ਰਾਹਤ : ਚੰਡੀਗੜ੍ਹ ਦੀ ਤੀਜੀ ਰਿਪੋਰਟ ਵੀ ਅਾਈ ਸਾਹਮਣੇ, ਬਰਡ ਫਲੂ ਦੇ ਲੱਛਣ ਕਿਸੇ ’ਚ ਨਹੀਂ
Friday, Jan 15, 2021 - 03:53 PM (IST)
ਚੰਡੀਗੜ੍ਹ (ਰਾਜਿੰਦਰ) : ਯੂ. ਟੀ. ਪ੍ਰਸ਼ਾਸਨ ਵਲੋਂ ਭੇਜੇ ਗਏ ਹੁਣ ਤੱਕ ਦੇ ਸਾਰੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਕਿਉਂਕਿ ਵੀਰਵਾਰ ਨੂੰ ਰੇਲਵੇ ਸਟੇਸ਼ਨ ਕੋਲ ਸੋਮਵਾਰ ਨੂੰ ਮਿਲੇ ਅੱਠ ਕਾਂਵਾਂ ਸਮੇਤ ਕੁਲ 13 ਪੰਛੀਆਂ ਦੀ ਜਲੰਧਰ ਤੋਂ ਰਿਪੋਰਟ ਆ ਗਈ ਹੈ। ਰਿਪੋਰਟ ਅਨੁਸਾਰ ਮ੍ਰਿਤਕ ਮਿਲੇ ਕਿਸੇ ਵੀ ਪੰਛੀ ਵਿਚ ਬਰਡ ਫਲੂ ਦੇ ਲੱਛਣ ਨਹੀਂ ਪਾਏ ਗਏ ਹਨ। ਇਸ ਤੋਂ ਪਹਿਲਾਂ ਵੀ ਦੋ ਰਿਪੋਰਟਾਂ ਵੀ ਨੈਗੇਟਿਵ ਆਈਆਂ ਸਨ, ਉੱਥੇ ਹੀ ਦੂਜੇ ਪਾਸੇ ਸ਼ਹਿਰ ’ਚ ਪੰਛੀਆਂ ਦੇ ਮਰਨ ਦਾ ਸਿਲਸਿਲਾ ਜਾਰੀ ਹੈ। ਲਗਾਤਾਰ 10ਵੇਂ ਦਿਨ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਵਾਤਾਵਰਣ ਮਹਿਕਮੇ ਦੇ ਹੈਲਪਲਾਈਨ ਨੰਬਰ ’ਤੇ ਮ੍ਰਿਤਕ ਪੰਛੀਆਂ ਦੇ ਮਿਲਣ ਦੀ ਸੂਚਨਾ ਮਿਲੀ। ਵੀਰਵਾਰ ਨੂੰ 14 ਪੰਛੀ ਮ੍ਰਿਤਕ ਪਾਏ ਗਏ।
ਰੇਲਵੇ ਸਟੇਸ਼ਨ ਤੋਂ 5 ਕਾਂ ਮ੍ਰਿਤਕ ਮਿਲੇ
ਵਾਤਾਵਰਣ ਵਿਭਾਗ ਅਨੁਸਾਰ ਵੀਰਵਾਰ ਨੂੰ ਮਨੀਮਾਜਰਾ ਤੋਂ ਇਕ ਕਾਂ, ਰੇਲਵੇ ਸਟੇਸ਼ਨ ਤੋਂ ਪੰਜ, ਕਲਾਗ੍ਰਾਮ ਤੋਂ ਚਾਰ ਕਾਂ ਅਤੇ ਇਕ ਵੁਡਪੇਕਰ, ਸੈਕਟਰ-20 ਤੋਂ ਇਕ ਕਬੂਤਰ, ਸੈਕਟਰ-3 ਤੋਂ ਇਕ ਕੋਇਲ ਅਤੇ ਸੈਕਟਰ-42 ਤੋਂ ਇਕ ਪੰਛੀ ਮਿਲਿਆ ਹੈ।
ਇਹ ਵੀ ਪੜ੍ਹੋ : ਸਿਵਲ ਹਸਪਤਾਲ ’ਚ ਅੱਠ ਮਹੀਨੇ ਦੀ ਗਰਭਵਤੀ ਔਰਤ ਅਤੇ ਬੱਚੇ ਦੀ ਮੌਤ
23 ਪੰਛੀਆਂ ਦੀ ਰਿਪੋਰਟ ਆਈ
ਮਹਿਕਮੇ ਨੇ ਜਲੰਧਰ ਜਾਂਚ ਲਈ ਕੁਲ 23 ਪੰਛੀਆਂ ਦੇ ਸੈਂਪਲ ਭੇਜੇ ਸਨ। ਸਾਰਿਆਂ ਦੀ ਰਿਪੋਰਟ ਆ ਗਈ ਹੈ। ਕਿਸੇ ਵੀ ਪੰਛੀ ਵਿਚ ਬਰਡ ਫਲੂ ਦੇ ਲੱਛਣ ਨਹੀਂ ਮਿਲੇ ਹਨ। ਇਸ ’ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਛੀਆਂ ਦੀ ਮੌਤ ਕੁਦਰਤੀ ਹੈ। ਅਜਿਹੇ ਵਿਚ ਸ਼ਹਿਰ ਵਾਸੀਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਪਰ ਫਿਰ ਵੀ ਅਹਿਤਿਹਾਤ ਦੇ ਤੌਰ ’ਤੇ ਉਨ੍ਹਾਂ ਦੀ ਸਰਵਿਲਾਂਸ ਜਾਰੀ ਹੈ। ਕਰਮਚਾਰੀ ਸ਼ਹਿਰ ਭਰ ਵਿਚ ਸਰਚ ਅਭਿਆਨ ਚਲਾ ਰਹੇ ਹਨ ਅਤੇ ਉਨ੍ਹਾਂ ਨੂੰ ਅੱਗੇ ਵੀ ਕੋਈ ਸ਼ੱਕ ਲੱਗੇਗਾ ਤਾਂ ਰੈਗੂਲਰ ਰੂਪ ਤੋਂ ਸੈਂਪਲ ਦੀ ਟੈਸਟਿੰਗ ਕਰਵਾਈ ਜਾਵੇਗੀ।
