ਕੌੜਾ ਸੱਚ! ਮੁੰਡਿਆਂ ਮਗਰੋਂ ਹੁਣ ‘ਚਿੱਟੇ’ ਦੀ ਲਪੇਟ ’ਚ ਆਈਆਂ ਕੁੜੀਆਂ; ਮਾਂ ਨੂੰ ਵੇਖ ਨਸ਼ੇ 'ਤੇ ਲੱਗਾ ਪੁੱਤ

Thursday, Jul 14, 2022 - 12:12 PM (IST)

ਮੋਗਾ (ਗੋਪੀ ਰਾਊਕੇ) : ਪੰਜਾਬ ਦੀ ਜਵਾਨੀ ਨੂੰ ਸਿਥੈਟਿੰਕ ਡਰੱਗ ‘ਚਿੱਟੇ’ ਦੀ ਲੱਗੀ ਲੱਤ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਿਗਲ ਰਹੀ ਹੈ। ‘ਚਿੱਟੇ’ ਨਸ਼ੇ ਰੂਪੀ ਜਹਿਰ ਵੱਲੋਂ ਆਏ ਦਿਨ ਜਿੱਥੇ ਨੌਜਵਾਨ ਲੜਕਿਆਂ ਦੇ ਘਰਾਂ ਵਿਚ ਸੱਥਰ ਵਿਛਾਏ ਜਾ ਰਹੇ ਹਨ, ਉੱਥੇ ਮੋਗਾ ਵਿਖੇ ਇਕ ਨਵਾਂ ‘ਕੌੜਾ ਸੱਚ’ ਸਾਹਮਣੇ ਆਇਆ ਹੈ, ਜਿਸ ਵਿਚ ਇਹ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਮੁੰਡਿਆਂ ਮਗਰੋਂ ਮਾਲਵਾ ਖਿੱਤੇ ਵਿਚ ਅਜਿਹੀਆਂ ਦਰਜਨਾਂ ਕੁੜੀਆਂ ਵੀ ਹਨ, ਜੋ ਕਥਿਤ ਤੌਰ ’ਤੇ ਇਸ ਨਸ਼ੇ ਦਾ ਸੇਵਨ ਕਰ ਲੱਗੀਆਂ ਹਨ।

ਇਹ ਵੀ ਪੜ੍ਹੋ- ਮਾਲੇਰਕੋਟਲਾ ਦੇ ਵਪਾਰੀਆਂ ਨਾਲ ਜੁੜੀਆਂ 350 ਕਰੋੜ ਦੀ ਹੈਰੋਇਨ ਦੀਆਂ ਤਾਰਾਂ ; ਪੁਲਸ ਰਿਮਾਂਡ 'ਤੇ ਗੈਂਗਸਟਰ ਬੱਗਾ

ਇੱਥੇ ਹੀ ਬੱਸ ਨਹੀਂ ‘ਜਗ ਬਾਣੀ’ ਵੱਲੋਂ ਇਸ ਮਾਮਲੇ ’ਤੇ ਲਗਾਤਾਰ ਦੋ ਦਿਨ ਅਤੇ ਰਾਤਾਂ ਦੌਰਾਨ ਤਿਆਰ ਕੀਤੀ ਅਹਿਮ ਰਿਪੋਰਟ ਵਿਚ ਇਹ ਖੁਲਾਸਾ ਹੋਇਆ ਹੈ ਕਿ ਵਰ੍ਹਿਆਂ ਤੋਂ ਇਸ ਨਸ਼ੇ ਦਾ ਸੇਵਨ ਕਰਨ ਵਾਲੀਆਂ ਕਈ ਕੁੜੀਆਂ ਨੂੰ ਉਨ੍ਹਾਂ ਦੇ ਮਾਪਿਆਂ ਨੇ ਆਪਣੇ ਨਾਲੋਂ ਅੱਡ ਕਰ ਦਿੱਤਾ ਹੈ, ਇਹ ਮਾਮਲਾ ਸਾਹਮਣੇ ਆਉਣ ਮਗਰੋਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਿਥੈਟਿੰਕ ਡਰੱਗ ‘ਚਿੱਟੇ’ ਦੇ ਨਸ਼ੇ ਨੂੰ ਖ਼ਤਮ ਕਰਨ ਦੇ ਉਹ ਸਾਰੇ ਦਾਅਵੇ ਵੀ ਮੁੜ ਖੋਖਲੇ ਹੋ ਗਏ ਹਨ, ਜਿਨ੍ਹਾਂ ਨੂੰ ਪਿਛਲੇ ਤਿੰਨ ਮਹੀਨਿਆਂ ਤੋਂ ਨਵੀਂ ਹਕੂਮਤ ਬਣਨ ਮਗਰੋਂ ਪ੍ਰਸ਼ਾਸਨ ਅਤੇ ਸਰਕਾਰੀ ਅਧਿਕਾਰੀਆਂ ਵੱਲੋਂ ਕੀਤਾ ਜਾ ਰਿਹਾ ਸੀ।

