ਮੁਲਜ਼ਮ ਸੁਨੀਤਾ ਨੇ ਡਾ. ਬਲਵਿੰਦਰ ਦੇ ਘਰ ਸਰਚ ਮੌਕੇ ਦੀ ਸੀ. ਸੀ. ਟੀ. ਵੀ. ਫੁਟੇਜ ਮੰਗੀ

02/14/2018 6:06:03 AM

ਚੰਡੀਗੜ੍ਹ, (ਸੰਦੀਪ)- ਐੱਚ. ਸੀ. ਐੱਸ. (ਜੁਡੀਸ਼ੀਅਲ) ਪੇਪਰ ਲੀਕ ਮਾਮਲੇ 'ਚ ਮੁਲਜ਼ਮ ਸੁਨੀਤਾ ਨੇ ਜ਼ਿਲਾ ਅਦਾਲਤ 'ਚ ਪਟੀਸ਼ਨ ਦਾਖਲ ਕਰਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਾਬਕਾ ਰਜਿਸਟਰਾਰ ਰਿਕਰੂਟਮੈਂਟ ਡਾ. ਬਲਵਿੰਦਰ ਕੁਮਾਰ ਸ਼ਰਮਾ ਦੇ ਘਰ ਐੱਸ. ਆਈ. ਟੀ. ਵਲੋਂ ਸਰਚ ਦੌਰਾਨ ਬਣਾਈ ਗਈ ਸੀ. ਸੀ. ਟੀ. ਵੀ. ਫੁਟੇਜ ਦੀ ਕਾਪੀ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। 
ਪਟੀਸ਼ਨ 'ਚ ਸੁਨੀਤਾ ਨੇ ਸੁਮਨ ਤੇ ਸੁਸ਼ੀਲਾ ਦੀ ਫੋਨ 'ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਦੀ ਸੀ. ਡੀ. ਵੀ ਮੰਗੀ ਹੈ। ਪਟੀਸ਼ਨ 'ਤੇ ਜ਼ਿਲਾ ਅਦਾਲਤ ਨੇ ਪੁਲਸ ਨੂੰ ਨੋਟਿਸ ਜਾਰੀ ਕਰਕੇ 22 ਫਰਵਰੀ ਨੂੰ ਜਵਾਬ ਦਾਖਲ ਕਰਨ ਲਈ ਕਿਹਾ ਹੈ। ਅਦਾਲਤ 'ਚ ਦਾਖਲ ਪਟੀਸ਼ਨ 'ਚ ਸੁਨੀਤਾ ਵਲੋਂ ਕਿਹਾ ਗਿਆ ਹੈ ਕਿ ਹਾਈ ਕੋਰਟ ਦੇ ਸਾਬਕਾ ਰਜਿਸਟਰਾਰ ਬਲਵਿੰਦਰ ਕੁਮਾਰ ਸ਼ਰਮਾ ਦੇ ਘਰ ਜਦੋਂ ਐੱਸ. ਆਈ. ਟੀ. ਨੇ ਸਰਚ ਰੇਡ ਕੀਤੀ ਸੀ, ਉਸ ਸਮੇਂ ਉਸਦੀ ਵੀਡੀਓ ਬਣਾਈ ਸੀ। 
ਪੁਲਸ ਨੇ ਕੇਸ ਦੀ ਸਹੀ ਜਾਂਚ ਨਹੀਂ ਕੀਤੀ
ਪਟੀਸ਼ਨ 'ਚ ਕਿਹਾ ਗਿਆ ਹੈ ਕਿ ਪੁਲਸ ਨੇ ਕੇਸ ਦੀ ਸਹੀ ਤਰ੍ਹਾਂ ਜਾਂਚ ਨਹੀਂ ਕੀਤੀ ਹੈ, ਉਥੇ ਹੀ ਡਾ. ਸ਼ਰਮਾ ਦੇ ਘਰੋਂ ਜੋ ਕੁਝ ਸੀਜ਼ ਕੀਤਾ ਹੈ, ਉਸਨੂੰ ਕੋਰਟ 'ਚ ਪੇਸ਼ ਨਹੀਂ ਕੀਤਾ ਹੈ। ਐੱਸ. ਆਈ. ਟੀ. ਨੇ ਚਾਰਜਸ਼ੀਟ 'ਚ ਸੁਮਨ ਤੇ ਸੁਸ਼ੀਲਾ ਵਿਚਕਾਰ ਫੋਨ 'ਤੇ ਪੇਪਰ ਲੀਕ ਹੋਣ ਤੇ ਬਦਲੇ 'ਚ ਪੈਸੇ ਲੈਣ ਦੀ ਗੱਲ ਕਹੀ ਹੈ। ਪੁਲਸ ਨੇ ਜੇਕਰ ਇਹ ਗੱਲ ਕਹੀ ਹੈ ਤਾਂ ਉਸ ਕੋਲ ਇਸਦੀ ਰਿਕਾਰਡਿੰਗ ਵੀ ਜ਼ਰੂਰ ਹੋਵੇਗੀ। ਸੁਨੀਤਾ ਨੇ ਉਸਨੂੰ ਉਨ੍ਹਾਂ ਦੋਵਾਂ ਵਿਚਕਾਰ ਫੋਨ 'ਤੇ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਮੁਹੱਈਆ ਕਰਵਾਉਣ ਦੀ ਅਪੀਲ ਕੀਤੀ ਹੈ।


Related News