ਮਾਘੀ ਮੇਲੇ ਨੂੰ ਸੁਚਾਰੂ ਤਰੀਕੇ ਨਾਲ ਕਰਵਾਉਣ ਲਈ ਏ.ਡੀ.ਸੀ. ਨੇ ਕੀਤੀ ਪ੍ਰਬੰਧਾਂ ਦੀ ਸਮੀਖਿਆ

01/11/2018 2:20:54 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਇਤਿਹਾਸਕ ਮਾਘੀ ਮੇਲੇ ਨੂੰ ਸੁਚਾਰੂ ਤਰੀਕੇ ਨਾਲ ਕਰਵਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਵਿਆਪਕ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਇਸ ਸਬੰਧੀ ਅੱਜ ਇੱਥੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਜਪਾਲ ਸਿੰਘ ਨੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਪ੍ਰਬੰਧਾਂ ਦੀ ਸਮੀਖਿਆ ਕੀਤੀ। 
ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਸ਼ਹਿਰ ਨੂੰ ਜਿੱਥੇ 7 ਸੈਕਟਰਾਂ 'ਚ ਵੰਡ ਕੇ ਹਰੇਕ ਸੈਕਟਰ ਲਈ ਸੈਕਟਰ ਅਫਸਰ ਤੇ ਡਿਊਟੀ ਮੈਜਿਸਟ੍ਰੇਟ ਤਾਇਨਾਤ ਕੀਤਾ ਗਿਆ ਹੈ ਉਥੇ ਹੀ ਮੇਲੇ ਵਾਲੇ ਦਿਨ ਮੁੱਖ ਬਸ ਸਟੈਂਡ ਬੰਦ ਹੋਣ ਕਾਰਨ ਸ਼ਹਿਰ ਨੂੰ ਆਉਂਦੀਆਂ ਮੁੱਖ ਸੜਕਾਂ ਤੇ ਸ਼ਹਿਰ ਤੋਂ ਬਾਹਰ 7 ਆਰਜੀ ਬੱਸ ਸਟੈਂਡ ਬਣਾਏ ਜਾਣਗੇ। ਉਨ੍ਹਾਂ ਨੇ ਰੋਡਵੇਜ਼ ਮਹਿਕਮੇ ਨੂੰ ਆਰਜੀ ਬੱਸ ਸਟੈਂਡਾਂ 'ਚ ਢੁੱਕਵੀਆਂ ਸਹੁਲਤਾਂ ਦਾ ਪ੍ਰਬੰਧ ਯਕੀਨੀ ਬਣਾਉਣ ਦੀ ਹਦਾਇਤ ਕੀਤੀ। 
ਇਸੇ ਤਰ੍ਹਾਂ ਸਿਵਲ ਅਤੇ ਪੁਲਸ ਕੰਟਰੋਲ ਰੂਮ ਵੀ ਸਥਾਪਿਤ ਕਰ ਦਿੱਤੇ ਗਏ ਹਨ। ਸਿਵਲ ਕੰਟਰੋਲ ਰੂਮ ਦਾ ਨੰਬਰ 01633 263347 ਹੈ ਜਦ ਕਿ ਪੁਲਸ ਕੰਟਰੋਲ ਰੂਮ ਦਾ ਨੰਬਰ 01633 263755 ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ 'ਚ ਆਉਣ ਵਾਲੇ ਸ਼ਰਧਾਲੂਆਂ ਦੇ ਪੀਣ ਦੇ ਪਾਣੀ ਦੇ ਟੈਂਕਰ ਸਾਰੇ ਸੈਕਟਰਾਂ 'ਚ ਹੋਣਗੇ। ਉਨ੍ਹਾਂ ਨੇ ਮੇਲੇ ਦੌਰਾਨ ਲੰਗਰ ਲਗਾਉਣ ਵਾਲੀਆਂ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਪੱਤਲਾਂ ਆਦਿ ਦਾ ਕੂੜਾ ਕੂੜਾਦਾਨ 'ਚ ਰੱਖਿਆ ਜਾਵੇ ਅਤੇ ਨਗਰ ਕੌਂਸਲ ਨੂੰ ਇਹ ਕੂੜਾ ਚੁੱਕਣ ਦੀ ਹਦਾਇਤ ਕੀਤੀ। ਇਸੇ ਤਰ੍ਹਾਂ ਅਮਨ ਕਾਨੂੰਨ ਦੀ ਸਥਿਤੀ ਤੇ ਨਜ਼ਰ ਰੱਖਣ ਲਈ 15 ਡਿਊਟੀ ਮੈਜਿਸਟ੍ਰੇਟ ਵੀ ਤਾਇਨਾਤ ਕੀਤੇ ਗਏ ਹਨ। ਸਿਹਤ ਵਿਭਾਗ ਵੱਲੋਂ 7 ਮੈਡੀਕਲ ਟੀਮਾਂ ਸਾਰੇ ਸੈਕਟਰਾਂ 'ਚ ਤਾਇਨਾਤ ਕੀਤੀਆਂ ਜਾਣਗੀਆਂ। ਇਸੇ ਤਰ੍ਹਾਂ 3 ਮੋਬਾਇਲ ਮੈਡੀਕਲ ਯੁਨਿਟ ਅਤੇ 108 ਵਾਲੀਆਂ ਐਂਬੂਲੈਂਸ ਵੀ ਸ਼ਹਿਰ 'ਚ ਵੱਖ-ਵੱਖ ਥਾਂਵਾਂ ਤੇ ਤਾਇਨਾਤ ਰਹਿਣਗੀਆਂ। ਇਸੇ ਤਰ੍ਹਾਂ 14 ਜਨਵਰੀ ਨੂੰ ਸ਼ਰਾਬ ਦੇ ਠੇਕੇ ਵੀ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। 
ਬੈਠਕ 'ਚ ਹੋਰਨਾਂ ਤੋਂ ਇਲਾਵਾ ਐੱਸ.ਪੀ. ਐੱਚ. ਜਸਪਾਲ, ਐੱਸ.ਡੀ.ਐਮ. ਗਿੱਦੜਬਾਹਾ ਨਰਿੰਦਰ ਸਿੰਘ, ਐੱਸ.ਡੀ.ਐੱਮ. ਮਲੋਟ ਨਰਿੰਦਰ ਸਿੰਘ ਧਾਲੀਵਾਲ, ਸਹਾਇਕ ਕਮਿਸ਼ਨਰ ਜਨਰਲ ਗੋਪਾਲ ਸਿੰਘ, ਏ.ਸੁ.ਯੁ.ਟੀ. ਮੈਡਮ ਕਨੂੰ ਗਰਗ, ਡੀ.ਡੀ.ਪੀ.ਓ. ਅਰੁਣ ਕੁਮਾਰ, ਜ਼ਿਲਾ ਭਲਾਈ ਅਫ਼ਸਰ ਜਗਮੋਹਨ ਸਿੰਘ ਮਾਨ ਆਦਿ ਵੀ ਹਾਜ਼ਰ ਸਨ। 


Related News