ਸਬਜ਼ੀ ਮੰਡੀ ਦੇ ਠੇਕੇਦਾਰ ’ਤੇ ਓਵਰ ਚਾਰਜਿੰਗ ਵਸੂਲਣ ਦੇ ਲਾਏ ਦੋਸ਼

08/21/2018 5:41:00 AM

 ਲੁਧਿਆਣਾ, (ਖੁਰਾਣਾ)- ਜਲੰਧਰ ਬਾਈਪਾਸ ਚੌਕ ਦੇ ਨਾਲ ਲਗਦੀ ਸਬਜ਼ੀ ਮੰਡੀ ਦੇ ਦੁਕਾਨਦਾਰਾਂ ਅਤੇ ਠੇਕੇਦਾਰ ਦਰਮਿਆਨ ਹੋਇਆ ਝਗਡ਼ਾ ਕਾਂਗਰਸੀ ਵਿਧਾਇਕ ਸੰਜੇ ਤਲਵਾੜ ਦੇ ਦਰਬਾਰ ਜਾ ਪੁੱਜਾ ਹੈ। ਉਕਤ ਕੇਸ ਨੂੰ ਲੈ ਕੇ ਮੰਡੀ ਦੇ ਕੁੱਝ ਦੁਕਾਨਦਾਰਾਂ ਅਤੇ ਰੇਹਡ਼ੀ-ਫਡ਼੍ਹੀ ਵਾਲਿਆਂ ਨੇ ਕਥਿਤ ਦੋਸ਼ ਲਾਏ ਹਨ ਕਿ ਮੰਡੀ ਦਾ ਠੇਕੇਦਾਰ ਉਨ੍ਹਾਂ ਤੋਂ ਓਵਰ ਚਾਰਜਿੰਗ ਵਸੂਲ ਰਿਹਾ ਹੈ ਅਤੇ ਵਿਰੋਧ ਕਰਨ ’ਤੇ ਉਸ ਦੇ ਬਾਊਂਸਰ ਕਥਿਤ ਕੁੱਟ-ਮਾਰ ’ਤੇ ਉਤਾਰੂ ਹੋ ਜਾਂਦੇ ਹਨ। ਵਿਧਾਇਕ ਤਲਵਾੜ ਨੇ ਇਸ ਸਬੰਧੀ ਮਾਰਕੀਟ ਕਮੇਟੀ ਦੇ ਸਕੱਤਰ ਹਰਮਿੰਦਰ ਸਿੰਘ ਸੰਧੂ ਨਾਲ ਬੈਠਕ ਕਰ ਕੇ ਕੇਸ ਦੀ ਜਾਂਚ ਕਰਵਾਉਣ ਸਮੇਤ ਝਗਡ਼ਾ ਸੁਲਝਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।
 ਪੰਜ ਮੈਂਬਰੀ ਕਮੇਟੀ ਦਾ ਗਠਨ
 ਵਿਧਾਇਕ ਤਲਵਾੜ ਨੇ ਉਕਤ ਝਗਡ਼ਾ ਸੁਲਝਾਉਣ ਲਈ 5 ਮੈਂਬਰੀ ਕਮੇਟੀ ਬਣਾਉਣ ਦੀ ਗੱਲ ਕਹੀ ਹੈ, ਜਿਸ ਵਿਚ ਵਿਜੇ ਕਲਸੀ, ਵਿਪਨ ਵਿਨਾਇਕ, ਸੁਖਦੇਵ ਬਾਵਾ, ਵਰਿੰਦਰ ਸਹਿਗਲ ਅਤੇ ਜਗਦੀਸ਼ ਲਾਲ ਨੂੰ ਸ਼ਾਮਲ ਕੀਤਾ ਗਿਆ ਹੈ, ਜੋ ਕਿ ਦੁਕਾਨਦਾਰਾਂ ਅਤੇ ਠੇਕੇਦਾਰਾਂ ਦੇ ਨਾਲ ਮੀਟਿੰਗ ਕਰ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੋਰ ਨੇਡ਼ਿਓਂ ਜਾਨਣ ਦਾ ਯਤਨ ਕਰਨਗੇ। ਇਸ ਵਿਚ ਨਗਰ ਨਿਗਮ ਦੇ  ਅਧਿਕਾਰੀ ਅਤੇ ਸਬੰਧਤ ਪੁਲਸ ਅਧਿਕਾਰੀ ਵੀ ਖਾਸ ਤੌਰ ’ਤੇ ਸ਼ਾਮਲ ਰਹਿਣਗੇ।

