ਰਿਹਾਈ ਤੋਂ ਬਾਅਦ ਸਿੰਘੂ ਬਾਰਡਰ ਪੁੱਜੇ ਸ਼੍ਰੀ ਬਰਾੜ, ਕਿਹਾ 'ਕਿਸਾਨਾਂ ਲਈ ਜੇਲ੍ਹਾਂ ਕੱਟਣ ਲਈ ਵੀ ਹਾਂ ਤਿਆਰ'

Tuesday, Jan 19, 2021 - 09:28 AM (IST)

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਸ਼੍ਰੀ ਬਰਾੜ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਸੁਰਖ਼ੀਆਂ 'ਚ ਬਣੇ ਹੋਏ ਸਨ। ਦਰਅਸਲ, ਸ਼੍ਰੀ ਬਰਾੜ ਆਪਣੇ ਇਕ ਗੀਤ ਨੂੰ ਲੈ ਕੇ ਵਿਵਾਦਾਂ 'ਚ ਘਿਰ ਗਏ ਸਨ। ਆਪਣੇ ਵਿਵਾਦਿਤ ਗੀਤ ਕਾਰਨ ਪੁਲਸ ਹਿਰਾਸਤ 'ਚ ਰਹੇ ਸ਼੍ਰੀ ਬਰਾੜ ਬੀਤੇ ਦਿਨ ਕਿਸਾਨ ਅੰਦੋਲਨ 'ਚ ਪਹੁੰਚੇ, ਜਿਥੇ ਉਨ੍ਹਾਂ ਨੇ ਕਿਸਾਨਾਂ ਦਾ ਹੌਂਸਲਾ ਵਧਾਇਆ ਅਤੇ ਨਾਲ ਹੀ ਆਪਣੇ ਵਿਵਾਦ ਨੂੰ ਲੈ ਕੇ ਵੀ ਕਈ ਜਵਾਬ ਦਿੱਤੇ। ਸ਼੍ਰੀ ਬਰਾੜ ਨੇ ਕਿਹਾ ਕਿ ਉਨ੍ਹਾਂ ਵਲੋਂ ਗੀਤ ਇਸੇ ਤਰ੍ਹਾਂ ਜਾਰੀ ਰਹਿਣਗੇ। ਕਿਸਾਨਾਂ ਤੇ ਫ਼ਸਲ ਨਾਲ ਜੁੜੇ ਗੀਤ ਉਹ ਪੇਸ਼ ਕਰਦੇ ਰਹਿਣਗੇ। ਭਾਵੇਂ ਇਸ ਲਈ ਉਨ੍ਹਾਂ ਨੂੰ ਜੇਲ੍ਹਾਂ 'ਚ ਰਾਤਾਂ ਕਿਉਂ ਨਾ ਕੱਟਣੀਆਂ ਪੈ ਜਾਣ। ਸ਼੍ਰੀ ਬਰਾੜ ਨੇ ਆਪਣੇ ਇਸ ਭਾਸ਼ਣ 'ਚ ਇਹ ਗੱਲ ਵਾਰ-ਵਾਰ ਆਖੀ ਕਿ ਜੇ ਕਿਸਾਨਾਂ ਦੇ ਗੀਤ ਕਾਰਨ ਉਨ੍ਹਾਂ ਨੂੰ ਦੁਬਾਰਾ ਜੇਲ੍ਹ ਜਾਣਾ ਪਿਆ ਤਾਂ ਉਹ ਜਾਣਗੇ ਪਰ ਸ਼੍ਰੀ ਬਰਾੜ ਜਿਸ ਗੀਤ ਕਾਰਨ ਜੇਲ੍ਹ 'ਚ ਰਹੇ ਉਹ ਕਿਸਾਨੀ 'ਤੇ ਨਹੀਂ ਸੀ ਸਗੋਂ ਬਾਰਬੀ ਮਾਨ ਨਾਲ ਗਾਇਆ ਗੀਤ 'ਜਾਨ' ਸੀ। ਫਿਲਹਾਲ ਇਸ ਕੇਸ 'ਚ ਸ਼੍ਰੀ ਬਰਾੜ ਨੂੰ ਜ਼ਮਾਨਤ ਮਿਲ ਚੁੱਕੀ ਹੈ। 

