ਟਿਕਟ ਮਿਲਦੇ ਹੀ MP ਸੁਸ਼ੀਲ ਰਿੰਕੂ ਮੱਥਾ ਟੇਕਣ ਲਈ ਬਨਾਰਸ ਅਤੇ ਅਯੁੱਧਿਆ ਰਵਾਨਾ, ਹਾਈਕਮਾਨ ਦਾ ਕੀਤਾ ਧੰਨਵਾਦ
Friday, Mar 15, 2024 - 01:23 PM (IST)
ਜਲੰਧਰ (ਧਵਨ)–ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਜਲੰਧਰ ਲੋਕ ਸਭਾ ਸੀਟ ਤੋਂ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਫਿਰ ਤੋਂ ਟਿਕਟ ਦਿੱਤੇ ਜਾਣ ਦੇ ਤੁਰੰਤ ਬਾਅਦ ਸੁਸ਼ੀਲ ਰਿੰਕੂ ਮੱਥਾ ਟੇਕਣ ਲਈ ਬਨਾਰਸ ਅਤੇ ਅਯੁੱਧਿਆ ਲਈ ਰਵਾਨਾ ਹੋ ਗਏ। ਟਿਕਟ ਦਾ ਐਲਾਨ ਹੋਣ ਤੋਂ ਬਾਅਦ ਸੁਸ਼ੀਲ ਰਿੰਕੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਸੰਸਦ ਮੈਂਬਰ ਡਾ. ਸੰਦੀਪ ਪਾਠਕ ਅਤੇ ਸਾਰੀ ਲੀਡਰਸ਼ਿਪ ਦਾ ਫਿਰ ਤੋਂ ਉਨ੍ਹਾਂ ਵਿਚ ਭਰੋਸਾ ਜਤਾਉਣ ਲਈ ਧੰਨਵਾਦ ਕਰਦੇ ਹਨ।
ਸੰਸਦ ਮੈਂਬਰ ਰਿੰਕੂ ਨੇ ਕਿਹਾ ਕਿ ਪਹਿਲਾਂ ਵੀ ਜਨਤਾ ਦੇ ਸਹਿਯੋਗ ਨਾਲ ਉਨ੍ਹਾਂ ਜਿੱਤ ਹਾਸਲ ਕੀਤੀ ਸੀ ਅਤੇ ਹੁਣ ਵੀ ਉਨ੍ਹਾਂ ਨੂੰ ਜਲੰਧਰ ਦੀ ਸਮੁੱਚੀ ਜਨਤਾ ’ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਪਿਛਲੇ 5-6 ਮਹੀਨਿਆਂ ਵਿਚ ਉਨ੍ਹਾਂ ਸੰਸਦ ਅਤੇ ਸੰਸਦ ਦੇ ਬਾਹਰ ਜਲੰਧਰ ਦੇ ਲੋਕਾਂ ਦੇ ਮਸਲਿਆਂ ਨੂੰ ਪ੍ਰਮੁੱਖਤਾ ਨਾਲ ਉਠਾਇਆ ਹੈ ਅਤੇ ਕਈ ਮੁੱਦਿਆਂ ਨੂੰ ਉਹ ਕੁਝ ਹੀ ਮਹੀਨਿਆਂ ਵਿਚ ਭਾਰਤ ਸਰਕਾਰ ਤੋਂ ਹੱਲ ਕਰਵਾਉਣ ਵਿਚ ਕਾਮਯਾਬ ਹੋਏ ਹਨ, ਜਿਨ੍ਹਾਂ ਵਿਚ 'ਵੰਦੇ ਭਾਰਤ ਐਕਸਪ੍ਰੈੱਸ' ਗੱਡੀ ਨੂੰ ਜਲੰਧਰ ਵਿਚ ਸਟਾਪੇਜ ਦੁਆਉਣਾ, ਆਦਮਪੁਰ ਵਿਚ ਏਅਰਪੋਰਟ ਤੋਂ ਨਾਗਰਿਕ ਉਡਾਣਾਂ ਸ਼ੁਰੂ ਕਰਨਾ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨਾਲ ਜੁੜੇ ਵਿਕਾਸ ਨਾਲ ਸਬੰਧਤ ਮੁੱਦਿਆਂ ਨੂੰ ਵੀ ਉਨ੍ਹਾਂ ਪ੍ਰਮੁੱਖਤਾ ਨਾਲ ਹੱਲ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਦੋਬਾਰਾ ਟਿਕਟ ਮਿਲਣ ਤੋਂ ਬਾਅਦ ਹੁਣ ਉਹ ਜਨਤਾ ਤੋਂ ਅਗਲੇ 5 ਸਾਲਾਂ ਲਈ ਸਮਾਂ ਮੰਗਣਗੇ ਤਾਂ ਕਿ ਉਸ ਵਿਚ ਉਹ ਜਲੰਧਰ ਦੇ ਸਾਰੇ ਮੁੱਦਿਆਂ ਨੂੰ ਹੱਲ ਕਰਵਾ ਸਕਣ।
ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਤੋਂ ਬਾਅਦ ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ’ਚ ਉਲਝਣਗੀਆਂ ਪਾਰਟੀਆਂ
ਉਨ੍ਹਾਂ ਕਿਹਾ ਕਿ ਮੇਰੀ ਕਾਰਗੁਜ਼ਾਰੀ ਸਭ ਦੇ ਸਾਹਮਣੇ ਹੈ ਅਤੇ ਲੋਕਾਂ ਨੇ ਮੈਨੂੰ ਪਰਖਿਆ ਹੈ। ਹੋਰਨਾਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਵੀ ਲੋਕ ਪਰਖ ਚੁੱਕੇ ਹਨ। ਉਹ ਕੁਝ ਹੀ ਮਹੀਨਿਆਂ ਦੀ ਆਪਣੀ ਕਾਰਗੁਜ਼ਾਰੀ ਦੇ ਆਧਾਰ ’ਤੇ ਜਨਤਾ ਤੋਂ ਦੋਬਾਰਾ ਵੋਟਾਂ ਮੰਗਣਗੇ ਅਤੇ ਉਸ ਤੋਂ ਪਹਿਲਾਂ ਉਹ ਪ੍ਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਬਨਾਰਸ ਅਤੇ ਅਯੁੱਧਿਆ ਜਾ ਰਹੇ ਹਨ। ਉਹ ਬਨਾਰਸ ਵਿਚ ਭਗਵਾਨ ਵਿਸ਼ਵਨਾਥ ਜੋਤਿਰਲਿੰਗ ਦੇ ਦਰਸ਼ਨ ਕਰਨਗੇ ਅਤੇ ਨਾਲ ਹੀ ਕਾਸ਼ੀ ਵਿਚ ਗੁਰੂ ਰਵਿਦਾਸ ਮਹਾਰਾਜ ਦੇ ਮੰਦਰ ਦੇ ਦਰਸ਼ਨ ਵੀ ਕਰਨਗੇ।
ਇਹ ਵੀ ਪੜ੍ਹੋ: ਪਿਆਕੜਾਂ ਲਈ ਅਹਿਮ ਖ਼ਬਰ, ਰਾਤ 12 ਵਜੇ ਤਕ ਵਿਕੇਗੀ ਸ਼ਰਾਬ, ਇੰਝ ਨਿਕਲਣਗੇ ਠੇਕੇ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8