ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਲੱਖਾਂ 'ਚ ਪਵੇਗੀ ਘਰ ਵਾਪਸੀ

Friday, May 08, 2020 - 10:54 PM (IST)

ਜਲੰਧਰ (ਸ ਹ) : ਕੋਰੋਨਾ ਸੰਕਟ ਦੌਰਾਨ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਘਰ ਵਾਪਸੀ ਲੱਖਾਂ ਰੁਪਏ 'ਚ ਪਵੇਗੀ ਅਤੇ ਵਿਦੇਸ਼ਾਂ 'ਚ ਫਸੇ ਭਾਰਤੀਆਂ ਨੂੰ ਫਲਾਇਟ ਦੇ ਟਿਕਟ ਤੋਂ ਇਲਾਵਾ ਵਾਪਸੀ 'ਤੇ ਕੁਆਰੰਟੀਨ ਦਾ ਖਰਚ ਖੁਦ ਚੁੱਕਣਾ ਪਵੇਗਾ। ਸਰਕਾਰ ਨੇ ਇੱਕ ਹਫਤੇ ਦੇ ਅੰਦਰ ਕਰੀਬ 15 ਹਜ਼ਾਰ ਭਾਰਤੀਆਂ ਦੀ ਵਾਪਸੀ ਦਾ ਖਾਕਾ ਤਿਆਰ ਕੀਤਾ ਹੈ ਅਤੇ ਇਨ੍ਹਾਂ 'ਚੋਂ ਕੁੱਝ ਫਲਾਇਟਾਂ ਹੁਣ ਦੇਸ਼ 'ਚ ਪਹੁੰਚਣੀਆਂ ਸ਼ੁਰੂ ਵੀ ਹੋ ਗਈਆਂ ਹਨ। ਇਨ੍ਹਾਂ ਪ੍ਰਵਾਸੀਆਂ ਨੂੰ ਵਾਪਸੀ 'ਤੇ 14 ਦਿਨ ਲਈ ਕੁਆਰੰਟੀਨ ਕੀਤਾ ਜਾਵੇਗਾ ਅਤੇ 14 ਦਿਨ ਦੇ ਬਾਅਦ ਹੀ ਇਹ ਆਪਣੇ ਘਰ ਜਾ ਸਕਣਗੇ।  ਹਾਲਾਂਕਿ ਦੇਸ਼ ਦੇ ਵੱਖ-ਵੱਖ ਰਾਜ ਸਰਕਾਰਾਂ ਨੇ ਸਰਕਾਰੀ ਪੱਧਰ 'ਤੇ ਇਨ੍ਹਾਂ ਨੂੰ ਕੁਆਰੰਟੀਨ ਕਰਣ ਦੀ ਵਿਵਸਥਾ ਵੀ ਕੀਤੀ ਹੈ ਪਰ ਹਰ ਜ਼ਿਲ੍ਹੇ 'ਚ ਪ੍ਰਸ਼ਾਸਨ ਨੇ ਇਸ ਦੇ ਲਈ ਹੋਟਲਾਂ ਦੇ ਕਮਰੇ ਵੀ ਬੁੱਕ ਕਰ ਲਏ ਹਨ।

ਹੋਟਲ ਦੇ ਹਿਸਾਬ ਨਾਲ ਰੇਟ ਤੈਅ
ਵਿਦੇਸ਼ ਤੋਂ ਵਾਪਸੀ ਕਰਣ ਵਾਲੇ ਭਾਰਤੀਆਂ ਨੂੰ ਦੇਸ਼ 'ਚ ਆਉਣ 'ਤੇ ਸਰਕਾਰੀ ਕੁਆਰੰਟੀਨ ਸੈਂਟਰ ਅਤੇ ਹੋਟਲ 'ਚ ਕੁਆਰੰਟੀਨ ਕਰਣ ਦਾ ਬਦਲ ਦਿੱਤਾ ਜਾਵੇਗਾ। ਇਸ 'ਚ ਵੀ ਸਰਕਾਰ ਨੇ ਤਮਾਮ ਛੋਟੇ ਵੱਡੇ ਹੋਟਲਾਂ ਨਾਲ ਗੱਲ ਕੀਤੀ ਹੈ ਅਤੇ ਕਮਰੇ ਬੁੱਕ ਕੀਤੇ ਗਏ ਹਨ। ਸਰਕਾਰ ਵੱਲੋਂ ਬੁੱਕ ਕੀਤੇ ਗਏ ਕਮਰਿਆਂ ਦਾ ਇੱਕ ਦਿਨ ਦਾ ਕਿਰਾਇਆ 2 ਹਜ਼ਾਰ ਤੋਂ ਲੈ ਕੇ 5 ਹਜ਼ਾਰ ਰੁਪਏ ਤੱਕ ਦੱਸਿਆ ਜਾ ਰਿਹਾ ਹੈ।  ਇਸ 'ਚ ਤਿੰਨ ਵਕਤ ਦਾ ਖਾਣਾ ਵੀ ਸ਼ਾਮਲ ਹੈ। ਹੋਟਲਾਂ 'ਤੇ ਇਹ ਸ਼ਰਤ ਵੀ ਰੱਖੀ ਗਈ ਹੈ ਕਿ ਜਿਨ੍ਹਾਂ ਹੋਟਲਾਂ 'ਚ ਵਿਦੇਸ਼ ਤੋਂ ਆਉਣ ਵਾਲੇ ਭਾਰਤੀ ਰੁਕਣਗੇ, ਉਨ੍ਹਾਂ ਹੋਟਲਾਂ 'ਚ ਕੋਈ ਹੋਰ ਵਿਅਕਤੀ ਨਹੀਂ ਠਹਿਰੇਗਾ। ਜੇਕਰ ਕੋਈ ਵਿਅਕਤੀ ਸਸਤੇ ਤੋਂ ਸਸਤੇ ਹੋਟਲ 'ਚ ਵੀ ਠਹਿਰੇਗਾ ਤਾਂ ਉਸ ਦਾ 14 ਦਿਨ 'ਚ 28 ਹਜ਼ਾਰ ਰੁਪਏ ਦਾ ਖਰਚ ਹੋਵੇਗਾ ਅਤੇ ਜੇਕਰ ਵਿਅਕਤੀ ਵੱਡੇ ਹੋਟਲ 'ਚ ਠਹਿਰੇਗਾ ਤਾਂ ਉਸ ਨੂੰ 50 ਹਜ਼ਾਰ ਰੂਪਏ ਤੱਕ ਦਾ ਖਰਚ ਚੁੱਕਣਾ ਪਵੇਗਾ। ਇਸ ਤੋਂ ਇਲਾਵਾ ਇਸ 'ਚ ਏਅਰ ਟਿਕਟ ਅਤੇ ਏਅਰਪੋਰਟ ਤੋਂ ਆਪਣੇ ਸ਼ਹਿਰ 'ਚ ਆਉਣ ਦਾ ਟਰਾਂਸਪੋਰਟ ਖਰਚ ਜੋੜਾਂਗੇ ਤਾਂ ਇਹ ਰਕਮ ਕਰੀਬ ਇੱਕ ਲੱਖ ਤੋਂ ਜ਼ਿਆਦਾ ਹੋ ਸਕਦੀ ਹੈ।