ਕਿਸਾਨ ਅੰਦੋਲਨ ਨੂੰ ਲੈ ਕੇ ਜਾਰੀ ਹੈ ਤਕਰਾਰ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਬੀਜੇਪੀ ਨੇਤਾਵਾਂ ਵਲੋਂ ਕਿਸਾਨ ਅੰਦੋਲਨ ’ਤੇ ਸਵਾਲ ਖੜ੍ਹੇ ਕੀਤੇ ਗਏ ਸਨ, ਜਿਸ ’ਚ ਇਸ ਅੰਦੋਲਨ ਨੂੰ ਵਿਰੋਧੀ ਧਿਰਾਂ ਵਲੋਂ ਪ੍ਰਯੋਜਿਤ ਦੱਸਿਆ। ਜਦੋਂਕਿ ਕਈ ਵਾਰ ਖ਼ਾਲੀਸਤਾਨ ਸਮਰਥਕ ਸੰਗਠਨਾਂ ਨਾਲ ਹੋਣ ਦੀ ਗੱਲ ਆਖੀ।
ਸੁਪਰੀਮ ਕੋਰਟ ਨੇ ਵੀ ਖੇਤੀ ਕਾਨੂੰਨ ਨੂੰ ਲੈ ਕੇ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਸਰਕਾਰ ਨੂੰ ਇਕ ਹਲਫ਼ਨਾਮਾ ਦੇਣ ਨੂੰ ਕਿਹਾ ਹੈ, ਜਿਸ ’ਚ ਕਿਸਾਨ ਅੰਦੋਲਨ ’ਚ ਪਾਬੰਦੀਸ਼ੁਦਾ ਸੰਗਠਨਾਂ ’ਚ ਸ਼ਾਮਲ ਹੋਣ ਜਾਂ ਸਮਰਥਨ ਬਾਰੇ ਅਧਿਕਾਰਤ ਜਾਣਕਾਰੀ ਦੇਣ ਨੂੰ ਕਿਹਾ ਹੈ। 
ਕਿਸਾਨਾਂ ਦਾ ਅੰਦੋਲਨ ਪਿਛਲੇ 50 ਦਿਨਾਂ ਤੋਂ ਚੱਲ ਰਿਹਾ ਹੈ ਪਰ ਹੁਣ ਤੱਕ ਖੇਤੀ ਕਾਨੂੰਨ ’ਤੇ ਕੋਈ ਗੱਲ ਨਹੀਂ ਬਣ ਸਕੀ। ਬੁੱਧਵਾਰ ਨੂੰ ਕਿਸਾਨ ਸੰਗਠਨ ਲੋਹੜੀ ਮੌਕੇ ਖੇਤੀ ਕਾਨੂੰਨ ਦੀਆਂ ਕਾਪੀਆਂ ਨੂੰ ਸਾੜਨਗੇ ਅਤੇ ਨਾਲ ਹੀ 26 ਜਨਵਰੀ ਨੂੰ ਟਰੈਕਟਰ ਰੈਲੀ ਕੱਢਣਗੇ। 
ਸੁਪਰੀਮ ਕੋਰਟ ਨੇ ਖੇਤੀ ਕਾਨੂੰਨ ’ਤੇ ਜਾਰੀ ਵਿਵਾਦ ਨੂੰ ਖ਼ਤਮ ਕਰਨ ਲਈ ਇਕ ਕਮੇਟੀ ਦਾ ਗਠਨ ਕੀਤਾ ਹੈ, ਜਿਸ ’ਚ 4 ਮਾਹਰ ਸ਼ਾਮਲ ਹਨ। ਇਹ ਸਾਰੇ ਦੋ ਮਹੀਨਿਆਂ ’ਚ ਆਪਣੀ ਰਿਪੋਰਟ ਦੇਣਗੇ, ਜਿਸ ਤੋਂ ਬਾਅਦ ਅਦਾਲਤ ਅੱਗੇ ਆਪਣਾ ਫ਼ੈਸਲਾ ਸੁਣਾਏਗੀ।