ਕੁਝ ਲੋਕ ਮੰਡੀ ਦਾ ਮਾਹੌਲ ਖਰਾਬ ਕਰਨਾ ਚਾਹੰੁਦੇ ਹਨ : ਠੇਕੇਦਾਰ
 ਇਸ ਸਬੰਧੀ  ਮੰਡੀ ਦੇ ਠੇਕੇਦਾਰ ਰਵੀ ਸੂਦ ਨੇ ਦੱਸਿਆ ਕਿ ਇਹ ਕੁੱਝ ਲੋਕਾਂ ਦੀ ਸਾਜ਼ਿਸ਼ ਹੈ, ਜੋ ਮੰਡੀ ਦਾ ਮਾਹੌਲ, ਵਿਗਾਡ਼ਨ ਲਈ ਦੁਕਾਨਦਾਰਾਂ ਅਤੇ ਰੇਹਡ਼ੀ-ਫਡ਼੍ਹੀ ਵਾਲਿਆਂ ਨੂੰ ਗੁੰਮਰਾਹ ਕਰ ਰਹੇ ਹਨ। ਸੂਦ ਨੇ ਕਿਹਾ ਕਿ ਮੰਡੀ ਵਿਚ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੋਵੇਗੀ ਤਾਂ ਸਭ ਤੋਂ ਪਹਿਲਾਂ ਉਹ ਮਾਰਕੀਟ ਦੇ ਅਧਿਕਾਰੀਆਂ ਜਾਂ ਫਿਰ ਠੇਕੇਦਾਰ ਦੇ ਕੋਲ ਜਾਵੇਗਾ ਨਾ  ਕਿ  ਸਿਆਸੀ ਆਗੂਆਂ ਕੋਲ। ਉਨ੍ਹਾਂ ਕਿਹਾ ਕਿ ਇਹ ਵਿਰੋਧੀਆਂ ਦੀਆਂ ਚਾਲਾਂ ਹਨ। ਮੰਡੀ ਵਿਚ ਰੇਹਡ਼ੀ-ਫਡ਼੍ਹੀ ਲਾਉਣ ਵਾਲਿਆਂ ਵਿਚੋਂ ਜ਼ਿਆਦਾਤਰ ਦੁਕਾਨਦਾਰ ਉਨ੍ਹਾਂ ਦੇ ਪੱਖ ਵਿਚ ਖਡ਼੍ਹੇ ਹਨ ਅਤੇ ਸ਼ਰਤਾਂ ਤੇ ਨਿਯਮਾਂ ਮੁਤਾਬਕ ਹੀ ਰੇਹਡ਼ੀਆਂ-ਫਡ਼੍ਹੀਆਂ ਤੋਂ ਕਿਰਾਇਆ ਵਸੂਲ ਰਹੇ ਹਾਂ। ਸੂਦ ਨੇ ਆਪਣੇ ’ਤੇ ਲਾਏ ਜਾ ਰਹੇ ਸਾਰੇ ਦੋਸ਼ਾਂ ਨੂੰ ਸਿਰਿਓਂ ਖਾਰਿਜ਼ ਕਰਦੇ ਹੋਏ ਕਿਹਾ ਕਿ ਮੰਡੀ ਵਿਚ ਕੁੱਝ ਵਿਰੋਧੀਆਂ ਕੋਲ ਹੁਣ ਕੋਈ ਹੋਰ ਤਾਂ ਮੁੱਦਾ ਬਚਿਆ ਨਹੀਂ, ਇਸ ਲਈ ਉਹ ਰੇਹਡ਼ੀ-ਫਡ਼੍ਹੀ ਵਾਲਿਆਂ ਨੂੰ ਉਨ੍ਹਾਂ ਖਿਲਾਫ ਭਡ਼ਕਾਉਣ ਦਾ ਯਤਨ ਕਰ ਰਹੇ ਹਨ।
ਹਾਲੇ ਤੱਕ ਕੋਈ ਸ਼ਿਕਾਇਤ ਨਹੀਂ ਆਈ : ਸਕੱਤਰ
