ਰਾਤ 11 ਵਜੇ ਤੋਂ ਬਾਅਦ ਸਰਕਾਰੀ ਬੱਸਾਂ ਵਾਲੇ ਕਰਦੇ ਨੇ ਮਨਮਾਨੀ

02/12/2018 3:17:22 AM

ਫਗਵਾੜਾ, (ਅਭਿਸ਼ੇਕ ਸੂਦ)— ਪੰਜਾਬ ਦੇ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਵਿਚ ਹਰ ਰੋਜ਼ ਹਜ਼ਾਰਾਂ ਲੋਕ ਸਫਰ ਕਰਦੇ ਹਨ, ਜੋ ਕਿ ਲੋਕਲ ਟਰਾਂਸਪੋਰਟੇਸ਼ਨ ਦਾ ਇਕ ਮੁੱਖ ਸਾਧਨ ਹੈ ਪਰ ਦੇਰ ਰਾਤ ਨੂੰ ਸਰਕਾਰੀ ਬੱਸਾਂ ਵਾਲੇ ਆਪਣੀ ਮਨਮਾਨੀ ਕਰਦੇ ਹੋਏ ਨਜ਼ਰ ਆਉਂਦੇ ਹਨ, ਜਿਸ 'ਚ ਉਹ ਦਿੱਲੀ ਜਾਣ ਵਾਲੀਆਂ ਬੱਸਾਂ ਵਿਚ ਅਗਲੇ ਸ਼ਹਿਰ ਤੱਕ ਜਾਣ ਵਾਲੀਆਂ ਸਵਾਰੀਆਂ ਨੂੰ ਬਿਠਾਉਣ ਤੋਂ ਸਾਫ ਮਨ੍ਹਾ ਕਰ ਦਿੰਦੇ ਹਨ। 
ਜਿਵੇਂ ਕਿ ਜਲੰਧਰ ਬੱਸ ਸਟੈਂਡ ਤੋਂ ਦੇਰ ਰਾਤ ਚੱਲਣ ਵਾਲੀਆਂ ਸਰਕਾਰੀ ਬੱਸਾਂ ਫਗਵਾੜਾ ਜਾਣ ਵਾਸਤੇ ਖੜ੍ਹੀਆਂ ਸਵਾਰੀਆਂ ਨੂੰ ਬਿਠਾਉਣ ਤੋਂ ਮਨ੍ਹਾ ਕਰ ਦਿੰਦੀਆਂ ਹਨ ਤੇ ਫਗਵਾੜਾ ਤੋਂ ਦਿੱਲੀ ਜਾਣ ਵਾਲੀਆਂ ਬੱਸਾਂ ਵਿਚ ਗੁਰਾਇਆ ਅਤੇ ਫਿਲੌਰ ਦੀਆਂ ਸਵਾਰੀਆਂ ਨਹੀਂ ਬਿਠਾਉਂਦੇ। ਉਸ ਵੇਲੇ ਆਪਣੇ ਘਰ ਜਾਣ ਲਈ ਖੜ੍ਹੀਆਂ ਸਵਾਰੀਆਂ ਬਹੁਤ ਹੀ ਲਾਚਾਰ ਦਿਖਾਈ ਦਿੰਦੀਆਂ ਹਨ ਕਿਉਂਕਿ ਉਸ ਵੇਲੇ ਨਾ ਤਾਂ ਚੈਕਿੰਗ ਲਈ ਕੋਈ ਮੌਜੂਦ ਹੁੰਦਾ ਹੈ ਅਤੇ ਨਾ ਹੀ ਕੋਈ ਅਫਸਰ ਦਿਸਦਾ ਹੈ। 
PunjabKesari
ਜਦੋਂ ਬੀਤੀ ਦੇਰ ਰਾਤ ਜਲੰਧਰ ਬੱਸ ਸਟੈਂਡ ਵਿਖੇ ਮੌਜੂਦ 'ਜਗ ਬਾਣੀ' ਦੀ ਟੀਮ ਨੇ ਉਕਤ ਬੱਸਾਂ ਦੇ ਕੰਡਕਟਰਾਂ ਨਾਲ ਗੱਲਬਾਤ ਕੀਤੀ ਅਤੇ ਖੜ੍ਹੀਆਂ ਹੋਈਆਂ ਸਵਾਰੀਆਂ ਨੂੰ ਨਾ ਬਿਠਾਉਣ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਸਰਕਾਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਨਿਯਮਾਂ ਵਿਚ ਦਿੱਲੀ ਜਾਣ ਵਾਲੀ ਬੱਸ ਦਾ ਫਗਵਾੜਾ ਵਿਚ ਸਟਾਪ ਨਹੀਂ ਹੈ ਅਤੇ ਲਾਚਾਰ ਖੜ੍ਹੀਆਂ ਸਵਾਰੀਆਂ ਲਈ ਉਨ੍ਹਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ। 