਰੀਰਾਂ ਰਾਹੀਂ ਜਿੱਥੇ ਕੇਂਦਰ ਸਰਕਾਰ ਦੀ ਜੰਮ ਕੇ ਭੰਡੀ ਕੀਤੀ ਹੈ, ਉਥੇ ਹੀ ਪੰਜਾਬ ਸਰਕਾਰ ਖਾਸ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨੇ ਸਾਧੇ ਹਨ। ਸਿੱਧੂ ਨੇ ਨਾਂ ਲਏ ਬਿਨਾਂ ਮੁੱਖ ਮੰਤਰੀ ਦੇ ਉਸ ਬਿਆਨ ਦਾ ਤਿੱਖਾ ਵਿਰੋਧ ਕੀਤਾ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਕਿਸਾਨ ਸੰਘਰਸ਼ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ ਹੈ। ਲਗਭਗ ਡੇਢ ਸਾਲ ਬਾਅਦ ਵਿਧਾਨ ਸਭਾ ਦੀ ਕਾਰਵਾਈ ਦਾ ਹਿੱਸਾ ਬਣਨ ਵਾਲੇ ਨਵਜੋਤ ਸਿੱਧੂ ਨੇ ਆਪਣੇ ਫੇਸਬੁਕ ਪੇਜ 'ਤੇ ਵੀਡੀਓ ਰਾਹੀਂ ਜਨਤਾ ਦੇ ਮੁਖਾਤਬ ਹੁੰਦਿਆਂ ਆਖਿਆ ਕਿ ਕੇਂਦਰ ਨੇ ਇਹ ਤਿੰਨ ਕਾਨੂੰਨ ਕਿਸਾਨਾਂ ਨੂੰ ਸਿਰਫ ਤੇ ਸਿਰਫ ਪੂੰਜੀਪਤੀਆਂ ਦਾ ਗੁਲਾਮ ਬਣਾਉਣ ਲਈ ਲਿਆਂਦੇ ਹਨ। ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਸੂਬਿਆਂ ਦੀਆਂ ਤਾਕਤਾਂ ਖ਼ਤਮ ਕਰਕੇ ਸਾਰੇ ਅਧਿਕਾਰ ਆਪਣੇ ਹੱਥ ਵਿਚ ਲੈਣਾ ਚਾਹੁੰਦੀ ਹੈ। ਇਹ ਕਾਨੂੰਨ ਸਿੱਧਾ-ਸਿੱਧਾ ਸਾਡੇ ਬੁਨਿਆਦੀ ਢਾਂਚੇ ਨੂੰ ਤਬਾਹ ਕਰਨ ਵਾਲੇ ਹਨ। 

ਇਹ ਵੀ ਪੜ੍ਹੋ :  ਆਖਿਰ ਵਿਧਾਨ ਸਭਾ ਦੀ ਕਾਰਵਾਈ 'ਚ ਸ਼ਾਮਲ ਹੋਏ ਨਵਜੋਤ ਸਿੱਧੂ, ਪਿਛਲੀ ਕਤਾਰ 'ਚ ਬੈਠੇ

ਸਿੱਧੂ ਨੇ ਕਿਹਾ ਕਿ ਦੇਸ਼ ਨੂੰ ਸਿਰਫ ਦੋ ਵੱਡੀਆਂ ਕੰਪਨੀਆਂ ਚਲਾ ਰਹੀਆਂ ਹਨ, ਜਿਸ ਤਰ੍ਹਾਂ ਗੋਰਿਆਂ ਨੇ ਈਸਟ ਇੰਡੀਆ ਕੰਪਨੀ ਚਲਾਈ ਸੀ, ਉਸੇ ਤਰ੍ਹਾਂ ਅਡਾਨੀ-ਅੰਬਾਨੀ ਵਰਗੇ ਰਸੂਖਦਾਰ ਦੇਸ਼ ਨੂੰ ਚਲਾ ਰਹੇ ਹਨ। ਆਪਣੀ ਤਕਰੀਰ ਵਿਚ ਸਿੱਧੂ ਨੇ ਆਖਿਆ ਕਿ ਪੰਜਾਬ ਦੀ 70 ਫੀਸਦੀ ਖੇਤੀ ਟਿਊਬਵੈੱਲਾਂ ਨਾਲ ਚੱਲਦੀ ਹੈ ਅਤੇ ਇਕ ਕਿੱਲੋ ਝੋਨਾ ਉਗਾਉਣ ਲਈ 5377 ਲਿਟਰ ਪਾਣੀ ਵਰਤਿਆ ਜਾਂਦਾ ਹੈ। ਅੱਜ ਪੰਜਾਬ ਜਿਹੜਾ ਚੌਲ ਖਾਂਦਾ ਹੀ ਨਹੀਂ ਹੈ, ਇਸ ਲਈ 1400 ਕਰੋੜ ਕਿਊਸਿਕ ਪਾਣੀ ਧਰਤੀ ਵਿਚੋਂ ਫਾਲਤੂ ਕੱਢ ਰਿਹਾ ਹੈ, ਜਿਹੜਾ ਭਰਪਾਈ ਹੋਣ ਦੀ ਲਿਮਿਟ ਤੋਂ ਕਿਤੇ ਵੱਧ ਹੈ ਅਤੇ ਇਕ ਕਿਊਬਿਕ ਮੀਟਰ ਵਿਚ ਇਕ ਹਜ਼ਾਰ ਲਿਟਰ ਪਾਣੀ ਆਉਂਦਾ ਹੈ। ਲਿਹਾਜ਼ਾ ਆਉਣ ਵਾਲੇ 5-10 ਸਾਲਾਂ ਵਿਚ ਪੰਜਾਬ ਦੀ ਧਰਤੀ ਬੰਜਰ ਹੋ ਜਾਵੇਗੀ। ਸਿੱਧੂ ਨੇ ਆਖਿਆ ਕਿ ਅੱਜ ਜ਼ਮੀਨ 'ਚ ਘੱਟ ਰਹੇ ਪਾਣੀ ਦੇ ਪੱਧਰ ਕਾਰਣ ਛੋਟਾ ਕਿਸਾਨ ਕਰਜ਼ਾ ਲੈ ਕੇ ਟਿਊਬਵੈੱਲ ਲਗਾ ਰਿਹਾ ਹੈ। ਲਿਹਾਜ਼ਾ ਪੰਜਾਬ ਦੇਸ਼ ਨੂੰ ਜੀਰੀ ਨਹੀਂ ਸਗੋਂ ਪਾਣੀ ਐਕਸਪੋਰਟ ਕਰ ਰਿਹਾ ਹੈ, ਉਹ ਵੀ ਕਰਜ਼ਾ ਲੈ ਲੈ ਕੇ। 

