ਪੰਜਾਬ ਮਗਰੋਂ ਹੁਣ ਚੰਡੀਗੜ੍ਹ 'ਚ ਵੀ ਐਡਵਾਇਜ਼ਰੀ ਜਾਰੀ, ਸਵੇਰੇ-ਸ਼ਾਮ ਸੈਰ ਨਾ ਕਰਨ ਲੋਕ
Monday, Nov 06, 2023 - 10:54 AM (IST)
ਚੰਡੀਗੜ੍ਹ (ਰਾਜਿੰਦਰ) : ਸਿਟੀ ਬਿਊਟੀਫੁੱਲ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ 'ਚ ਵੱਧ ਰਹੇ ਪ੍ਰਦੂਸ਼ਣ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਨਾ ਵਧਣ ਨੂੰ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਵਲੋਂ ਐਤਵਾਰ ਇਕ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਵਿਭਾਗ ਨੇ ਲੋਕਾਂ ਨੂੰ ਉਨ੍ਹਾਂ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ, ਜਿੱਥੇ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ, ਜਿਸ 'ਚ ਹੌਲੀ ਅਤੇ ਭਾਰੀ ਆਵਾਜਾਈ ਵਾਲੀਆਂ ਸੜਕਾਂ, ਉਦਯੋਗ ਅਤੇ ਉਸਾਰੀ ਵਾਲੀਆਂ ਥਾਵਾਂ ਸ਼ਾਮਲ ਹਨ। ਨਾਲ ਹੀ ਲੋਕਾਂ ਨੂੰ ਸਵੇਰੇ ਅਤੇ ਦੇਰ ਸ਼ਾਮ ਬਾਹਰ ਨਾ ਨਿਕਲਣ ਦੀ ਵੀ ਸਲਾਹ ਦਿੱਤੀ ਗਈ ਹੈ। ਲੋਕਾਂ ਨੂੰ ਆਪਣੇ ਘਰਾਂ ਦੇ ਵਾਧੂ ਦਰਵਾਜ਼ੇ ਅਤੇ ਖਿੜਕੀਆਂ ਨਾ ਖੋਲ੍ਹਣ ਦੀ ਵੀ ਅਪੀਲ ਕੀਤੀ ਗਈ ਹੈ। ਦੁਪਹਿਰ 12 ਤੋਂ ਸ਼ਾਮ 4 ਵਜੇ ਤੱਕ ਹਵਾਦਾਰੀ ਲਈ ਜ਼ਰੂਰੀ ਹੋਣ ’ਤੇ ਹੀ ਇੰਝ ਕਰਨ ਲਈ ਕਿਹਾ ਗਿਆ ਹੈ। ਹੁਕਮਾਂ ਅਨੁਸਾਰ ਲੋਕ ਬਾਇਓਮਾਸ ਜਿਵੇਂ ਕਿ ਲੱਕੜ, ਕੋਲਾ, ਪਸ਼ੂਆਂ ਦਾ ਗੋਹਾ ਤੇ ਮਿੱਟੀ ਦਾ ਤੇਲ ਆਦਿ ਬਾਲਣ ਤੋਂ ਗੁਰੇਜ਼ ਕਰਨ। ਖਾਣਾ ਪਕਾਉਣ ਅਤੇ ਗਰਮ ਕਰਨ ਦੇ ਮਕਸਦ ਲਈ ਸਾਫ਼ ਧੂੰਆਂ ਰਹਿਤ ਬਾਲਣ (ਗੈਸ ਜਾਂ ਬਿਜਲੀ) ਦੀ ਵਰਤੋਂ ਕਰੋ। ਜੇ ਬਾਇਓਮਾਸ ਦੀ ਵਰਤੋਂ ਕਰ ਰਹੇ ਹੋ, ਤਾਂ ਸਿਰਫ਼ ਇਕ ਸਾਫ਼ ਸਟੋਵ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ : ਲਾੜੇ ਸਣੇ 4 ਲੋਕਾਂ ਦੇ ਸਿਵੇ ਵੀ ਠੰਡੇ ਨਹੀਂ ਹੋਏ ਕਿ ਮੋਗਾ 'ਚ ਮੁੜ ਭਿਆਨਕ ਹਾਦਸਾ, 5 ਨੌਜਵਾਨਾਂ ਦੀ ਮੌਤ