ਖੇਤੀ ਕਾਨੂੰਨਾਂ ਨੇ ਇਕੋ ਮੰਚ 'ਤੇ ਇਕੱਠਾ ਕੀਤਾ ਪੰਜਾਬੀ ਕਲਾਕਾਰ ਭਾਈਚਾਰਾ 
ਤਾਲਾਬੰਦੀ 'ਚ ਇਕ ਹੋਰ ਆਫ਼ਤ ਖੇਤੀ ਕਾਨੂੰਨਾਂ ਕਰਕੇ ਆਈ। ਪੰਜਾਬ ਦੇ ਕਿਸਾਨਾਂ ਵਲੋਂ ਲੰਮੇ ਸਮੇਂ ਤੋਂ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਦਾ ਹਿੱਸਾ ਪੰਜਾਬੀ ਕਲਾਕਾਰ ਵੀ ਬਣੇ। ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਵੱਡੇ ਪੱਧਰ 'ਤੇ ਆਮ ਲੋਕਾਂ ਤਕ ਕਿਸਾਨਾਂ ਦੀ ਗੱਲ ਪਹੁੰਚਾਉਣ 'ਚ ਮਦਦ ਕੀਤੀ ਤੇ ਉਨ੍ਹਾਂ ਦੇ ਹੱਕਾਂ ਲਈ ਖੜ੍ਹੇ ਹੋਣ ਦੀ ਸਲਾਹ ਦਿੱਤੀ। ਅੱਜ ਵੀ ਅਸੀਂ ਦੇਖਦੇ ਹਾਂ ਕਿ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ 'ਚ ਰੋਜ਼ਾਨਾ ਅਣਗਿਣਤ ਪੰਜਾਬੀ ਕਲਾਕਾਰ ਪਹੁੰਚ ਰਹੇ ਹਨ। ਜਿਨ੍ਹਾਂ ਕਲਾਕਾਰਾਂ ਦਾ ਕਦੇ ਆਪਸ 'ਚ ਵਿਵਾਦ ਸੀ, ਉਹ ਕਲਾਕਾਰ ਵੀ ਇਕ ਮੰਚ 'ਤੇ ਇਕੱਠੇ ਹੋ ਰਹੇ ਹਨ ਤੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰ ਰਹੇ ਹਨ।

ਗੀਤਾਂ 'ਚ ਆਇਆ ਵੱਡਾ ਬਦਲਾਅ
ਤਾਲਾਬੰਦੀ ਤੇ ਕਿਸਾਨ ਅੰਦੋਲਨ ਕਰਕੇ ਪੰਜਾਬੀ ਗਾਇਕਾਂ ਦੇ ਗੀਤਾਂ 'ਚ ਵੀ ਵੱਡਾ ਬਦਲਾਅ ਦੇਖਣ ਨੂੰ ਮਿਲਿਆ। ਜਿਥੇ ਤਾਲਾਬੰਦੀ ਕਰਕੇ ਕਈ ਗਾਇਕਾਂ ਨੇ ਘਰ 'ਚ ਹੀ ਘੱਟ ਬਜਟ 'ਚ ਮੋਬਾਇਲਾਂ 'ਤੇ ਗੀਤ ਬਣਾ ਕੇ ਰਿਲੀਜ਼ ਕੀਤੇ, ਉਥੇ ਕਿਸਾਨ ਅੰਦੋਲਨ 'ਤੇ ਹੁਣ ਤਕ ਸੈਂਕੜੇ ਦੀ ਗਿਣਤੀ 'ਚ ਗੀਤ ਰਿਲੀਜ਼ ਹੋ ਚੁੱਕੇ ਹਨ। ਇਨ੍ਹਾਂ ਗੀਤਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪੰਜਾਬੀ ਗਾਇਕ ਸਿਰਫ਼ ਹਥਿਆਰਾਂ ਵਾਲੇ ਗੀਤ ਹੀ ਨਹੀਂ ਗਾਉਂਦੇ, ਸਗੋਂ ਸਮਾਂ ਆਉਣ ’ਤੇ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ 'ਚ ਵੀ ਅੱਗੇ ਹੁੰਦੇ ਹਨ। ਉਂਝ ਵੀ ਪੰਜਾਬੀ ਕਲਾਕਾਰਾਂ ਬਾਰੇ ਇਹ ਧਾਰਨਾ ਬਣੀ ਹੋਈ ਸੀ ਕਿ ਉਹ ਆਮ ਲੋਕਾਂ ਦੇ ਹੱਕ ਦੀ ਗੱਲ ਨਹੀਂ ਕਰਦੇ ਪਰ ਇਸ ਧਾਰਨਾ ਨੂੰ ਇਸ ਸਾਲ ਪੰਜਾਬੀ ਗਾਇਕਾਂ ਨੇ ਗਲ਼ਤ ਸਾਬਿਤ ਕਰ ਦਿਖਾਇਆ ਹੈ।

ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ 
ਦਿੱਲੀ ਦੀਆਂ ਹੱਦਾਂ 'ਤੇ ਕੜਾਕੇ ਦੀ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਇਸ ਵੇਲੇ ਦਿੱਲੀ ਨੂੰ ਤਕਰੀਬਨ ਚੁਫੇਰਿਓਂ ਘੇਰਿਆ ਹੋਇਆ ਹੈ। ਅੱਜ ਫਿਰ ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦੀ ਚਰਚਾ ਛਿੜੀ ਹੈ। ਦਿੱਲੀ ਦੇ ਸਿੰਘੂ, ਟਿਕਰੀ ਤੇ ਕੁੰਡਲੀ ਬਾਰਡਰ 'ਤੇ ਅੰਦੋਲਨਕਾਰੀ ਕਿਸਾਨਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ।

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।


sunita

Content Editor

Related News