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਵਿਸ਼ੇਸ਼ ਸੈਸ਼ਨ ਦਾ ਸਮਾਂ ਵਧਾਇਆ

ਪੰਜਾਬ ਸਰਕਾਰ 'ਤੇ ਅਸਿੱਧੇ ਤੌਰ 'ਤੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਦੇ ਕਿਸਾਨ ਅਤੇ ਜਨਤਾ ਦੀਆਂ ਨਜ਼ਰਾਂ ਸਾਡੇ 'ਤੇ ਟਿਕੀਆਂ ਹੋਈਆਂ ਹਨ, ਲਿਹਾਜ਼ਾ ਸਰਕਾਰਾਂ ਨੂੰ ਕਿਸਾਨਾਂ ਨੂੰ ਭਟਕਾਉਣ ਦੀ ਬਜਾਏ ਸਗੋਂ ਮੁੱਦੇ 'ਤੇ ਆ ਕੇ ਹੱਲ ਦੇਣਾ ਚਾਹੀਦਾ ਹੈ। ਇਹੋ ਕਾਰਣ ਹੈ ਕਿ ਅੱਜ ਪੰਜਾਬ ਵਿਚ ਕਿਸਾਨਾਂ ਦਾ ਸੱਚਾ ਸੰਘਰਸ਼ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਆਪਣਾ ਪੱਖ ਰੱਖਿਆ ਹੈ, ਹੁਣ ਲੋੜ ਹੈ ਕਿ ਸਰਕਾਰਾਂ ਆਪਣੀ ਜ਼ਿੰਮੇਵਾਰੀ ਨਿਭਾਉਣ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਲਏ ਬਿਨਾਂ ਸਿੱਧੂ ਨੇ ਕਿਹਾ ਕਿ ਇਹ ਝੰਡਿਆਂ ਅਤੇ ਡੰਡਿਆਂ ਦਾ ਸੰਘਰਸ਼ ਹੈ, ਇਸ ਨੂੰ ਇਹ ਕਹਿ ਦੇਣਾ ਕਿ ਇਸ ਨੂੰ ਬਾਹਰੀ ਤਾਕਤਾਂ ਚਲਾ ਰਹੀਆਂ ਹਨ ਜਾਂ ਇਸ ਨਾਲ ਪੰਜਾਬ ਦੇ ਹਾਲਾਤ ਵਿਗੜ ਜਾਣਗੇ, ਇਹ ਕਿਸਾਨਾਂ ਦੇ ਸੱਚੇ ਸੰਘਰਸ਼ ਦਾ ਨਰਾਦਰ ਵੀ ਹੈ ਅਤੇ ਅਪਮਾਨ ਵੀ। ਉਨ੍ਹਾਂ ਕਿਹਾ ਕਿ ਸਰਕਾਰਾਂ ਕਿਸਾਨ ਨੂੰ ਭਟਕਾਉਣ ਦੀ ਬਜਾਏ ਹੱਲ ਦੇਣ। ਇਸ ਦੌਰਾਨ ਸਿੱਧੂ ਨੇ ਕੁਝ ਸੁਝਾਅ ਦੱਸੇ। ਸਿੱਧੂ ਨੇ ਕਿਹਾ ਸਟੇਟ ਅਸੈਂਬਲੀ ਸਟੇਟ ਦਾ ਸੈਸ਼ਨ ਬੁਲਾਵੇ ਤੇ ਇਨ੍ਹਾਂ ਕਾਲੇ ਕਾਨੂੰਨਾ ਨੂੰ ਲਾਗੂ ਹੋਣ ਤੋਂ ਰੋਕਿਆ ਜਾਵੇ। ਨਵਜੋਤ ਸਿੱਧੂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸਬਜ਼ੀਆਂ, ਦਾਲਾਂ ਤੇ ਫਲਾਂ 'ਤੇ ਐਮਐਸਪੀ ਦੇਵੇ। ਉਨ੍ਹਾਂ ਕਿਹਾ ਪੰਜਾਬ ਦੇ ਛੋਟੇ ਕਿਸਾਨ ਮਿਲ ਕੇ ਇੱਕ ਕਾਨੂੰਨੀ ਇਕਾਈ ਬਣਾਉਣ। ਕਿਸਾਨ ਆਪ ਬੀਜੇ ਤੇ ਆਪ ਵੇਚੇ, ਜਿਸ ਨਾਲ ਸਾਰਾ ਮੁਨਾਫਾ ਕਿਸਾਨ ਕੋਲ ਆਵੇ।