 ਮਾਰਕੀਟ ਕਮੇਟੀ ਦੇ ਸਕੱਤਰ ਹਰਮਿੰਦਰ ਸੰਧੂ ਨੇ ਇਸ ਸਬੰਧੀ ਗੱਲਬਾਤ ਕਰਦੇ ਹੋਏ ਕਿਹਾ ਕਿ ਮਾਰਕੀਟ ਕਮੇਟੀ ਦੇ ਕਿਸੇ ਵੀ ਮੁਲਾਜ਼ਮ ਜਾਂ ਅਧਿਕਾਰੀ ਨੇ ਹੁਣ ਤੱਕ ਮੰਡੀ ’ਚ ਕੋਈ ਬਾਊਂਸਰ ਨਹੀਂ ਦੇਖਿਅਾ ਅਤੇ ਨਾ ਹੀ ਠੇਕੇਦਾਰ ਵਲੋਂ ਕਿਸੇ ਤਰ੍ਹਾਂ ਦੀ ਓਵਰ ਚਾਰਜਿੰਗ ਵਸੂਲਣ ਸਬੰਧੀ ਕਿਸੇ ਦੁਕਾਨਦਾਰ ਅਤੇ ਰੇਹਡ਼ੀ-ਫਡ਼੍ਹੀ ਵਾਲੇ ਨੇ ਕੋਈ ਸ਼ਿਕਾਇਤ ਕੀਤੀ ਹੈ। ਸੰਧੂ ਨੇ ਕਿਹਾ ਕਿ ਇਸ ਸਬੰਧੀ ਠੇਕੇਦਾਰ ਸੂਦ ਨਾਲ ਬੀਤੇ ਦਿਨੀਂ ਗੱਲ ਕੀਤੀ ਗਈ ਤਾਂ ਉਨ੍ਹਾਂ ਆਪਣਾ ਪੱਖ ਰੱਖਦੇ ਹੋਏ ਸਾਫ ਕਰ ਦਿੱਤਾ ਸੀ ਕਿ ਉਹ ਮੰਡੀ ਵਿਚ ਰੇਹਡ਼ੀ-ਫਡ਼੍ਹੀ ਲਾਉਣ ਵਾਲੇ ਹਰ ਦੁਕਾਨਦਾਰ ਤੋਂ ਜਗ੍ਹਾ ਦੇ ਹਿਸਾਬ ਨਾਲ ਕਿਰਾਇਆ ਲੈ ਰਹੇ ਹਨ, ਜੋ ਕਿ ਨਿਯਮਾਂ ਤੇ ਸ਼ਰਤਾਂ ਦੇ ਮੁਤਾਬਕ ਹੈ।
ਘੱਟ ਤੋਂ ਘੱਟ 10 ਥਾਵਾਂ ’ਤੇ ਲਾਏ ਜਾਣ ਸੂਚਨਾ ਬੋਰਡ
 ਤਲਵਾੜ ਨੇ ਸੰਧੂ ਨੂੰ ਕਿਹਾ ਹੈ ਕਿ ਮੰਡੀ ਵਿਚ ਘੱਟ ਤੋਂ ਘੱਟ 10 ਥਾਈਂ ਕਿਰਾਇਆ ਵਸੂਲੀ ਸਬੰਧੀ ਸੂਚਨਾ ਬੋਰਡ ਲਾਉਣ ਦੇ ਨਾਲ ਹੀ ਸਰਕਾਰ ਵਲੋਂ ਜਾਰੀ ਕੀਤੀਆਂ ਗਈਆਂ ਸ਼ਰਤਾਂ ਅਤੇ ਨਿਯਮਾਂ ਦੀ ਜਾਣਕਾਰੀ ਪ੍ਰਕਾਸ਼ਿਤ ਕੀਤੀ ਜਾਵੇ ਤਾਂ ਜੋ ਮੰਡੀ ਵਿਚ ਸਾਰਾ ਕੰਮ ਪੂਰੇ ਪਾਰਦਰਸ਼ੀ ਢੰਗ ਨਾਲ ਚੱਲ ਸਕੇ। ਉਨ੍ਹਾਂ ਕਿਹਾ ਕਿ ਮੌਕੇ ’ਤੇ ਮੌਜੂਦ ਸਕੱਤਰ ਸੰਧੂ ਨਾਲ ਠੇਕੇਦਾਰ ਦੇ ਨਾਲ ਹੋਏ ਐਗਰੀਮੈਂਟ ਦੀ ਕਾਪੀ ਮੰਗਵਾ ਕੇ ਦੁਕਾਨਦਾਰਾਂ ਨੂੰ ਸੌਂਪੀ ਜਾਵੇ। ਇਸ ਦੌਰਾਨ ਤਲਵਾੜ ਨੇ ਸੰਧੂ ਨੂੰ ਨਿਰਦੇਸ਼ ਦਿੱਤੇ ਕਿ ਮੰਡੀ ਦੇ ਜਿਸ ਹਿੱਸੇ ਵਿਚ ਰੇਹਡ਼ੀ-ਫਡ਼੍ਹੀ ਲਾਉਣ ਦੇ ਕਰਾਰ ਵਿਚ ਜ਼ਿਕਰ ਨਹੀਂ ਕੀਤਾ ਗਿਆ, ਉਸ ਦੀ ਜਾਣਕਾਰੀ ਸਬੰਧੀ ਵੀ 5 ਨਕਸ਼ਿਆਂ ਦੇ ਬੋਰਡ ਵੀ ਮੰਡੀ ’ਚ ਜ਼ਰੂਰ ਲਾਏ ਜਾਣ।
 


Related News