ਲੰਘੀ ਰਾਤ 11 ਵਜੇ ਤੋਂ 2 ਵਜੇ ਤੱਕ ਕੀਤੀ ਗਈ ਪੜ੍ਹਤਾਲ ਦੌਰਾਨ ਇਹ ਕੁੜੀਆਂ ਮੋਗਾ-ਫਿਰੋਜ਼ਪੁਰ ਰੋਡ, ਮੋਗਾ-ਕੋਟਕਪੂਰਾ ਰੋਡ ਅਤੇ ਫੋਕਲ ਪੁਆਇੰਟ ਚੌਂਕੀ ਦੇ ਇਲਾਕੇ 'ਚ ਘੁੰਮਦੀਆਂ ਮਿਲੀਆਂ। ਇਨ੍ਹਾਂ ਵਿਚੋਂ ਜਦੋਂ ਇਕ ਕੁੜੀ ਨਾਲ ਅੱਧੀ ਰਾਤ ਘੁੰਮਣ ਦੀ ਗੱਲ ਕੀਤੀ ਗਈ ਤਾਂ ਉਨ੍ਹਾਂ ਭਰੇ ਮਨ ਨਾਲ ਗੱਲਬਾਤ ਕਰਦਿਆਂ ਮੰਨਿਆਂ ਕਿ ਉਹ ਕਥਿਤ ਤੌਰ ਤੇ ‘ਚਿੱਟੇ’ ਨਸ਼ੇ ਦਾ ਸੇਵਨ ਕਰਦੀ ਹੈ, ਜਿਸ ਦੀ ਪੂਰਤੀ ਲਈ ਹੀ ਉਹ ਘੁੰਮਦੀ ਹੈ। ਉਨ੍ਹਾਂ ਕਿਹਾ ਕਿ ਇਸ ਨਸ਼ੇ ਦੀ ਤੋੜ ਹੋਣ ਕਰ ਕੇ ਅੱਧੀ-ਅੱਧੀ ਰਾਤ ਤੱਕ ਭਟਕਣਾ ਪੈਂਦਾ ਹੈ। ਇਕ ਹੋਰ ਕੁੜੀ ਨੇ ਕਿਹਾ ਕਿ ਉਹ ਵੀ ਆਪਣੀਆਂ ਹੋਰਨਾਂ ਸਹੇਲੀਆਂ ਦੇ ਸੰਪਰਕ ਵਿਚ ਆਉਣ ਮਗਰੋਂ ਇਸ ਨਸ਼ੇ ਦਾ ਸ਼ਿਕਾਰ ਹੋ ਗਈ। ਉਨ੍ਹਾਂ ਕਿਹਾ ਕਿ ਉਹ ਕੁਝ ਸਮਾਂ ਪਹਿਲਾਂ ਹੀ ਇਸ ਨਸ਼ੇ ਦਾ ਸੇਵਨ ਕਰਨ ਲੱਗੀ ਹੈ।

ਇਹ ਵੀ ਪੜ੍ਹੋ- ਪੰਜਾਬ ਵਿਜੀਲੈਂਸ ਵੱਲੋਂ ਲੁਧਿਆਣਾ ਇੰਪਰੂਵਮੈਂਟ ਟਰੱਸਟ 'ਚ ਛਾਪਾ, EO ਨੂੰ ਲਿਆ ਹਿਰਾਸਤ 'ਚ

