11ਵੀਂ ਜਮਾਤ ''ਚ ਘਰ ਬੈਠੇ ਹੀ ਮਿਲੇਗਾ ਦਾਖ਼ਲਾ, ਇਸ ਤਾਰੀਖ਼ ਤੱਕ ਹੋਵੇਗੀ ਆਨਲਾਈਨ ਰਜਿਸਟ੍ਰੇਸ਼ਨ
Wednesday, May 21, 2025 - 01:52 PM (IST)

ਚੰਡੀਗੜ੍ਹ (ਆਸ਼ੀਸ਼) : ਸਿੱਖਿਆ ਵਿਭਾਗ ਨੇ 11ਵੀਂ ’ਚ ਦਾਖ਼ਲੇ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ। ਬੱਚਿਆਂ ਨੂੰ 21 ਮਈ ਤੋਂ 6 ਜੂਨ ਤੱਕ 42 ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ’ਚ ਦਾਖ਼ਲੇ ਲਈ ਆਨਲਾਈਨ ਅਪਲਾਈ ਕਰਨਾ ਹੋਵੇਗਾ। ਫਾਰਮ ਵੈੱਬਸਾਈਟ ’ਤੇ ਉਪਲੱਬਧ ਹੋਵੇਗਾ। ਸਰਕਾਰੀ ਸਕੂਲਾਂ ਤੋਂ 10ਵੀਂ ਪਾਸ ਬੱਚਿਆਂ ਲਈ 85 ਫ਼ੀਸਦੀ ਸੀਟਾਂ ਰਾਖਵੀਆਂ ਹਨ। ਕਲਾਸਾਂ ਪਹਿਲੀ ਜੁਲਾਈ ਤੋਂ ਸ਼ੁਰੂ ਹੋਣਗੀਆਂ। ਮੰਗਲਵਾਰ ਨੂੰ ਮੁੱਖ ਸਕੱਤਰ ਰਾਜੀਵ ਵਰਮਾ ਨੇ 11ਵੀਂ ਦਾ ਪ੍ਰਾਸਪੈਕਟਸ ਜਾਰੀ ਕੀਤਾ। ਸਾਰੇ ਸਰਕਾਰੀ ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ’ਚ ਕੰਮਕਾਜੀ ਦਿਨਾਂ ’ਚ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਹੈਲਪ ਡੈਸਕ ਸਥਾਪਿਤ ਕੀਤੇ ਜਾਣਗੇ। ਇਸ ’ਚ ਅਧਿਆਪਕ ਫਾਰਮ ਭਰਨ ਜਾਂ ਫੈਕਲਟੀ ਦੀ ਚੋਣ ਕਰਨ ’ਚ ਮਦਦ ਕਰਨਗੇ। ਸ਼ਹਿਰੀ ਵਿਦਿਆਰਥੀਆਂ, ਚੰਡੀਗੜ੍ਹ ਤੇ ਹੋਰ ਸੂਬਿਆਂ ਤੋਂ ਇਲਾਵਾ ਹੋਰ ਬੋਰਡਾਂ ਦੇ ਸਕੂਲਾਂ ਤੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਲਈ ਵੱਖੋ-ਵੱਖਰੇ ਫਾਰਮ ਹੋਣਗੇ। ਇਕ ਉਮੀਦਵਾਰ ਆਪਣੀ ਪਸੰਦ ਦੇ ਵੱਧ ਤੋਂ ਵੱਧ 20 ਸਕੂਲਾਂ ਤੇ ਸਟਰੀਮਾਂ ਦਾ ਵਿਕਲਪ ਭਰ ਸਕਦਾ ਹੈ। 