ਇਹ ਵੀ ਪੜ੍ਹੋ :  ਨਿਵੇਸ਼ ਤੇ ਰੋਜ਼ਗਾਰ ਦੇ ਮੌਕੇ ਵਧਾਉਣ ਲਈ ਪੰਜਾਬ ਮੰਤਰੀ ਮੰਡਲ ਦਾ ਵੱਡਾ ਫ਼ੈਸਲਾ

ਸਿੱਧੂ ਨੇ ਕਿਹਾ ਕਿ ਇਹ ਸੰਘਰਸ਼ ਸਾਡੀ ਹੋਂਦ ਦਾ, ਪੰਜਾਬੀਅਤ ਦਾ ਸੰਘਰਸ਼ ਹੈ। ਜਿਸ ਵਿਚ ਪੰਜਾਬ ਦੇ ਹਰ ਸਖਸ਼ ਕਿਸਾਨਾਂ ਦੇ ਨਾਲ ਆ ਖੜ੍ਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੀਡਰ ਇਕ ਦੇਸ਼ ਇਕ ਮੰਡੀ ਦੀ ਗੱਲ ਕਰ ਰਹੇ, ਉਹ ਪੰਜਾਬ ਅਤੇ ਸੰਵਿਧਾਨ ਵਿਰੋਧੀ ਹਨ। ਇਸ ਨਾਲ ਕੇਂਦਰ ਸਰਕਾਰ ਪੂੰਜੀਪਤੀਆਂ ਲਈ ਕਿਸਾਨ ਦੀ ਆਮਦਨ 'ਤੇ ਕਬਜ਼ਾ ਕਰਨ ਦਾ ਰਾਹ ਖੋਲ੍ਹ ਰਹੀ ਹੈ। ਜਿਸ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸਿੱਧੂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਸਰਕਾਰੀ ਖਰੀਦ ਤੋਂ ਮੁਕਰਦੀ ਹੈ ਤਾਂ ਪੰਜਾਬ ਸਰਕਾਰ ਖਰੀਦੇ। ਉਨ੍ਹਾਂ ਕਿਹਾ ਕਿ ਜੇ ਕਿਸਾਨ ਦੀ ਮਦਦ ਕਰਨ ਲਈ ਸਰਕਾਰ ਕੋਲ ਪੈਸਿਆਂ ਦੀ ਘਾਟ ਹੈ ਤਾਂ ਸ਼ਰਾਬ ਮਾਫੀਆ, ਰੇਤ ਮਾਫੀਆ, ਕੇਬਲ ਮਾਫੀਆ ਨੂੰ ਬੰਦ ਕਰ ਦੇਣਾ ਚਾਹੀਦਾ ਹੈ। ਸਿੱਧੂ ਨੇ ਕਿਹਾ ਕਿ ਪੰਜਾਬ ਛੋਟੇ-ਛੋਟੇ ਕਿਸਾਨਾਂ ਨੂੰ ਮਿਲ ਕੇ ਇਕ ਕਾਨੂੰਨੀ ਇਕਾਈ ਬਣਾਉਣੀ ਚਾਹੀਦੀ ਹੈ ਅਤੇ ਜੇਕਰ ਇਹ ਲੜਾਈ ਜਿੱਤਣੀ ਹੈ ਤਾਂ ਇਸ ਵਿਚ ਹਰ ਪੰਜਾਬੀ ਨੂੰ ਯੋਗਦਾਨ ਦੇਣਾ ਹੋਵੇਗਾ।

ਇਹ ਵੀ ਪੜ੍ਹੋ :  'ਆਪ' ਵਲੋਂ ਸੂਬਾ ਅਤੇ ਜ਼ਿਲ੍ਹਾ ਪੱਧਰੀ ਨਵੇਂ ਅਹੁਦੇਦਾਰਾਂ ਦੀ ਸੂਚੀ ਜਾਰੀ


Gurminder Singh

Content Editor

Related News