''ਹਾਕੀ ਐਸਟੋਟਰਫ ਸਟੇਡੀਅਮ'' ਬਣਿਆ ਪ੍ਰੇਮੀਆਂ ਦੇ ਮਿਲਣ ਤੇ ਨਸ਼ੇੜੀਆਂ ਦੇ ਨਸ਼ਾ ਕਰਨ ਦਾ ਅੱਡਾ

Monday, Oct 23, 2017 - 03:33 AM (IST)

''ਹਾਕੀ ਐਸਟੋਟਰਫ ਸਟੇਡੀਅਮ'' ਬਣਿਆ ਪ੍ਰੇਮੀਆਂ ਦੇ ਮਿਲਣ ਤੇ ਨਸ਼ੇੜੀਆਂ ਦੇ ਨਸ਼ਾ ਕਰਨ ਦਾ ਅੱਡਾ

ਫਿਰੋਜ਼ਪੁਰ, (ਕੁਮਾਰ)— ਸਾਡੇ ਦੇਸ਼ ਨੂੰ ਫਿਰੋਜ਼ਪੁਰ ਸਰਹੱਦੀ ਸ਼ਹੀਦਾਂ ਦੇ ਇਤਿਹਾਸਿਕ ਸ਼ਹਿਰ ਨੇ ਹਾਕੀ ਨੂੰ ਉਲਪੀਅਨ ਹਰਮੀਕ ਸਿੰਘ (ਸੇਵਾ ਮੁਕਤ ਚੀਫ ਕੋਚ ਐੱਨ. ਆਈ. ਐੱਸ. ਤੇ ਏਰੀਆ ਟੀਮ ਦੇ ਕਪਤਾਨ), ਉਲੰਪੀਅਨ ਅਜੀਤ ਸਿੰਘ, ਉਲੰਪੀਅਨ ਗਗਨ ਅਜੀਤ ਸਿੰਘ, ਗੁਰਬਾਜ ਸਿੰਘ ਤੇ ਹੋਰ ਕਈ ਅੰਤਰਰਾਸ਼ਟਰੀ ਤੇ ਰਾਸ਼ਟਰੀ ਪੱਧਰ ਦੇ ਖਿਡਾਰੀ ਦਿੱਤੇ ਹਨ ਅਤੇ ਹਾਕੀ ਦੇ ਹੋਰ ਚੰਗੇ ਖਿਡਾਰੀ ਪੈਦਾ ਕਰਨ ਲਈ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਦੀ ਰਾਸ਼ਟਰੀ ਕਾਰਜਕਰਨੀ ਦੇ ਮੈਂਬਰ ਕਮਲ ਸ਼ਰਮਾ ਨੇ ਫਿਰੋਜ਼ਪੁਰ ਸ਼ਹਿਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ 'ਐਸਟੋਟਰਫ ਹਾਕੀ ਸਟੇਡੀਅਮ' ਮਨਜ਼ੂਰ ਕਰਵਾਇਆ ਸੀ। ਕਰੀਬ 5 ਕਰੋੜ ਰੁਪਏ ਖਰਚ ਕਰਕੇ ਡੀ. ਡਬਲਯੂ. ਡੀ. (ਬੀ. ਐੱਡ. ਆਰ.) ਫਿਰੋਜ਼ਪੁਰ ਵੱਲੋਂ ਇਸ ਸਟੇਡੀਅਮ ਦੀ ਉਸਾਰੀ ਲਗਭਗ ਪੂਰੀ ਕਰ ਦਿੱਤੀ ਗਈ ਹੈ ਪਰ ਪੀ. ਡਬਲਯੂ. ਡੀ. ਵਿਭਾਗ ਅਤੇ ਸਪੋਰਟਸ ਵਿਭਾਗ ਦੇ ਅਧਿਕਾਰੀਆਂ ਵਿਚ ਤਾਲਮੇਲ ਦੀ ਘਾਟ ਦੇ ਕਾਰਨ ਇਸ ਸਟੇਡੀਅਮ ਨੂੰ ਤਿਆਰ ਕਰਨ ਦੇ ਦੂਸਰੇ ਪੜਾਵ ਦਾ ਕੰਮ ਬੰਦ ਪਿਆ ਹੈ। ਲੋਕਾਂ ਦੀ ਮੰਨੀਏ ਤਾਂ ਤਿਆਰ ਕੀਤਾ ਗਿਆ 'ਐਸਟੋਟਰਫ ਹਾਕੀ ਸਟੇਡੀਅਮ' ਦਾ ਇਹ ਕੰਪਲੈਕਸ 'ਪ੍ਰੇਮੀਆਂ' ਦੇ ਮਿਲਣ ਦਾ ਅੱਡਾ ਬਣ ਗਿਆ ਹੈ, ਜਿਥੇ ਅਕਸਰ ਹੀ ਨਸ਼ੇੜੀ ਵੀ ਆ ਕੇ ਨਸ਼ਾ ਕਰਦੇ ਹਨ। 
ਸਟੇਡੀਅਮ ਦੇ ਆਸਪਾਸ ਉੱਗਿਆ ਘਾਹ-ਫੂਸ    