90 ਫ਼ੀਸਦੀ ਅਤੇ ਇਸ ਤੋਂ ਵੱਧ ਅੰਕਾਂ ਵਾਲੇ ਉਮੀਦਵਾਰਾਂ ਲਈ ਘੱਟੋ-ਘੱਟ 10 ਸਕੂਲਾਂ ਨੂੰ ਭਰਨਾ ਜ਼ਰੂਰੀ ਹੈ। 80-90 ਫ਼ੀਸਦੀ ਅੰਕ ਪ੍ਰਾਪਤ ਕਰਨ ਵਾਲੇ ਉਮੀਦਵਾਰਾਂ ਨੂੰ 15 ਵਿਕਲਪ ਭਰਨੇ ਪੈਣਗੇ। 60-80 ਫ਼ੀਸਦੀ ਅੰਕਾਂ ਵਾਲੇ ਵਿਦਿਆਰਥੀਆਂ ਨੂੰ 20 ਵਿਕਲਪ ਭਰਨੇ ਪੈਣਗੇ, ਜਦੋਂਕਿ 60 ਫ਼ੀਸਦੀ ਤੋਂ ਘੱਟ ਅੰਕਾਂ ਵਾਲੇ ਵਿਦਿਆਰਥੀਆਂ ਨੂੰ ਸਕੂਲ ਅਤੇ ਸਟਰੀਮ ਦੀ ਪਸੰਦ ਦੇ 25 ਵਿਕਲਪ ਭਰਨੇ ਪੈਣਗੇ। ਜੇਕਰ ਅਜਿਹਾ ਨਹੀਂ ਕੀਤਾ ਤਾਂ ਰਜਿਸਟ੍ਰੇਸ਼ਨ ਫਾਰਮ ਸਵੀਕਾਰ ਨਹੀਂ ਕੀਤਾ ਜਾਵੇਗਾ। ਦੱਸ ਦੇਈਏ ਕਿ ਸ਼ਹਿਰ ’ਚ 42 ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਨ। ਇਨ੍ਹਾਂ ’ਚ 18 ਮੈਡੀਕਲ, 17 ਨਾਨ-ਮੈਡੀਕਲ, 23 ਕਾਮਰਸ, 39 ਆਰਟਸ ਤੇ 23 ਕਿੱਤਾਮੁਖੀ ਕੋਰਸ ਸ਼ਾਮਲ ਹਨ।
ਇਹ ਹੈ ਸ਼ਡਿਊਲ
ਰਜਿਸਟ੍ਰੇਸ਼ਨ ਸ਼ੁਰੂ : 21 ਮਈ
ਆਖ਼ਰੀ ਤਾਰੀਖ਼ : 6 ਜੂਨ
ਮੈਰਿਟ ਲਿਸਟ ਜਾਰੀ : 12 ਜੂਨ
ਆਬਜੈਕਸ਼ਨ ਕਰਨ ਦਾ ਸਮਾਂ : 12-13 ਜੂਨ
ਆਬਜੈਕਸ਼ਨ ਹੱਲ : 16 ਜੂਨ
ਸੀਟ ਅਲਾਟਮੈਂਟ ਲਿਸਟ : 20 ਜੂਨ
ਫ਼ੀਸ ਭਰਨ ਦਾ ਸਮਾਂ : 20-27 ਜੂਨ
ਦਸਤਾਵੇਜ਼ ਵੈਰੀਫਿਕੇਸ਼ਨ : 28-30 ਜੂਨ
ਕਲਾਸਾਂ ਦੀ ਸ਼ੁਰੂਆਤ : 1 ਜੁਲਾਈ
ਇਹ ਹੈ ਦਾਖ਼ਲਾ ਪ੍ਰੋਸੈੱਸ
ਚੰਡੀਗੜ੍ਹ ਸਿੱਖਿਆ ਵਿਭਾਗ ਦੀ ਵੈੱਬਸਾਈਟ ’ਤੇ ਰਜਿਸਟਰ ਕਰੋ।
