ਸੜਕਾਂ ''ਤੇ ਮੌਤ ਵੰਡਦੇ ਵਾਹਨਾਂ ''ਤੇ ਪਾਬੰਦੀ ਲਾਉਣ ''ਚ ਪ੍ਰਸ਼ਾਸਨ ਫੇਲ

Monday, Oct 09, 2017 - 06:39 AM (IST)

ਸੜਕਾਂ ''ਤੇ ਮੌਤ ਵੰਡਦੇ ਵਾਹਨਾਂ ''ਤੇ ਪਾਬੰਦੀ ਲਾਉਣ ''ਚ ਪ੍ਰਸ਼ਾਸਨ ਫੇਲ

ਸੁਲਤਾਨਪੁਰ ਲੋਧੀ, (ਧੀਰ)- ਸੜਕਾਂ 'ਤੇ ਨਾਜਾਇਜ਼ ਤੌਰ 'ਤੇ ਧੜੱਲੇ ਨਾਲ ਦੌੜ ਕੇ ਮੌਤ ਵੰਡਦੇ ਵਾਹਨਾਂ 'ਤੇ ਪਾਬੰਦੀ ਲਾਉਣ 'ਚ ਪ੍ਰਸ਼ਾਸਨ ਫੇਲ ਸਾਬਤ ਹੋ ਰਿਹਾ ਹੈ। ਇਸ ਸਭ ਦੇ ਪਿੱਛੇ ਮੁੱਖ ਰੂਪ 'ਚ ਸਰਕਾਰ ਦੀਆਂ ਨੀਤੀਆਂ ਹੀ ਜ਼ਿੰਮੇਵਾਰ ਹਨ ਜੋ ਸਿਰਫ ਵੋਟਾਂ ਦੀ ਰਾਜਨੀਤੀ ਖੇਡਦੀਆਂ ਹੋਈਆਂ ਅਜਿਹੇ ਲੋਕਾਂ ਖਿਲਾਫ ਅਫਸਰਾਂ ਨੂੰ ਸਖਤ ਕਾਰਵਾਈ ਕਰਨ ਦੀ ਖੁੱਲ੍ਹੀ ਛੋਟ ਨਹੀਂ ਦੇ ਰਹੀਆਂ। ਸੜਕਾਂ 'ਤੇ ਓਵਰਲੋਡਿਡ ਚੱਲ ਰਹੇ ਵਾਹਨ, ਦੋ-ਪਹੀਆ ਵਾਹਨਾਂ ਤੋਂ ਇਲਾਵਾ ਫੂਸ ਨਾਲ ਲੱਦੇ ਹੋਏ ਟਰੱਕ, ਟਰੈਕਟਰ-ਟਰਾਲੀ ਤੇ ਕੰਬਾਇਨਾਂ ਦਾ ਅੱਗੇ ਕਟਰ ਲਾ ਕੇ ਸੜਕ 'ਤੇ ਚੜ੍ਹਨਾ ਆਦਿ ਅਜਿਹੇ ਆਵਾਜਾਈ ਦੇ ਨਿਯਮਾਂ ਦੀ ਉਲੰਘਣ ਹਨ, ਜੋ ਆਏ ਦਿਨ ਲੋਕਾਂ ਦੇ ਘਰਾਂ ਦੇ ਚਿਰਾਗ ਬੁਝਾ ਰਹੇ ਹਨ। ਇਸ ਤੋਂ ਇਲਾਵਾ ਰੋਜ਼ਾਨਾ ਰੇਤ ਤੇ ਮਿੱਟੀ ਨਾਲ ਭਰੀਆਂ ਟਰੈਕਟਰ-ਟਰਾਲੀਆਂ ਜਦੋਂ ਸੜਕਾਂ ਤੋਂ ਗੁਜ਼ਰਦੀਆਂ ਹਨ ਤਾਂ ਹਵਾ ਨਾਲ ਉੱਡ ਕੇ ਰੇਤ, ਮਿੱਟੀ ਰਸਤੇ 'ਤੇ ਜਾ ਰਹੇ ਦੋ-ਪਹੀਆ ਵਾਹਨ ਸਵਾਰ ਦੀਆਂ ਅੱਖਾਂ 'ਚ ਪੈ ਕੇ ਮੌਤ ਦਾ ਕਾਰਨ ਬਣ ਜਾਂਦੀ ਹੈ। ਇਸ ਤੋਂ ਇਲਾਵਾ ਭਾਰ ਢੋਣ ਵਾਲੇ ਛੋਟੇ ਵਾਹਨ, ਛੋਟਾ ਹਾਥੀ, ਟੈਂਪੂ, ਮਹਿੰਦਰਾ ਆਦਿ ਗੱਡੀਆਂ 'ਚ ਵਾਹਨ ਮਾਲਕ ਹੱਦ ਤੋਂ ਜ਼ਿਆਦਾ ਸਵਾਰੀਆਂ ਨੂੰ ਬਿਠਾ ਕੇ ਯਾਤਰਾਵਾਂ 'ਤੇ ਨਿਕਲ ਜਾਂਦੇ ਹਨ ਤੇ ਕਈ ਵਾਰ ਹਾਦਸਿਆਂ ਦਾ ਕਾਰਨ ਬਣਦੇ ਹਨ। ਇਸ ਸਭ ਦੇ ਬਾਵਜੂਦ ਪ੍ਰਸ਼ਾਸਨ ਅੱਖਾਂ ਮੀਟ ਬੈਠਾ ਹੈ ਤੇ ਕਿਸੇ ਵੱਡੀ ਅਣਸੁਖਾਵੀਂ ਘਟਨਾ ਦਾ ਇੰਤਜ਼ਾਰ ਕਰ ਰਿਹਾ ਹੈ। ਸਮਾਜ ਸੇਵੀ ਸੰਸਥਾਵਾਂ ਦਾ ਕਹਿਣਾ ਹੈ ਕਿ ਜਦੋਂ ਇਹ ਲੋਕ ਚੰਡੀਗੜ੍ਹ  ਜਾਂ ਕਿਸੇ ਹੋਰ ਵੱਡੇ ਸ਼ਹਿਰ ਜਾਂਦੇ ਹਨ ਤਾਂ ਕਿਵੇਂ ਸਭ ਨਿਯਮਾਂ ਦਾ ਪਾਲਣਾ ਕਰਨ ਲੱਗ ਪੈਂਦੇ ਹਨ। ਇਸ ਦਾ ਪੇਂਡੂ ਭਾਸ਼ਾ 'ਚ ਸਿੱਧਾ ਜਿਹਾ ਜਵਾਬ ਇਹੀ ਹੈ ਕਿ ਇਨ੍ਹਾਂ ਸ਼ਹਿਰਾਂ 'ਚ ਪ੍ਰਸ਼ਾਸਨ ਦਾ ਡੰਡਾ ਕਾਇਮ ਹੈ ਤੇ ਇਹ ਡੰਡਾ ਵੱਡਿਆਂ-ਵੱਡਿਆਂ ਨੂੰ ਸਿੱਧਾ ਕਰਨ ਦੀ ਸਮਰੱਥਾ ਰੱਖਦਾ ਹੈ।


Related News