ਹਾਕੀ ਐਸਟੋਟਰਫ ਸਟੇਡੀਅਮ ਦੀ ਨਵੀਂ ਉਸਾਰੀ ਇਸ ਬਿਲਡਿੰਗ ਦੇ ਬਾਹਰ ਵੱਡਾ-ਵੱਡਾ ਘਾਹ-ਫੂਸ ਉੱਗ ਗਿਆ ਹੈ ਅਤੇ ਇਹ ਅਧੂਰਾ ਸਟੇਡੀਅਮ ਸਰਕਾਰ, ਪੀ. ਡਬਲਯੂ. ਡੀ. ਵਿਭਾਗ ਅਤੇ ਸਪੋਰਟਸ ਵਿਭਾਗ ਦੀ ਅਫਸਰਸ਼ਾਹੀ ਅਤੇ ਉਨ੍ਹਾਂ ਦੀ ਕਾਬਲੀਅਤ 'ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਰਿਹਾ ਹੈ। ਸੂਤਰਾਂ ਦੀ ਮੰਨੀਏ ਤਾਂ ਇਸ ਸਟੇਡੀਅਮ ਦੀ ਉਸਾਰੀ ਕਰਨ ਵਾਲੇ ਅਮਨ ਬਿਲਡਰਜ਼ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਇਕ ਸਾਲ ਤੋਂ ਜ਼ਿਆਦਾ ਸਮਾਂ ਬੀਤ ਜਾਣ 'ਤੇ ਵੀ ਉਸਦੇ ਵੱਲੋਂ ਪੂਰੇ ਕੀਤੇ ਗਏ ਕੰਮਾਂ ਨੂੰ ਟੇਕਓਵਰ ਨਹੀਂ ਕੀਤਾ ਜਾ ਰਿਹਾ ਹੈ। 
10 ਕਰੋੜ 31 ਲੱਖ ਦਾ ਸੀ ਇਹ ਪ੍ਰਾਜੈਕਟ 
ਪ੍ਰਾਪਤ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਇਸ ਐਸਟੋਟਰਫ ਹਾਕੀ ਸਟੇਡੀਅਮ 'ਤੇ ਕਰੀਬ 10 ਕਰੋੜ 31 ਲੱਖ ਰੁਪਏ ਖਰਚ ਕੀਤੇ ਜਾਣੇ ਸਨ, ਜਿਸ 'ਚੋਂ ਕਰੀਬ 5 ਕਰੋੜ 21 ਲੱਖ ਦਾ ਕੰਮ ਪੀ. ਡਬਲਯੂ. ਡੀ. ਨੇ ਅਤੇ ਕਰੀਬ 5 ਕਰੋੜ 10 ਲੱਖ ਦਾ ਕੰਮ ਸਪੋਰਟਸ ਵਿਭਾਗ ਨੇ ਕਰਵਾਉਣਾ ਸੀ। ਪੀ. ਡਬਲਯੂ. ਡੀ. ਵਿਭਾਗ ਵੱਲੋਂ 4 ਕਰੋੜ 75 ਲੱਖ 41 ਹਜ਼ਾਰ ਰੁਪਏ ਵਿਚ ਇਸ ਕੰਮ ਦਾ ਟੈਂਡਰ ਅਮਨ ਬਿਲਡਰਜ਼ ਨੂੰ ਅਲਾਟ ਕਰ ਦਿੱਤਾ ਗਿਆ ਅਤੇ ਅਮਨ ਬਿਲਡਰਜ਼ ਨੇ ਐਗਰੀਮੈਂਟ ਦੇ ਅਨੁਸਾਰ ਕੰਮ ਅਕਤੂਬਰ 2016 ਵਿਚ ਪੂਰਾ ਕਰ ਦਿੱਤਾ ਸੀ ਅਤੇ ਕਰੀਬ ਇਕ ਸਾਲ ਤੋਂ ਸਬੰਧਤ ਠੇਕੇਦਾਰ ਵੱਲੋਂ ਵਿਭਾਗ ਨੂੰ ਕਈ ਵਾਰ ਲਿਖਤੀ ਪੱਤਰ ਭੇਜੇ ਜਾ ਚੁੱਕੇ ਹਨ ਪਰ ਅੱਜ ਤੱਕ ਠੇਕੇਦਾਰ ਤੋਂ ਇਹ ਬਿਲਡਿੰਗ ਟੇਕਓਵਰ ਨਹੀਂ ਕੀਤੀ ਜਾ ਰਹੀ ਅਤੇ ਸਰਕਾਰ ਵੱਲੋਂ ਖਰਚ ਕੀਤਾ ਗਿਆ 5 ਕਰੋੜ ਰੁਪਏ ਬੇਕਾਰ ਹੋ ਰਿਹਾ ਹੈ। 


Related News