ਰਜਿਸਟ੍ਰੇਸ਼ਨ ਤੋਂ ਬਾਅਦ ਕ੍ਰਿਡੇਸ਼ੀਅਲ ਕ੍ਰਿਏਟ ਹੋਏ ਹਨ, ਉਨ੍ਹਾਂ ਨਾਲ ਲਾਗਇਨ ਕਰੋ।
ਸਰਕਾਰੀ ਸਕੂਲਾਂ ਤੋਂ ਪਾਸ ਤੇ ਨਿੱਜੀ ਸਕੂਲਾਂ ਤੇ ਹੋਰ ਸੂਬਿਆਂ ਦੇ ਬੋਰਡਾਂ ਲਈ ਵੱਖਰੇ-ਵੱਖਰੇ ਰਜਿਸਟ੍ਰੇਸ਼ਨ ਫਾਰਮ ਹੋਣਗੇ।
250 ਰੁਪਏ ਦੀ ਰਜਿਸਟ੍ਰੇਸ਼ਨ ਫ਼ੀਸ ਜੋ ਨਾਨ ਰਿਫੰਡੇਬਲ ਹੈ, ਦਾ ਭੁਗਤਾਨ ਕਰਨਾ ਹੋਵੇਗਾ। ਪਿਛਲੇ ਸਾਲ ਨਾਲੋਂ 25 ਰੁਪਏ ਵੱਧ ਹੈ।
ਸਕੂਲਾਂ ਤੇ ਫੈਕਲਟੀ ਦੀ ਚੋਣ ਦੇ ਨਾਲ ਚਾਰ-ਪੜਾਅ ਦਾ ਆਨਲਾਈਨ ਰਜਿਸਟ੍ਰੇਸ਼ਨ ਫਾਰਮ ਪੂਰਾ ਕਰਨਾ ਹੋਵੇਗਾ। ਇਸ ’ਚ ਬੱਚਿਆਂ ਨੂੰ ਦਸਤਾਵੇਜ਼, ਪ੍ਰਾਪਤ ਕੀਤੇ ਅੰਕ, ਪ੍ਰੈਫਰੈਂਸੈੱਸ ਤੇ ਦਸਤਾਵੇਜ਼ ਅਪਲੋਡ ਕਰਨੇ ਹੋਣਗੇ।
ਈ. ਮੇਲ ਆਈ. ਡੀ. ’ਤੇ ਗ੍ਰਿਵਾਂਸੈੱਸ ਰਿਪੋਰਟ ਕਰੋ।
ਇੰਝ ਹੋਵੇਗੀ ਸੀਟ ਅਲਾਟ
ਮੈਡੀਕਲ, ਨਾਨ-ਮੈਡੀਕਲ, ਕਾਮਰਸ, ਆਰਟਸ ਅਤੇ ਵੋਕੇਸ਼ਨਲ ਫੈਕਲਟੀ ’ਚ ਕੁੱਲ 13875 ਸੀਟਾਂ ਹਨ। ਇਨ੍ਹਾਂ ’ਚੋਂ 85 ਫ਼ੀਸਦੀ ਤਹਿਤ 11794 ਸੀਟਾਂ ਸਰਕਾਰੀ ਸਕੂਲਾਂ ਤੋਂ 10ਵੀਂ ਪਾਸ ਕਰਨ ਵਾਲੇ ਬੱਚਿਆਂ ਤੇ 15 ਫ਼ੀਸਦੀ ਤਹਿਤ 2081 ਸੀਟਾਂ ਚੰਡੀਗੜ੍ਹ ਦੇ ਨਿੱਜੀ ਸਕੂਲਾਂ, ਹੋਰ ਸੂਬਿਆਂ ਤੇ ਹੋਰ ਬੋਰਡਾਂ ਦੇ ਬੱਚੇ ਹੋਣਗੇ। ਸੀਟਾਂ ਬੋਰਡ ਪ੍ਰੀਖਿਆ ਦੇ ਅੰਕਾਂ ਦੀ ਪ੍ਰਤੀਸ਼ਤਤਾ, ਉਨ੍ਹਾਂ ਦੀ ਸਕੂਲ ਪਸੰਦ ਤੇ ਸੀਟਾਂ ਦੀ ਉਪਲਬਧਤਾ ’ਤੇ ਭਰੀਆਂ ਜਾਣਗੀਆਂ। 85 ਫ਼ੀਸਦੀ ’ਚ ਜੋ ਸੀਟਾਂ ਖ਼ਾਲੀ ਰਹਿ ਜਾਣਗੀਆਂ, ਉਨ੍ਹਾਂ ਨੂੰ ਵੀ ਨਿੱਜੀ ਸਕੂਲਾਂ, ਹੋਰ ਸੂਬਿਆ ਤੇ ਬੋਰਡਾਂ ਦੇ ਬੱਚਿਆਂ ਲਈ ਉਪਲਬਧ ਕਰਵਾਈਆਂ ਜਾਣਗੀਆਂ।