ਖਰੀਦ ਏਜੰਸੀਆਂ ਨੇ ਮੁੜ ਮੰਗੇ ਕਿਸਾਨਾਂ ਦੇ ਬੈਂਕ ਖਾਤੇ, ਭੜਕੇ ਆੜ੍ਹਤੀਏ

10/15/2019 3:02:56 PM

ਗੁਰਦਾਸਪੁਰ (ਹਰਮਨਪ੍ਰੀਤ) : ਗੁਰਦਾਸਪੁਰ ਦੀਆਂ ਵੱਖ-ਵੱਖ ਮੰਡੀਆਂ 'ਚ ਕਈ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਆੜ੍ਹਤੀਆਂ ਕੋਲੋਂ ਕਿਸਾਨਾਂ ਦੇ ਬੈਂਕ ਖਾਤਿਆਂ ਦੇ ਨੰਬਰ ਮੰਗੇ ਜਾਣ ਕਾਰਨ ਆੜ੍ਹਤੀਆਂ 'ਚ ਰੋਹ ਦੀ ਲਹਿਰ ਪਾਈ ਜਾ ਰਹੀ ਹੈ। ਇਸ ਕਾਰਨ ਆੜ੍ਹਤੀ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਹਰਦੇਵ ਸਿੰਘ ਬਾਜੇਚੱਕ ਅਤੇ ਸੂਬਾ ਜਨਰਲ ਸਕੱਤਰ ਅਸ਼ੋਕ ਵੈਦ ਦੀ ਪ੍ਰਧਾਨਗੀ ਹੇਠ ਆੜ੍ਹਤੀਆਂ ਨੇ ਮੀਟਿੰਗ ਕਰ ਕੇ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰ ਕੇ ਚਿਤਾਵਨੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਰਮਚਾਰੀ ਨੇ ਕਿਸਾਨਾਂ ਦੇ ਬੈਂਕ ਖਾਤੇ ਲੈਣ ਲਈ ਉਨ੍ਹਾਂ 'ਤੇ ਦਬਾਅ ਪਾਉਣ ਅਤੇ ਝੋਨੇ ਦੀ ਖਰੀਦ 'ਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਰੋਸ ਪ੍ਰਦਰਸ਼ਨ ਕਰਨ ਦੇ ਨਾਲ-ਨਾਲ ਸਬੰਧਤ ਕਰਮਚਾਰੀ ਖਿਲਾਫ ਅਦਾਲਤ 'ਚ ਵੀ ਅਪੀਲ ਕਰਨਗੇ।

ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਬੈਂਕ ਖਾਤੇ ਦੇਣ ਤੋਂ ਸਾਫ ਇਨਕਾਰ ਕੀਤਾ ਜਾ ਰਿਹਾ ਹੈ ਕਿਉਂਕਿ ਕਿਸਾਨ ਇਹ ਦਾਅਵਾ ਕਰ ਰਹੇ ਹਨ ਕਿ ਕੋਈ ਵੀ ਕੰਪਨੀ, ਵਿਭਾਗ ਜਾਂ ਏਜੰਸੀ ਉਨ੍ਹਾਂ ਕੋਲੋਂ ਜ਼ਬਰਦਸਤੀ ਬੈਂਕ ਖਾਤੇ ਨਹੀਂ ਲੈ ਸਕਦੀ ਪਰ ਖਰੀਦ ਏਜੰਸੀਆਂ ਵੱਲੋਂ ਉਨ੍ਹਾਂ ਦੇ ਖਾਤੇ ਮੰਗੇ ਜਾ ਰਹੇ ਹਨ। ਇਸ ਕਾਰਨ ਕਿਸਾਨਾਂ ਨੇ ਪੰਜਾਬ ਹਰਿਆਣਾ ਹਾਈ ਕੋਰਟ 'ਚ ਕੇਸ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਅਜੇ ਤੱਕ ਇਸ ਮਾਮਲੇ 'ਚ ਕੋਈ ਫੈਸਲਾ ਨਹੀਂ ਦਿੱਤਾ ਅਤੇ ਸਰਕਾਰ ਨੇ ਵੀ ਕਿਸਾਨਾਂ ਨੂੰ ਪੁਰਾਣੇ ਤਰੀਕੇ ਨਾਲ ਹੀ ਅਦਾਇਗੀਆਂ ਕਰਨ ਦਾ ਭਰੋਸਾ ਦਿੱਤਾ ਸੀ ਪਰ ਗੁਰਦਾਸਪੁਰ 'ਚ ਕਈ ਏਜੰਸੀਆਂ ਦੇ ਕਰਮਚਾਰੀ ਮੁੜ ਆੜ੍ਹਤੀਆਂ 'ਤੇ ਇਹ ਦਬਾਅ ਬਣਾ ਰਹੇ ਹਨ ਕਿ ਕਿਸਾਨਾਂ ਦੇ ਬੈਂਕ ਖਾਤੇ ਲੈ ਕੇ ਦਿੱਤੇ ਜਾਣ।

ਕੀ ਕਹਿਣਾ ਹੈ ਸੂਬਾ ਪ੍ਰਧਾਨ ਦਾ
ਇਸ ਸਬੰਧੀ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਜ਼ਿਲਾ ਗੁਰਦਾਸਪੁਰ 'ਚ ਹਰ ਸਾਲ ਕਿਸਾਨਾਂ ਦੀ ਜਿਣਸ ਨੂੰ ਕੱਟ ਲਗਾਉਣ ਦੀ ਰਿਵਾਇਤ ਚਲਦੀ ਆ ਰਹੀ ਹੈ, ਜਿਸ ਅਧੀਨ ਖਰੀਦ ਏਜੰਸੀਆਂ ਦੇ ਅਧਿਕਾਰੀ ਵੀ ਕਥਿਤ ਮਿਲੀ-ਭੁਗਤ ਕਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਵੀ ਕਈ ਅਧਿਕਾਰੀ ਚਾਹੁੰਦੇ ਹਨ ਕਿ ਕੋਈ ਨਾ ਕੋਈ ਅੜਿੱਕਾ ਲਾ ਕੇ ਮੰਡੀਆਂ 'ਚ ਝੋਨੇ ਦੀ ਵਿਕਰੀ ਰੋਕੀ ਜਾਵੇ ਤਾਂ ਜੋ ਕਿਸਾਨ ਮੰਡੀਆਂ 'ਚ ਰੁਲਣ ਤੋਂ ਬਾਅਦ ਘੱਟ ਰੇਟ 'ਤੇ ਝੋਨਾ ਵੇਚਣ ਲਈ ਮਜਬੂਰ ਹੋ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੀ ਡਾਇਰੈਕਟਰ ਵੱਲੋਂ ਸਪੱਸ਼ਟ ਬਿਆਨ ਦਿੱਤਾ ਜਾ ਚੁੱਕਾ ਹੈ ਕਿ ਆੜ੍ਹਤੀਆਂ ਸਬੰਧੀ ਫ਼ੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਉਪਰੰਤ ਹੀ ਹੋਵੇਗਾ।
 


Anuradha

Content Editor

Related News