ਲੋਕਾਂ ਨੂੰ ਪਟਾਕੇ ਨਾ ਚਲਾਉਣ ਦੀ ਦਿੱਤੀ ਸਲਾਹ
ਸਰਦੀਆਂ 'ਚ ਬੰਦ ਕਮਰਿਆਂ 'ਚ ਅੰਗੀਠੀ 'ਚ ਲੱਕੜ ਅਤੇ ਕੋਲਾ ਬਾਲਣ ਤੋਂ ਬਚੋ, ਜੋ ਘਾਤਕ ਹੋ ਸਕਦਾ ਹੈ। ਲੋਕਾਂ ਨੂੰ ਪਟਾਕੇ ਨਾ ਚਲਾਉਣ ਦੀ ਵੀ ਸਲਾਹ ਦਿੱਤੀ ਗਈ ਹੈ, ਜਦਕਿ ਯੂ. ਟੀ. ਪ੍ਰਸ਼ਾਸਨ ਨੇ ਇਸ ਵਾਰ ਤਿਉਹਾਰਾਂ ਦੇ ਸੀਜ਼ਨ ਦੌਰਾਨ ਸੀਮਤ ਸਮੇਂ ਲਈ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਦਿੱਤੀ ਸੀ। ਇਸ ਤੋਂ ਇਲਾਵਾ ਕਿਸੇ ਵੀ ਕਿਸਮ ਦੀ ਲੱਕੜ, ਪੱਤੇ, ਫ਼ਸਲਾਂ ਦੀ ਰਹਿੰਦ-ਖੂੰਹਦ ਅਤੇ ਕੂੜਾ ਨਾ ਸਾੜਨ ਦੀ ਅਪੀਲ ਕੀਤੀ ਗਈ ਹੈ। ਸਿਗਰੇਟਾਂ, ਬੀੜੀਆਂ ਅਤੇ ਤੰਬਾਕੂ ਪਦਾਰਥਾਂ ਦਾ ਸੇਵਨ ਨਾ ਕਰਨ ਤੋਂ ਇਲਾਵਾ ਬੰਦ ਥਾਵਾਂ ’ਤੇ ਮੱਛਰ ਭਜਾਉਣ ਵਾਲੀਆਂ ਅਗਰਬੱਤੀਆਂ ਨਾ ਧੁਖਾਉਣ ਦੀ ਵੀ ਅਪੀਲ ਕੀਤੀ ਗਈ ਹੈ।
ਇਹ ਵੀ ਪੜ੍ਹੋ : 'ਪੰਜਾਬ' ਨੂੰ ਲੈ ਕੇ ਸੁਪਰੀਮ ਕੋਰਟ 'ਚ ਵੱਡੀ ਸੁਣਵਾਈ ਅੱਜ, ਜਾਣੋ ਕੀ ਹੈ ਪੂਰਾ ਮਾਮਲਾ
ਐੱਨ.-95 ਤੇ ਐੱਨ.-99 ਮਾਸਕ ਵਰਤੋ
ਪ੍ਰਸ਼ਾਸਨ ਮੁਤਾਬਕ ਏ. ਕਿਊ. ਆਈ. ਨੂੰ ਧਿਆਨ 'ਚ ਰੱਖ ਕੇ ਕਿਸੇ ਵੀ ਤਰ੍ਹਾਂ ਦੀ ਯੋਜਨਾਬੰਦੀ ਬਣਾਓ ਅਤੇ ਖ਼ਰਾਬ ਜਾਂ ਗੰਭੀਰ ਏ. ਕਿਊ. ਆਈ. ਵਾਲੇ ਦਿਨਾਂ 'ਚ ਘਰ ਦੇ ਅੰਦਰ ਹੀ ਰਹੋ। ਅੱਖਾਂ ਨੂੰ ਨਿਯਮਿਤ ਤੌਰ ’ਤੇ ਸਾਫ਼ ਪਾਣੀ ਨਾਲ ਧੋਵੋ ਅਤੇ ਕੋਸੇ ਪਾਣੀ ਨਾਲ ਨਿਯਮਿਤ ਤੌਰ ’ਤੇ ਗਰਾਰੇ ਕਰੋ। ਸਾਹ ਲੈਣ 'ਚ ਤਕਲੀਫ਼, ਚੱਕਰ ਆਉਣੇ, ਖੰਘ, ਛਾਤੀ 'ਚ ਤਕਲੀਫ਼ ਜਾਂ ਅੱਖਾਂ ਵਿਚ ਦਰਦ ਅਤੇ ਜਲਣ ਦੀ ਹਾਲਤ ਵਿਚ ਆਪਣੇ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰੋ। ਨਾਲ ਹੀ ਮਾਸਕ ਦੇ ਰੂਪ ਵਿਚ ਸਿਰਫ਼ ਐੱਨ.- 95 ਅਤੇ ਐੱਨ.-99 ਮਾਸਕ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8