ਐਫਲੀਏਟਿਡ ਸਕੂਲਜ਼ ਐਸੋਸੀਏਸ਼ਨ ਵਲੋਂ  ਡੀ.ਈ.ਓ. ਦਫ਼ਤਰ ਘੇਰਣ ਦੀ ਚਿਤਾਵਨੀ ਦੀ ਮੀਟਿੰਗ

Sunday, Apr 21, 2019 - 05:01 PM (IST)

ਬਟਾਲਾ (ਬੇਰੀ, ਵਿਪਨ)— ਰੈਕੋਗਨਾਈਜ਼ਡ ਐਂਡ ਐਫਲੀਏਟਿਡ ਸਕੂਲਜ਼ ਐਸੋਸੀਏਸ਼ਨ, ਗੁਰਦਾਸਪੁਰ ਦੀ ਇਕ ਮੀਟਿੰਗ ਸੂਬਾ ਜਨਰਲ ਸਕੱਤਰ ਕੁਲਵੰਤ ਰਾਏ ਦੀ ਪ੍ਰਧਾਨਗੀ ਹੇਠ ਬਟਾਲਾ ਕਲੱਬ ਵਿਖੇ ਹੋਈ, ਜਿਸ 'ਚ ਵੱਖ-ਵੱਖ ਆਗੂਆਂ ਦੀ ਹਾਜ਼ਰੀ 'ਚ ਸਰਕਾਰ ਵਲੋਂ ਪੰਜਾਬ ਦੇ ਮਾਨਤਾ ਪ੍ਰਾਪਤ ਤੇ ਐਫਲੀਏਟਿਡ ਸਕੂਲਾਂ ਜੋ ਧੱਕੇਸ਼ਾਹੀਆਂ ਕੀਤੀਆਂ ਜਾ ਰਹੀਆਂ ਹਨ, ਦੇ ਸਬੰਧ 'ਚ ਵਿਰੋਧ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਐਸੋਸੀਏਸ਼ਨ ਦੀਆਂ ਮੰਗਾਂ ਨਾ ਮੰਨੀਆਂ ਤਾਂ ਆਗਾਮੀ ਲੋਕ ਸਭਾ ਚੋਣਾਂ 'ਚ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਦਾ ਬਾਈਕਾਟ ਕੀਤਾ ਜਾਵੇਗਾ ਤੇ ਪੰਜਾਬ ਭਰ ਦੇ 5500 ਸਕੂਲਾਂ ਨੂੰ ਤਾਲੇ ਜੜ੍ਹ ਕੇ ਚਾਬੀਆਂ ਮੁੱਖ ਮੰਤਰੀ ਪੰਜਾਬ ਨੂੰ ਸੌਂਪ ਦਿੱਤੀਆਂ ਜਾਣਗੀਆਂ।

ਨੁਮਾਇੰਦਿਆਂ ਨੇ ਕਿਹਾ ਕਿ ਈ-ਪੰਜਾਬ ਪੋਰਟਲ 'ਤੇ ਸਰਕਾਰੀ ਸਕੂਲ ਨੂੰ ਵਿਸ਼ੇਸ਼ ਅਧਿਕਾਰ ਤੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਪਿਛਲੇ ਸਕੂਲਾਂ ਦੇ ਲਿਵਿੰਗ ਸਰਟੀਫਿਕੇਟ ਦੇ ਬਿਨਾਂ ਦਾਖ਼ਲ ਕਰਨ ਦੀ ਛੋਟ ਦਿੱਤੀ ਗਈ ਹੈ ਜੋ ਗ਼ੈਰ-ਕਾਨੂੰਨੀ ਹੈ, ਸਿੱਖਿਆ ਵਿਭਾਗ ਵਲੋਂ ਜਾਰੀ ਆਮਦਨ ਲੇਖਾ-ਜੋਖਾ ਪ੍ਰੋਫਾਰਮਾ ਨਾ ਭਰਨ ਦਾ ਫ਼ੈਸਲਾ ਲਿਆ ਗਿਆ ਹੈ, ਬੋਰਡ ਵਲੋਂ ਸਕੂਲਾਂ ਨੂੰ ਬੋਰਡ ਦੀਆਂ ਕਿਤਾਬਾਂ ਖ਼ਰੀਦਣ ਤੇ ਵੇਚਣ ਲਈ ਮਜ਼ਬੂਰ ਕੀਤਾ ਜਾਂਦਾ ਹੈ, ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਮੁਖੀਆਂ ਦੀ ਸੂਚੀ ਬਣਾ ਕੇ ਐਫਲੀਏਟਿਡ ਸਕੂਲਾਂ ਦੀ ਚੈਕਿੰਗ ਕਰਨ ਦਾ ਫ਼ਰਮਾਨ ਦਿੱਤਾ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਐਸੋਸੀਏਸ਼ਨ ਦੀਆਂ ਮੰਗਾਂ ਲਾਗੂ ਕੀਤੀਆਂ ਜਾਣ, ਨਹੀਂ ਤਾਂ ਡੀ.ਈ.ਓ. ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਜਗਤਪਾਲ ਮਹਾਜਨ ਬਟਾਲਾ, ਬਲਕਾਰ ਸਿੰਘ ਫਤਿਹਗੜ੍ਹ ਚੂੜੀਆਂ, ਹਰਦੇਵ ਸਿੰਘ ਫਤਿਹਗੜ੍ਹ ਚੂੜੀਆਂ, ਵੱਸਣ ਸਿੰਘ ਫਤਿਹਗੜ੍ਹ ਚੂੜੀਆਂ, ਚਰਨਜੀਤ ਸਿੰਘ ਪਾਰੋਵਾਲ, ਹਰਭਿੰਦਰ ਸਿੰਘ ਅਲੀਵਾਲ, ਹਰਵਿੰਦਰ ਸਿੰਘ ਬਹਾਦਰ ਹੁਸੈਨ, ਜਰਨੈਲ ਸਿੰਘ ਮੀਰਪੁਰ, ਭੁਪਿੰਦਰ ਸਿੰਘ ਹਸਨਪੁਰਾ, ਜਗੀਰ ਸਿੰਘ ਕਾਹਲੋਂ ਬਟਾਲਾ, ਗੁਰਮੀਤ ਸਿੰਘ ਮਾਨ ਨਗਰ, ਮਦਨ ਲਾਲ ਵੀ ਹਾਜ਼ਰ ਸਨ।


Shyna

Content Editor

Related News