ਲੁਧਿਆਣਾ ਸਮੂਹਿਕ ਜਬਰ-ਜ਼ਨਾਹ ਕਾਂਡ ਦੇ ਦੋਸ਼ੀ ਜਲਦ ਹੋਣਗੇ ਸਲਾਖਾਂ ਪਿੱਛੇ : ਡੀ.ਆਈ.ਜੀ
Monday, Feb 11, 2019 - 10:07 PM (IST)

ਮੁੱਲਾਂਪੁਰ ਦਾਖਾ, (ਕਾਲੀਆ)- ਲੁਧਿਆਣਾ ਵਿਚ ਵਾਪਰੀ ਸਮੂਹਿਕ ਜਬਰ-ਜ਼ਨਾਹ ਦੀ ਘਟਨਾ ਦੇ ਮਾਮਲੇ ਵਿਚ ਥਾਣਾ ਦਾਖਾ ਦੀ ਪੁਲਸ ਵਲੋਂ ਪੀਡ਼ਤ ਲੜਕਾ-ਲੜਕੀ ਦੀ ਸ਼ਿਕਾਇਤ ’ਤੇ ਧਾਰਾ 376ਡੀ, 384, 342 ਆਈ. ਪੀ. ਸੀ ਅਧੀਨ ਕੇਸ ਦਰਜ ਕੀਤਾ ਹੈ। ਕਿਸੇ ਵੀ ਦੋਸ਼ੀ ਨੂੰ ਇਸ ਮਾਮਲੇ ਵਿਚ ਬਖਸ਼ੀਆਂ ਨਹੀਂ ਜਾਵੇਗਾ। ਉਕਤ ਜਾਣਕਾਰੀ ਡੀ. ਆਈ. ਜੀ. ਰਣਵੀਰ ਸਿੰਘ ਖੱਟੜਾ ਨੇ ਦਿੱਤੀ। ਪੀੜਤ ਲੜਕੀ ਅਤੇ ਲੜਕੀ ਦਾ ਪੁਲਸ ਵਲੋਂ ਪ੍ਰੇਮਜੀਤ ਸਰਕਾਰੀ ਹਸਪਤਾਲ ਸੁਧਾਰ ਵਿਖੇ ਮੈਡੀਕਲ ਕਰਵਾਇਆ ਜਾ ਰਿਹਾ ਹੈ। ਜਿੱਥੇ ਡੀ. ਆਈ. ਜੀ. ਰਣਵੀਰ ਸਿੰਘ ਖੱਟਡ਼ਾ, ਐੱਸ. ਐੱਸ. ਪੀ. ਵਰਿੰਦਰ ਸਿੰਘ ਬਰਾਡ਼, ਐੱਸ. ਪੀ. (ਡੀ.) ਤਰੁਣ ਰਤਨ, ਡੀ. ਐੱਸ. ਪੀ. (ਡੀ) ਅਮਨਦੀਪ ਬਰਾਡ਼, ਡੀ. ਐੱਸ. ਪੀ. ਦਾਖਾ ਹਰਕਮਲ ਕੌਰ ਬਰਾਡ਼ ਅਤੇ ਥਾਣਾ ਮੁੱਖੀ ਰਾਜਨ ਪ੍ਰਮਿੰਦਰ ਸਿੰਘ ਸਮੇਤ ਪੁਲਸ ਪਾਰਟੀ ਪੁੱਜੇ। ਪੁਲਸ ਅਧਿਕਾਰੀਆਂ ਨੇ ਪੀਡ਼ਤਾ ਨਾਲ ਗੱਲਬਾਤ ਕੀਤੀ ਅਤੇ ਪੂਰਨ ਇਨਸਾਫ ਦਿਵਾਉਣ ਦਾ ਭਰੋਸਾ ਦਿਵਾਇਆ।
ਡੀ. ਆਈ. ਜੀ. ਖੱਟਡ਼ਾ, ਐੱਸ. ਐੱਸ. ਪੀ. ਬਰਾਡ਼ ਮੌਕਾ ਵਾਰਦਾਤ ਦਾ ਜਾਇਜਾ ਲੈਣ ਪੁੱਜੇ ਜਿੱਥੇ ਉਨ੍ਹਾਂ ਦੱਸਿਆ ਕਿ ਜਬਰ-ਜ਼ਨਾਹ ਕਰਨ ਵਾਲੇ ਦੋਸ਼ੀਆਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ। ਦੋਸ਼ੀਆਂ ਦੇ ਸਕੈਚ ਬਣਾਉਣ ਵਾਲੀ ਸਪੈਸ਼ਲ ਟੀਮ ਅੰਮ੍ਰਿਤਸਰ ਤੋਂ ਆ ਰਹੀ ਹੈ। ਇਸਦੇ ਨਾਲ ਮੋਬਾਇਲ ਫੋਰਾਸਿਕ ਟੀਮ ਵਲੋਂ ਡੰਪ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੋਸ਼ੀਆਂ ਦੇ ਨਾਮ ਮੋਬਾਇਲ ਵਿਚ ਰਿਕਾਰਡ ਹੋਇਆ ਹੋਏ ਹਨ, ਉਨ੍ਹਾਂ ਉਪਰ ਵੀ ਪੁਲਸ ਕਈ ਥਿਊਰੀਆਂ ’ਤੇ ਕੰਮ ਕਰ ਰਹੀ ਹੈ। ਦੋਸ਼ੀਆਂ ਨੂੰ ਜਲਦੀ ਕਾਬੂ ਕਰਕੇ ਜੇਲ ਦੀਆਂ ਸਲਾਖਾ ਪਿੱਛੇ ਸੁੱਟ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੌਕਾ ਵਾਰਦਾਤ ਤੋਂ ਲਡ਼ਕੀ ਦਾ ਸੈਂਡਲ, ਕਲਿੱਪ ਅਤੇ ਕੱਪਡ਼ਾ ਆਦਿ ਮਿਲੇ ਹਨ। ਉਨ੍ਹਾਂ ਦੱਸਿਆ ਕਿ ਘਟਨਾ ਸਥਾਨ ਵਾਲੇ ਚਾਰਦੀਵਾਰੀ ਵਾਲੇ ਮਕਾਨ ਨੂੰ ਤਾਲਾ ਨਾ ਲਗਾਉਣ ਵਾਲੇ ਮਾਲਕ ਵਿਰੁੱਧ ਅਣਗਹਿਲੀ ਵਰਤਨ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਪੈਟਰੋਲਿੰਗ ਦੀ ਕਮੀ ਨੂੰ ਮੰਨਦਿਆਂ ਖੱਟਡ਼ਾ ਅਤੇ ਬਰਾਡ਼ ਨੇ ਕਿਹਾ ਕਿ ਏ. ਐੱਸ. ਆਈ ਵਿੱਦਿਆ ਰਤਨ ਨੂੰ ਡਿਊਟੀ ਵਿਚ ਕੁਤਾਹੀ ਵਰਤਨ ’ਤੇ ਸਸਪੈਂਡ ਕਰ ਦਿੱਤਾ ਗਿਆ ਹੈ।