‘ਜਗ ਬਾਣੀ’ ਕੋਲ ਉਹ ਅਹਿਮ ਦਸਤਾਵੇਜ਼ ਹਨ, ਜਿਨ੍ਹਾਂ ਵਿਚ ਇਨ੍ਹਾਂ ਕੁੜੀਆਂ ਨੇ ਮੰਨਿਆਂ ਹੈ ਉਹ ਇਸ ਦਲਦਲ ਵਿਚੋਂ ਬਾਹਰ ਆਉਣਾ ਚਾਹੁੰਦੀਆਂ ਹਨ, ਪਰੰਤੂ ਉਨ੍ਹਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਹੈ। ਇਕ ਹੋਰ ਕੁੜੀ ਜਿਸ ਦੇ ਸਿਰ ਦਾ ਸਾਈਂ ਵੀ ਇਸ ਨਸ਼ੇ ਕਰ ਕੇ ਜਹਾਨੋ ਕੂਚ ਕਰ ਗਿਆ ਹੈ ਨੇ ਕਿਹਾ ਕਿ ਹੁਣ ਤੱਕ ਸਾਡਾ ਪਰਿਵਾਰ ਲੱਖਾਂ ਰੁਪਏ ਇਸ ਨਸ਼ੇ ਕਰ ਕੇ ਰੋੜ ਗਿਆ ਹੈ। ਇਸ ਕੁੜੀ ਨੇ ਕਿਹਾ ਉਸ ਦੀ 10 ਵਰ੍ਹਿਆਂ ਦੀ ਧੀ ਨੂੰ ਛੱਡ ਕੇ ਜਦੋਂ ਉਹ ਨਸ਼ੇ ਦੀ ਭਾਲ ਵਿਚ ਨਿਕਲਦੀ ਹੈ ਤਾਂ ਧੀ ਰੋਣ ਲੱਗ ਪੈਂਦੀ ਹੈ। ਉਨ੍ਹਾਂ ਹੱਡ ਬੀਤੀ ਸੁਣਾਉਂਦੇ ਦੱਸਿਆ ਕਿ ਬੜਾ ਮਨ ਹੈ ਕਿ ਉਹ ਇਸ ਨਸ਼ੇ ਨੂੰ ਛੱਡ ਦੇਵੇ, ਪਰ ਕੀ ਕਰਾਂ ਇਸ ਨਸ਼ੇ ਦਾ ਸੇਵਨ ਨਾ ਕਰਨ ਕਰ ਕੇ ਜੋ ਸਰੀਰ ਨੂੰ ਤੋੜ ਲੱਗਦੀ ਹੈ ਉਸ ਦਾ ਦਰਦ ਝੱਲਣਾ ਔਖਾ ਹੈ।

ਮਾਂ ਨੂੰ ਦੇਖ ਨਾਬਾਲਿਗ ਪੁੱਤ ਵੀ ਨਸ਼ੇ ’ਤੇ ਲੱਗਿਆ

ਇਸੇ ਦੌਰਾਨ ਹੀ ਇਕ ਕਰਮਾਂ ਮਾਰੀ ਮਾਂ ਨੇ ਹੋਰ ਅਹਿਮ ਖੁਲਾਸਾ ਕਰਦੇ ਹੋਏ ਕਿਹਾ ਕਿ ਉਹ ਨਸ਼ੇ ਦੀ ਦਲਦਲ ਵਿਚੋਂ ਬਾਹਰ ਆਉਣ ਦੀ ਕਈ ਕੋਸ਼ਿਸ਼ਾ ਕਰਦੀ ਹੈ, ਪਰ ਫਿਰ ਵੀ ਉਹ ਇਸ ਵਿਚੋਂ ਹੁਣ ਤੱਕ ਬਾਹਰ ਨਹੀਂ ਆ ਰਹੀ। ਪਿਛਲੇ ਪੰਜ ਵਰ੍ਹਿਆਂ ਤੋਂ ਵੀ ਇਸੇ ਨਸ਼ੇ ਦਾ ਸੇਵਨ ਕਰ ਰਹੀ ਇਸ ਮਾਂ ਦੀਆਂ ਉਦੋਂ ਅੱਖਾਂ ਵਿਚ ਅੱਥਰੂ ਆ ਗਏ, ਜਦੋਂ ਉਸਨੇ ਕਿਹਾ ਕਿ ਹੁਣ ਤਾਂ ਉਸਦਾ ਪੁੱਤ ਵੀ ਨਸ਼ੇ ਦਾ ਆਦੀ ਹੋ ਚੁੱਕਿਆ ਹੈ।