'ਜਗ ਬਾਣੀ' ਨਾਲ ਗੱਲਬਾਤ ਦੌਰਾਨ ਉਕਤ ਸਵਾਰੀਆਂ ਨੇ ਆਪਣੀਆਂ ਮੁਸ਼ਕਲਾਂ ਬਿਆਨ ਕਰਦਿਆਂ ਕਿਹਾ ਕਿ ਰਾਤ ਨੂੰ ਕੋਈ ਲੋਕਲ ਬੱਸ ਸਰਵਿਸ ਨਹੀਂ ਹੁੰਦੀ ਅਤੇ ਜਿਹੜੀਆਂ ਸਰਕਾਰੀ ਬੱਸਾਂ ਮੌਜੂਦ ਹੁੰਦੀਆਂ ਹਨ, ਉਹ ਦਿੱਲੀ ਜਾਣ ਵਾਲੀਆਂ ਹੁੰਦੀਆਂ ਹਨ ਅਤੇ ਰਸਤੇ 'ਚ ਪੈਂਦੇ ਫਗਵਾੜਾ ਸ਼ਹਿਰ ਨੂੰ ਜਾਣ ਵਾਲੀਆਂ ਸਵਾਰੀਆਂ ਨਹੀਂ ਬਿਠਾਉਂਦੇ, ਜਿਸ ਕਾਰਨ ਸਵਾਰੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਦੀ ਦੁਹਾਈ ਸੁਣਨ ਵਾਲਾ ਕੋਈ ਨਹੀਂ ਹੈ। 
ਇਸ 'ਚ ਹੱਦ ਤਾਂ ਉਦੋਂ ਹੋ ਗਈ ਜਦੋਂ ਕੰਡਕਟਰ ਨਾਲ ਗੱਲਬਾਤ ਕਰਨ ਦੇ ਬਾਵਜੂਦ ਉਸ ਨੇ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਫਗਵਾੜਾ ਜਾਣ ਵਾਲੀਆਂ ਸਵਾਰੀਆਂ ਨੂੰ ਛੱਡ ਕੇ ਜਲੰਧਰ ਤੋਂ ਦਿੱਲੀ ਜਾਣ ਵਾਲੀ ਬੱਸ ਚਲੀ ਗਈ। ਇਸ ਤਰ੍ਹਾਂ ਇਹ ਸਾਫ ਹੋ ਗਿਆ ਕਿ ਸਰਕਾਰੀ ਬੱਸ ਵਾਲਿਆਂ ਨੂੰ ਕਿਸੇ ਦਾ ਵੀ ਡਰ ਨਹੀਂ ਹੈ ਤੇ ਪ੍ਰਸ਼ਾਸਨ ਆਰਾਮ ਨਾਲ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। 
ਕਿਸੇ ਦੇ ਦਿਹਾਂਤ 'ਤੇ ਅਚਾਨਕ ਜਾਣਾ ਹੈ ਪਰ ਬੱਸ ਵਾਲਾ ਬਿਠਾ ਨਹੀਂ ਰਿਹਾ : ਸੋਨੀਆ
ਉਕਤ ਸਮੇਂ ਬੱਸ ਸਟੈਂਡ 'ਤੇ ਇਕ ਔਰਤ ਯਾਤਰੀ ਨੇ ਬੜੇ ਦੁਖੀ ਹਿਰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਨੂੰ ਅਚਾਨਕ ਕਿਸੇ ਰਿਸ਼ਤੇਦਾਰ ਦੀ ਮਰਗ 'ਤੇ ਅਗਲੇ ਸ਼ਹਿਰ ਜਾਣਾ ਹੈ ਪਰ ਬੱਸ ਵਾਲਾ ਉਸ ਨੂੰ ਬਿਠਾ ਨਹੀਂ ਰਿਹਾ, ਜਿਸ ਕਾਰਨ ਉਸ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਕਿਸੇ ਨੂੰ ਆਪਣਾ ਹਾਲ ਸੁਣਾ ਨਹੀਂ ਸਕਦੀ। ਉਸ ਨੇ ਕਿਹਾ ਕਿ ਬੱਸ ਸਰਵਿਸ ਵਿਚ ਇਹ ਜ਼ਰੂਰੀ ਸੁਧਾਰ ਕੋਈ ਨਹੀਂ ਕਰ ਰਿਹਾ ਤੇ ਟਰਾਂਸਪੋਰਟ ਮੰਤਰੀ ਤਾਂ ਆਪਣੇ ਲਾਲ ਬੱਤੀ ਵਾਲੇ ਕਾਫਲੇ 'ਚ ਸਵਾਰ ਹੁੰਦੇ ਹਨ। ਉਨ੍ਹਾਂ ਨੂੰ ਬੱਸ 'ਚ ਸਫਰ ਕਰਨ ਵਾਲੀਆਂ ਸਵਾਰੀਆਂ ਦੀ ਨਾ ਤਾਂ ਕੋਈ ਫਿਕਰ ਹੈ ਅਤੇ ਨਾ ਹੀ ਕੋਈ ਖਬਰ ਹੈ। 


Related News