12 ਦੇਸ਼ਾਂ ਤੋਂ ਆ ਰਹੇ ਭਾਰਤੀ
ਸਰਕਾਰ ਨੇ ਫਿਲਹਾਲ 12 ਦੇਸ਼ਾਂ ਤੋਂ ਭਾਰਤੀਆਂ ਦੀ ਵਾਪਸੀ ਦਾ ਖਾਕਾ ਤਿਆਰ ਕੀਤਾ ਹੈ। ਇਨ੍ਹਾਂ 'ਚੋਂ ਜ਼ਿਆਦਾਤਰ ਫਲਾਇਟਾਂ ਖਾੜੀ ਦੇਸ਼ਾਂ 'ਚ ਜਾਣਗੀਆਂ ਪਰ 7-7 ਫਲਾਇਟਾਂ ਯੂ.ਕੇ. ਅਤੇ ਅਮਰੀਕਾ 'ਚ ਵੀ ਜਾਣਗੀਆਂ, ਇਨ੍ਹਾਂ ਦੋ ਦੇਸ਼ਾਂ ਤੋਂ ਆਉਣ ਵਾਲੇ ਅਮੀਰ ਭਾਰਤੀ ਖਾਸ ਤੌਰ 'ਤੇ ਹੋਟਲ 'ਚ ਕੁਆਰੰਟੀਨ ਨੂੰ ਅਹਿਮੀਅਤ ਦੇ ਸਕਦੇ ਹਨ। ਇਸ ਤੋਂ ਇਲਾਵਾ ਸਰਕਾਰ ਸਿੰਗਾਪੂਰ, ਮਲੇਸ਼ੀਆ, ਫਿਲੀਪੀਨ, ਬੰਗਲਾਦੇਸ਼ 'ਚ ਫਸੇ ਭਾਰਤੀਆਂ ਨੂੰ ਕੱਢਣ ਦੀ ਵਿਵਸਥਾ ਵੀ ਕਰ ਰਹੀ ਹੈ।

ਹੋਟਲ ਇੰਡਸਟਰੀ ਨੂੰ ਮਿਲੇਗਾ ਸਹਾਰਾ
ਕੋਰੋਨਾ ਸੰਕਟ ਦੇ ਚਲਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਈ ਹੋਟਲ ਇੰਡਸਟਰੀ ਨੂੰ ਵਿਦੇਸ਼ ਤੋਂ ਆਉਣ ਵਾਲੇ ਭਾਰਤੀਆਂ ਦੇ ਹੋਟਲਾਂ 'ਚ ਕੁਆਰੰਟੀਨ ਕਰਣ ਨਾਲ ਥੋੜ੍ਹੀ ਰਾਹਤ ਮਿਲੇਗੀ। ਦੇਸ਼ 'ਚ ਲਾਕਡਾਊਨ ਦੇ ਬਾਅਦ ਤੋਂ ਹੀ ਹੋਟਲਾਂ 'ਚ ਸਨਾਟਾ ਫੈਲਿਆ ਹੋਇਆ ਹੈ ਅਤੇ ਇੰਡਸਟਰੀ ਹੁਣ ਤੱਕ ਦੇ ਸਭ ਤੋਂ ਖ਼ਰਾਬ ਦੌਰ ਤੋਂ ਲੰਘ ਰਹੀ ਹੈ ਅਤੇ ਹੋਟਲਾਂ ਕੋਲ ਸਟਾਫ ਨੂੰ ਤਨਖਾਹ ਦੇਣ ਤੱਕ ਦੇ ਪੈਸੇ ਨਹੀਂ ਹਨ। ਹੁਣ ਇਹ ਥੋੜ੍ਹੀ ਬਹੁਤ ਆਕਿਉਪੈਂਸੀ ਹੋਣ ਨਾਲ ਹੋਟਲ ਇੰਡਸਟਰੀ ਨੂੰ ਥੋੜ੍ਹਾ ਬਹੁਤ ਸਹਾਰਾ ਜ਼ਰੂਰ ਮਿਲ ਸਕਦਾ ਹੈ।

 


Inder Prajapati

Content Editor

Related News