ਅਗਾੜਾ ਪਿਛਾੜਾ ਸਕੂਲ ਦੇ ਅਧਿਆਪਕਾਂ ਤੇ ਸੇਵਾਦਾਰਾਂ ਨੂੰ 17 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

Thursday, Jun 08, 2017 - 07:38 AM (IST)

ਅਗਾੜਾ ਪਿਛਾੜਾ ਸਕੂਲ ਦੇ ਅਧਿਆਪਕਾਂ ਤੇ ਸੇਵਾਦਾਰਾਂ ਨੂੰ 17 ਮਹੀਨਿਆਂ ਤੋਂ ਨਹੀਂ ਮਿਲੀ ਤਨਖਾਹ

ਤਰਨਤਾਰਨ,   (ਮਿਲਾਪ)- ਸ੍ਰੀ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਅਗਾੜਾ ਪਿਛਾੜਾ (ਜੀਓਬਾਲਾ) ਵਿਖੇ ਦੋ ਕਮੇਟੀਆਂ ਦੇ ਚੱਲ ਰਹੇ ਵਿਵਾਦ ਕਾਰਨ ਉਥੋਂ ਦੇ 3 ਅਧਿਆਪਕਾਂ ਤੇ 2 ਸੇਵਾਦਾਰਾਂ ਨੂੰ ਪਿਛਲੇ 17 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਦੀ ਖਬਰ ਮਿਲੀ ਹੈ। 
ਸਕੂਲ ਸਟਾਫ ਦੇ ਜਗਦੀਪ ਸਿੰਘ ਮੁੱਖ ਅਧਿਆਪਕ, ਦਿਲਬਾਗ ਸਿੰਘ ਜੇ. ਬੀ. ਟੀ. ਅਧਿਆਪਕ, ਲਖਬੀਰ ਸਿੰਘ ਕਲਰਕ ਜੋ ਅਪਾਹਜ ਹਨ ਤੇ ਇਨ੍ਹਾਂ ਤੋਂ ਇਲਾਵਾ ਅਜੀਤ ਸਿੰਘ ਤੇ ਅਮਨ ਸਿੰਘ ਸੇਵਾਦਾਰ, ਜੋ ਪਿਛਲੇ 25 ਸਾਲ ਤੋਂ ਨੌਕਰੀ ਕਰ ਰਹੇ ਹਨ, ਨੇ ਦੱਸਿਆ ਕਿ ਤਨਖਾਹਾਂ ਸਕੂਲ ਕਮੇਟੀ ਦੇ ਖਾਤੇ 'ਚ ਜਮ੍ਹਾ ਹਨ, ਜੋ ਕਮੇਟੀ ਨਹੀਂ ਦੇ ਰਹੀ। ਉਨ੍ਹਾਂ ਦੱਸਿਆ ਕਿ ਤਨਖਾਹ ਨਾ ਮਿਲਣ ਕਾਰਨ ਅਸੀਂ ਕਰਜ਼ਾ ਚੁੱਕ ਕੇ ਆਪਣੇ ਘਰ ਦਾ ਗੁਜ਼ਾਰਾ ਕਰ ਰਹੇ ਹਾਂ ਅਤੇ ਹੁਣ ਤੱਕ ਹਰ ਸਿਆਸੀ ਵਿਅਕਤੀ ਤੇ ਅਫਸਰਾਂ ਦੇ ਦਰਬਾਰ 'ਚ ਆਪਣੀ ਫਰਿਆਦ ਲੈ ਕੇ ਗਏ ਹਾਂ ਪਰ ਸਾਨੂੰ ਨਿਰਾਸ਼ਾ ਹੀ ਮਿਲੀ ਹੈ। ਇਸ ਦੇ ਬਾਵਜੂਦ ਵੀ ਸਾਡੇ ਸਕੂਲ ਦਾ 10ਵੀਂ ਤੇ 12ਵੀਂ ਦਾ ਨਤੀਜਾ ਸ਼ਾਨਦਾਰ ਰਿਹਾ ਅਤੇ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੇ 92 ਫੀਸਦੀ ਤੱਕ ਨੰਬਰ ਹਾਸਲ ਕੀਤੇ ਹਨ।
ਉਨ੍ਹਾਂ ਕਿਹਾ ਕਿ ਇਸ ਸਕੂਲ 'ਚ 2 ਕਮੇਟੀਆਂ ਦੇ ਝਗੜੇ ਦੇ ਸਬੰਧ 'ਚ ਪਿਛਲੇ ਮਹੀਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਚੰਡੀਗੜ੍ਹ ਤੋਂ ਜਾਂਚ ਲਈ ਟੀਮ ਭੇਜੀ ਗਈ ਸੀ, ਜਿਸ ਵਿਚ ਸਰਦਾਰ ਮੇਵਾ ਸਿੰਘ ਡਿਪਟੀ ਡਾਇਰੈਕਟਰ ਤੇ ਜ਼ਿਲਾ ਸਿੱਖਿਆ ਅਫਸਰ ਗੁਰਭਜਨ ਸਿੰਘ ਨੇ ਸ਼ਿਰਕਤ ਕੀਤੀ ਸੀ। ਅਸੀਂ ਆਪਣੀਆਂ ਤਨਖਾਹਾਂ ਸਬੰਧੀ ਉਨ੍ਹਾਂ ਨੂੰ ਵੀ ਲਿਖਤੀ ਪੱਤਰ ਰਾਹੀਂ ਅਪੀਲ ਕੀਤੀ ਸੀ ਕਿ ਸਾਡੀ ਸੁਣਵਾਈ ਕੀਤੀ ਜਾਵੇ ਪਰ ਹੁਣ ਤੱਕ ਸਾਡੀ ਕਿਸੇ ਨੇ ਨਹੀਂ ਸੁਣੀ।
ਇਸ ਸਬੰਧੀ ਜਦੋਂ ਜ਼ਿਲਾ ਸਿੱਖਿਆ ਅਫਸਰ ਪਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਕੂਲ 'ਚ 2 ਕਮੇਟੀਆਂ ਦਾ ਝਗੜਾ ਚੱਲ ਰਿਹਾ ਹੈ। ਪਹਿਲੀ ਕਮੇਟੀ ਨੇ ਸਕੂਲ ਦੇ ਦਰੱਖਤ ਤੇ ਜ਼ਮੀਨ ਵੇਚ ਕੇ ਘਪਲਾ ਕੀਤਾ ਹੈ, ਜਿਸ ਦਾ ਅਦਾਲਤ 'ਚ ਕੇਸ ਚੱਲ ਰਿਹਾ ਹੈ ਪਰ ਇਸ ਸਟਾਫ ਦੀ ਤਨਖਾਹ ਦੇ ਮਾਮਲੇ ਸਬੰਧੀ ਸਿਫਾਰਿਸ਼ ਪੱਤਰ ਚੰਡੀਗੜ੍ਹ ਭੇਜ ਦਿੱਤਾ ਗਿਆ ਹੈ ਤੇ ਬਹੁਤ ਜਲਦ ਮਾਮਲਾ ਸੁਲਝ ਜਾਵੇਗਾ ਤੇ ਇਨ੍ਹਾਂ ਅਧਿਆਪਕਾਂ ਦੀਆਂ ਤਨਖਾਹਾਂ ਉਨ੍ਹਾਂ ਦੇ ਖਾਤੇ 'ਚ 
ਪਹੁੰਚ ਜਾਣਗੀਆਂ।


Related News