‘ਆਪ’ ਸਰਕਾਰ ਦੌਰਾਨ ਵੀ ਨਹੀਂ ਵਿਕਣੋਂ ਹਟਿਆ ‘ਚਿੱਟਾ’

ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਹ ਦਾਅਵਾ ਕੀਤਾ ਸੀ ਕਿ ਚਿੱਟੇ ਦੇ ਨਸ਼ੇ ਦਾ ਮੁਕੰਮਲ ਖਾਤਮਾ ਕੀਤਾ ਜਾਵੇਗਾ ਪਰ ਮੋਗਾ ਜ਼ਿਲ੍ਹੇ ਸਮੇਤ ਪੰਜਾਬ ਵਿਚ ਇਸੇ ਨਸ਼ੇ ਦਾ ਹਾਲ ਪਹਿਲਾਂ ਨਾਲੋਂ ਵੀ ਮਾੜਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਨਵੀਂ ਸਰਕਾਰ ਹੋਂਦ ਵਿਚ ਆਉਣ ਮਗਰੋਂ ਵੀ ਕਥਿਤ ਤੌਰ ’ਤੇ 10 ਨੌਜਵਾਨਾਂ ਦੀ ਇਸ ਨਸ਼ੇ ਦੇ ਸੇਵਨ ਕਰ ਕੇ ਮੌਤ ਹੋ ਗਈ ਹੈ। ਨਸ਼ੇ ਦਾ ਸੇਵਨ ਕਰਨ ਵਾਲੀ ਕੁੜੀ ਨੇ ਮੋਗਾ ਵਿਚ ਕਈ ਥਾਵਾਂ ਤੋਂ ਚਿੱਟਾ ਨਸ਼ਾ ਮਿਲਣ ਦਾ ਖੁਲਾਸਾ ਵੀ ਕੀਤਾ ਹੈ।

ਰੋਜ਼ਾਨਾ 1 ਤੋਂ 2 ਹਜ਼ਾਰ ਤੱਕ ਦਾ ‘ਚਿੱਟਾ’ ਪੀਂਦੀ ਹੈ ਹਰ ਕੁੜੀ

ਇਨ੍ਹਾਂ ਕੁੜੀਆਂ ਨੇ ਕਿਹਾ ਕਿ ਉਹ ਰੋਜ਼ਾਨਾ 1 ਤੋਂ 2 ਹਜ਼ਾਰ ਰੁਪਏ ਤੱਕ ਚਿੱਟੇ ਨਸ਼ੇ ਦਾ ਸੇਵਨ ਕਰਦੀਆਂ ਹਨ। ਉਨ੍ਹਾਂ ਆਖਿਆ ਕਿ ਕਈ-ਕਈ ਦਿਨ ਉਨ੍ਹਾਂ ਵੱਲੋਂ ਰੋਟੀ ਵੀ ਨਹੀਂ ਬਣਾਈ ਜਾਂਦੀ ਸਿਰਫ਼ ਇਸ ਨਸ਼ੇ ਦਾ ਸੇਵਨ ਕਰ ਕੇ ਹੀ ਸੌ ਜਾਂਦੀਆਂ ਹਨ।

ਪੁਲਸ ਪ੍ਰਸ਼ਾਸਨ ਦਾ ਪੱਖ

ਇਸੇ ਦੌਰਾਨ ਹੀ ਥਾਣਾ ਸਿਟੀ 1 ਦੇ ਮੁੱਖੀ ਦਲਜੀਤ ਸਿੰਘ ਨੇ ਕਿਹਾ ਕਿ ਇਹ ਮਾਮਲੇ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੁੜੀਆਂ ਦੇ ਪਰਿਵਾਰਾਂ ਨਾਲ ਸੰਪਰਕ ਕਰ ਕੇ ਇਨ੍ਹਾਂ ਦਾ ਨਸ਼ਾ ਛੁਡਾਊ ਕੇਂਦਰਾਂ ਵਿਚ ਲਿਜਾ ਕੇ ਇਲਾਜ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਨਸ਼ਿਆਂ ਦੇ ਖਾਤਮੇ ਲਈ ਗੰਭੀਰ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ
 


Harnek Seechewal

Content Editor

Related News