ਪਸ਼ੂ ਮੈਡੀਕਲ ਮਹਿਕਮੇ ਵਲੋਂ ਭੇਜੇ ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ
ਉੱਧਰ, ਵਾਤਾਵਰਣ ਮਹਿਕਮੇ ਤੋਂ ਇਲਾਵਾ ਯੂ. ਟੀ. ਪ੍ਰਸ਼ਾਸਨ ਦੇ ਪਸ਼ੂ ਮੈਡੀਕਲ ਵਿਭਾਗ ਨੇ ਵੀ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਕਰੀਬ 250 ਨਮੂਨੇ ਜਾਂਚ ਲਈ ਜਲੰਧਰ ਭੇਜੇ ਹਨ। ਮਹਿਕਮੇ ਨੂੰ ਅਜੇ ਤੱਕ ਰਿਪੋਰਟ ਨਹੀਂ ਮਿਲੀ ਹੈ। ਇਸ ਵਿਚ ਪਸ਼ੂ ਮੈਡੀਕਲ ਮਹਿਕਮਾ ਇਕ ਵਾਰ ਫਿਰ 18 ਜਨਵਰੀ ਨੂੰ ਨਮੂਨੇ ਇਕੱਠੇ ਕਰਨਾ ਸ਼ੁਰੂ ਕਰ ਦੇਵੇਗਾ ਅਤੇ 20 ਜਨਵਰੀ ਨੂੰ ਜਾਂਚ ਲਈ ਭੇਜੇਗਾ।
ਇਹ ਵੀ ਪੜ੍ਹੋ : ਕਿਸਾਨੀ ਸੰਕਟ ਦੌਰਾਨ ਹੁਣ ਕੇਂਦਰ ਸਰਕਾਰ ਅਤੇ ਸ਼ੈਲਰ ਮਾਲਕ ਹੋਏ ਆਹਮੋ-ਸਾਹਮਣੇ
ਹੁਣ ਤੱਕ 79 ਪੰਛੀਆਂ ਦੀ ਮੌਤ
ਸ਼ਹਿਰ ਵਿਚ ਹੁਣ ਤੱਕ 79 ਪੰਛੀਆਂ ਦੀ ਮੌਤ ਹੋ ਚੁੱਕੀ ਹੈ। ਧਿਆਨਯੋਗ ਹੈ ਕਿ ਦੇਸ਼ ਦੇ ਕਈ ਰਾਜਾਂ ਵਿਚ ਬਰਡ ਫਲੂ ਦੇ ਮਾਮਲਿਆਂ ਦੀ ਪੁਸ਼ਟੀ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਦੇ ਵਣ ਅਤੇ ਵਣਜੀਵ ਵਿਭਾਗ ਨੇ 4 ਜਨਵਰੀ ਨੂੰ ਹੀ ਅਲਰਟ ਜਾਰੀ ਕਰ ਦਿੱਤਾ ਸੀ। ਸਾਰੇ ਸਬੰਧਤ ਮਹਿਕਮਿਆਂ ਨੂੰ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਗਏ ਸਨ, ਜਿਸ ਦੇ ਚਲਦੇ ਹੀ ਮਹਿਕਮੇ ਨੇ ਸਰਵਿਲਾਂਸ ਵਧਾਈ ਹੋਈ ਹੈ।
ਹੈਲਪਲਾਈਨ ਨੰਬਰ ’ਤੇ ਤੁਸੀਂ ਵੀ ਦੇ ਸਕਦੇ ਹੋ ਜਾਣਕਾਰੀ
ਵਣ ਮਹਿਕਮੇ ਨੇ ਫੀਲਡ ਵਿਚ ਤਾਇਨਾਤ ਸਾਰੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ ਹੋਏ ਹਨ ਕਿ ਜੇਕਰ ਵਣ ਖੇਤਰ ਵਿਚ ਕਿਸੇ ਪੰਛੀ ਦੀ ਮੌਤ ਹੁੰਦੀ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਮਹਿਕਮੇ ਨੂੰ ਦਿਓ। ਪਸ਼ੂ ਪਾਲਣ ਮਹਿਕਮੇ ਨੇ ਵੀ ਉਚਿਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਇਸ ਤੋਂ ਇਲਾਵਾ ਲੋਕਾਂ ਲਈ ਵੀ ਇਕ ਹੈਲਪਲਾਈਨ ਨੰਬਰ 0172-2700217 ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ‘ਵਿਗਿਆਨੀ ਨਾਲ 2.07 ਲੱਖ ਰੁਪਏ ਦੀ ਠੱਗੀ, ਮਾਮਲਾ ਦਰਜ’
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