ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ''ਤੇ ਮੁਨੀਮ ਨੇ ਲਾਏ ਰਿਸ਼ਵਤ ਮੰਗਣ ਦੇ ਦੋਸ਼

Friday, Oct 06, 2017 - 02:18 AM (IST)

ਮਾਰਕੀਟ ਕਮੇਟੀ ਦੇ ਮੁਲਾਜ਼ਮਾਂ ''ਤੇ ਮੁਨੀਮ ਨੇ ਲਾਏ ਰਿਸ਼ਵਤ ਮੰਗਣ ਦੇ ਦੋਸ਼

ਫਤਿਹਗੜ੍ਹ ਪੰਜਤੂਰ, (ਰੋਮੀ)- ਸਥਾਨਕ ਕਸਬੇ ਦੇ ਵਸਨੀਕ ਸਤੀਸ਼ ਬਾਂਸਲ ਪੁੱਤਰ ਤਾਰਾ ਚੰਦ ਨੇ ਦੱਸਿਆ ਕਿ ਮੈਂ ਮੈਸਰਜ਼ ਗੁਰਦਿੱਤਾ ਮੱਲ ਐਂਡ ਕੰਪਨੀ ਕਮਿਸ਼ਨ ਏਜੰਟ ਫਤਿਹਗੜ੍ਹ ਪੰਜਤੂਰ 'ਤੇ ਬਤੌਰ ਮੁਨੀਮੀ ਦਾ ਕੰਮ ਕਰਦਾ ਹਾਂ। ਉਸ ਨੇ ਦੱਸਿਆ ਕਿ ਸਾਉਣੀ ਸੀਜ਼ਨ 2017 ਸ਼ੁਰੂ ਹੋਣ ਕਰ ਕੇ ਜਦੋਂ ਮੈਂ ਆਪਣੀ ਫਰਮ ਦੇ ਜੇ-ਫਾਰਮ ਅਟੈਸਟਡ ਕਰਵਾਉਣ ਲਈ ਮਾਰਕੀਟ ਕਮੇਟੀ ਫਤਿਹਗੜ੍ਹ ਪੰਜਤੂਰ ਦੇ ਦਫਤਰ ਵਿਖੇ ਗਿਆ ਤਾਂ ਮਾਰਕੀਟ ਕਮੇਟੀ ਫਤਿਹਗੜ੍ਹ ਪੰਜਤੂਰ ਦੇ ਮੁਲਾਜ਼ਮ ਰਜਿੰਦਰ ਕੁਮਾਰ ਅਤੇ ਮੰਡੀ ਸੁਪਰਵਾਈਜ਼ਰ ਇਕਬਾਲ ਸਿੰਘ ਨੇ ਫਰਮ ਦੇ ਜੇ-ਫਾਰਮ 'ਤੇ ਸਾਂਝਾ ਠੱਪਾ ਅਤੇ ਅਟੈਸਟਡ ਕਰਨ ਵਾਲੀ ਮੋਹਰ ਲਾਉਣ ਤੋਂ ਬਾਅਦ ਉਕਤ ਜੇ-ਫਾਰਮ 'ਤੇ ਸਾਈਨ ਕਰਨ ਬਦਲੇ 500 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ।
ਜਦੋਂ ਮੈਂ ਰਿਸ਼ਵਤ ਦੇਣ ਤੋਂ ਇਨਕਾਰ ਕੀਤਾ ਤਾਂ ਉਕਤ ਦੋਵਾਂ ਮੁਲਾਜ਼ਮਾਂ ਨੇ ਸਾਡੀ ਫਰਮ ਦੀਆਂ ਜੇ-ਫਾਰਮ ਬੁੱਕਾਂ 'ਤੇ ਸਾਈਨ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜਿੰਨਾ ਚਿਰ ਤੁਸੀਂ 500 ਰੁਪਏ ਨਹੀਂ ਦਿੰਦੇ, ਉਨੀ ਦੇਰ ਅਸੀਂ ਜੇ-ਫਾਰਮ ਬੁੱਕਾਂ 'ਤੇ ਸਾਈਨ ਨਹੀਂ ਕਰਾਂਗੇ, ਮੇਰੀ ਜ਼ਿਲਾ ਮੋਗਾ ਦੇ ਡਿਪਟੀ ਕਮਿਸ਼ਨਰ ਅਤੇ ਜ਼ਿਲਾ ਮੰਡੀ ਅਫਸਰ ਨੂੰ ਬੇਨਤੀ ਹੈ ਕਿ ਉਕਤ ਦੋਵਾਂ ਮੁਲਾਜ਼ਮਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਕੀ ਕਹਿਣਾ ਹੈ ਮਾਰਕੀਟ ਕਮੇਟੀ ਦੇ ਸਕੱਤਰ ਦਾ : ਇਸ ਸਬੰਧੀ ਜਦੋਂ ਮਾਰਕੀਟ ਕਮੇਟੀ ਫਤਿਹਗੜ੍ਹ ਪੰਜਤੂਰ ਦੇ ਸਕੱਤਰ ਜਗਰੂਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਖਰੀਦ ਸ਼ੁਰੂ ਹੋਣ ਕਰ ਕੇ ਮੈਂ ਖਰੀਦ ਏਜੰਸੀਆਂ ਨੂੰ ਆੜ੍ਹਤੀਆਂ ਦੇ ਫੜ੍ਹਾਂ ਦੀ ਵੰਡ ਕਰਨ 'ਚ ਰੁੱਝਿਆ ਹਾਂ ਅਤੇ ਇਸ ਗੱਲ ਸਬੰਧੀ ਮੈਨੂੰ ਕੋਈ ਜਾਣਕਾਰੀ ਨਹੀਂ ਹੈ।


Related News