ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕਰੋਨ ਸਬੰਧੀ ਪ੍ਰਸ਼ਾਸਨ ਚੌਕਸ, ਦਿੱਤੇ ਨਿਰਦੇਸ਼

12/03/2021 11:45:34 PM

ਚੰਡੀਗੜ੍ਹ (ਰਾਜਿੰਦਰ) : ਕੋਵਿਡ ਦੇ ਨਵੇਂ ਵੇਰੀਐਂਟ ਓਮੀਕਰੋਨ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਚੌਕਸ ਹੋ ਗਿਆ ਹੈ। ਡੀ. ਸੀ. ਵਿਨੇ ਪ੍ਰਤਾਪ ਨੇ ਹੁਕਮ ਜਾਰੀ ਕਰ ਕੇ ਮਾਸਕ ਨਾ ਪਾਉਣ ਅਤੇ ਸਮਾਜਕ ਦੂਰੀ ਦਾ ਨਿਯਮ ਨਾ ਮੰਨਣ ਵਾਲਿਆਂ ਖ਼ਿਲਾਫ਼ ਸਖ਼ਤੀ ਵਰਤਣ ਲਈ ਕਿਹਾ ਹੈ। ਨਾਲ ਹੀ ਚਲਾਨ ਕੱਟਣ ਦੇ ਵੀ ਹੁਕਮ ਦਿੱਤੇ ਹਨ। ਡੀ. ਸੀ. ਨੇ ਚੰਡੀਗੜ੍ਹ ਦੇ ਐੱਸ. ਐੱਸ. ਪੀ. ਅਤੇ ਤਿੰਨੇ ਐੱਸ. ਡੀ. ਐੱਮ. ਨੂੰ ਪੱਤਰ ਲਿਖ ਕੇ ਨਵੇਂ ਵੇਰੀਐਂਟ ਓਮੀਕਰੋਨ ਦੇ ਖਤਰੇ ਸਬੰਧੀ ਅਗਾਹ ਕੀਤਾ ਹੈ। ਪੱਤਰ ’ਚ ਲਿਖਿਆ ਕਿ ਓਮੀਕਰੋਨ ਤੋਂ ਬਚਾਅ ਲਈ ਕੋਰੋਨਾ ਸਬੰਧੀ ਦਿਸ਼ਾ-ਨਿਦੇਰਸ਼ਾਂ ਦਾ ਪਾਲਣ ਜ਼ਰੂਰੀ ਹੈ। ਇਸ ਲਈ ਜੋ ਮਾਸਕ ਨਹੀਂ ਪਾ ਰਿਹਾ, ਸਮਾਜਕ ਦੂਰੀ ਦੇ ਨਿਯਮਾਂ ਦਾ ਪਾਲਣ ਨਹੀਂ ਕਰ ਰਿਹਾ ਅਤੇ ਕੇਂਦਰ ਦੇ ਦਿਸ਼ਾ-ਨਿਦੇਰਸ਼ਾਂ ਦਾ ਪਾਲਣ ਨਹੀਂ ਕਰ ਰਿਹਾ ਹੈ, ਉਸ ਦਾ ਚਲਾਨ ਕੱਟਿਆ ਜਾਵੇ। ਪ੍ਰਸ਼ਾਸਨ ਨੇ ਨਵੇਂ ਸਟ੍ਰੇਨ ਦੇ ਖਤਰੇ ਕਾਰਨ ਸਖ਼ਤੀ ਕਰ ਦਿੱਤੀ ਹੈ। ਹਾਈ ਰਿਸਕ ਵਾਲੇ 8 ਦੇਸ਼ਾਂ ਤੋਂ ਪਰਤੇ ਮੁਸਾਫ਼ਰਾਂ ਦਾ ਏਅਰਪੋਰਟ ’ਤੇ ਆਰ. ਟੀ. ਪੀ. ਸੀ. ਆਰ. ਟੈਸਟ ਲਾਜ਼ਮੀ ਕੀਤਾ ਗਿਆ ਹੈ। ਉਨ੍ਹਾਂ ਨੂੰ 7 ਦਿਨ ਲਈ ਕੁਆਰੰਟਾਈਨ ਵੀ ਕੀਤਾ ਜਾ ਰਿਹਾ ਹੈ। ਮੁਸਾਫ਼ਰਾਂ ਦੀ ਪਹਿਲੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਸਿਹਤ ਵਿਭਾਗ 8ਵੇਂ ਦਿਨ ਦੁਬਾਰਾ ਆਰ. ਟੀ. ਪੀ. ਸੀ. ਆਰ. ਟੈਸਟ ਕਰੇਗਾ। ਹਾਈ ਰਿਸਕ ਵਾਲੇ ਦੇਸ਼ਾਂ ’ਚ ਦੱਖਣੀ ਅਫਰੀਕਾ, ਬ੍ਰਾਜ਼ੀਲ, ਬੰਗਲਾਦੇਸ਼, ਬੋਤਸਵਾਨਾ, ਚੀਨ, ਮਾਰੀਸ਼ਸ, ਨਿਊਜ਼ੀਲੈਂਡ ਅਤੇ ਜ਼ਿੰਬਾਬਵੇ ਹਨ, ਜਿੱਥੋਂ ਆਉਣ ਵਾਲੇ ਮੁਸਾਫ਼ਰਾਂ ’ਤੇ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਸਿਰ ’ਤੇ ਇਮਤਿਹਾਨ, ਪੜ੍ਹਾਉਣ ਦੀ ਥਾਂ ਗੁਰੂ ਜੀ ਕਰਨਗੇ ਬੀ. ਐੱਲ. ਓ. ਦੀ ਡਿਊਟੀ

ਭੀੜ-ਭੜੱਕੇ ਵਾਲੀ ਮਾਰਕੀਟ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਨਜ਼ਰ
ਪ੍ਰਸ਼ਾਸਨ ਦੇ ਨਿਰਦੇਸ਼ਾਂ ਤੋਂ ਬਾਅਦ ਹੁਣ ਛੇਤੀ ਹੀ ਸਬੰਧਤ ਵਿਭਾਗਾਂ ਵੱਲੋਂ ਕੋਰੋਨਾ ਦੇ ਨਿਯਮਾਂ ਦੀ ਅਣਦੇਖੀ ਧਿਆਨ ਵਿਚ ਰੱਖਦੇ ਹੋਏ ਡਰਾਈਵ ਤੇਜ਼ ਕਰ ਦਿੱਤੀ ਜਾਵੇਗੀ। ਖਾਸ ਕਰ ਕੇ ਪ੍ਰਸ਼ਾਸਨ ਦੀਆਂ ਟੀਮਾਂ ਭੀੜ ਵਾਲੀਆਂ ਮਾਰਕੀਟਾਂ ਅਤੇ ਸੈਰ-ਸਪਾਟੇ ਵਾਲੀਆਂ ਥਾਵਾਂ ’ਤੇ ਖਾਸ ਨਜ਼ਰ ਰੱਖਣਗੀਆਂ। ਦੱਸਣਯੋਗ ਹੈ ਕਿ ਸ਼ਹਿਰ ’ਚ ਖਾਸ ਕਰ ਕੇ ਸੁਖਨਾ ਲੇਕ ’ਤੇ ਜ਼ਿਆਦਾ ਭੀੜ ਇਕੱਠੀ ਹੁੰਦੀ ਹੈ। ਇਹੀ ਕਾਰਨ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਦੌਰਾਨ ਪ੍ਰਸ਼ਾਸਨ ਨੇ ਸੁਖਨਾ ਲੇਕ ’ਤੇ ਕਾਫ਼ੀ ਜ਼ੋਰ-ਸ਼ੋਰ ਨਾਲ ਡਰਾਈਵ ਚਲਾਈ ਸੀ ਅਤੇ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਨ ਕੱਟੇ ਗਏ ਸਨ। ਹੁਣ ਬਰਡ ਪਾਰਕ ’ਚ ਵੀ ਜਿਆਦਾ ਭੀੜ ਹੋ ਰਹੀ ਹੈ, ਜਿਸ ਨੂੰ ਕੰਟਰੋਲ ਕਰਨ ਲਈ ਪ੍ਰਸ਼ਾਸਨ ਯਤਨ ਕਰ ਰਿਹਾ ਹੈ।

ਇਹ ਵੀ ਪੜ੍ਹੋ : ਗੁਰਦੁਆਰਾ ਪ੍ਰਬੰਧਾਂ ’ਚ ਦਖਲ ਦੇਣ ਤੋਂ ਗੁਰੇਜ਼ ਕਰਨ ਸਰਕਾਰਾਂ : ਦਿੱਲੀ ਕਮੇਟੀ ਨੇ ਦਿੱਤੀ ਚਿਤਾਵਨੀ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


Anuradha

Content Editor

Related News