ਸੜਕਾਂ ਦੇ ਦੋਵੇਂ ਪਾਸੇ ਨਾਜਾਇਜ਼ ਕਬਜ਼ਿਆਂ ਕਾਰਨ ਹਾਦਸਿਆਂ ''ਚ ਹੋਇਆ ਵਾਧਾ

Tuesday, Mar 13, 2018 - 03:25 AM (IST)

ਸੜਕਾਂ ਦੇ ਦੋਵੇਂ ਪਾਸੇ ਨਾਜਾਇਜ਼ ਕਬਜ਼ਿਆਂ ਕਾਰਨ ਹਾਦਸਿਆਂ ''ਚ ਹੋਇਆ ਵਾਧਾ

ਸੁਖਸਾਲ, (ਕੌਸ਼ਲ)- ਦੁਕਾਨਦਾਰਾਂ ਤੇ ਸੜਕ ਕਿਨਾਰੇ ਸਥਿਤ ਘਰਾਂ ਦੇ ਮਾਲਕਾਂ ਵੱਲੋਂ ਮੁੱਖ ਸੜਕਾਂ ਦੇ ਦੋਵੇਂ ਪਾਸੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਾਰਨ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵਾਪਰ ਜਾਂਦਾ ਹੈ। ਕਲਮਾਂ ਮੋੜ ਤੋਂ ਨੰਗਲ ਅਤੇ ਨਾਨਗਰਾਂ ਤੋਂ ਨੰਗਲ ਬਰਾਸਤਾ ਸੰਤੋਖਗੜ੍ਹ ਤੇ ਅਜੌਲੀ ਮੋੜ 'ਤੇ ਕਈ ਬੱਸ ਅੱਡਿਆਂ 'ਤੇ ਦੁਕਾਨਦਾਰਾਂ ਨੇ ਆਪਣਾ ਸਾਮਾਨ ਸੜਕ 'ਤੇ ਰੱਖ ਕੇ ਆਵਾਜਾਈ 'ਚ ਵਿਘਨ ਪਾਇਆ ਹੋਇਆ ਹੈ। ਬੱਸਾਂ ਤੇ ਟਰੱਕਾਂ ਸਮੇਤ ਹੋਰ ਵਾਹਨਾਂ ਵਾਲੇ ਉਕਤ ਦੁਕਾਨਦਾਰਾਂ ਵੱਲੋਂ ਰੱਖੇ ਸਾਮਾਨ ਨੂੰ ਬਚਾਉਂਦੇ ਹੋਏ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। 
ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਵਿਰੁੱਧ ਕਾਰਵਾਈ ਹੋਵੇ : ਭੀਖਾਪੁਰ
ਬਾਹਤੀ ਮਹਾ ਸਭਾ ਦੇ ਪ੍ਰਧਾਨ ਚੌਧਰੀ ਭਗਤ ਰਾਮ ਭੀਖਾਪੁਰ ਨੇ ਇਸ ਸਬੰਧ 'ਚ ਕਿਹਾ ਕਿ ਸੜਕਾਂ 'ਤੇ ਨਾਜਾਇਜ਼ ਕਬਜ਼ੇ ਕਰਨਾ ਮੰਦਭਾਗਾ ਹੈ। ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਅੱਗੇ ਸਾਮਾਨ ਰੱਖਣਾ ਇਕ ਜੁਰਮ ਹੈ, ਜੇਕਰ ਨਾਜਾਇਜ਼ ਸਾਮਾਨ ਰੱਖਣ ਕਾਰਨ ਉਨ੍ਹਾਂ ਦੀ ਦੁਕਾਨ ਅੱਗੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਵਿਰੁੱਧ ਪੁਲਸ ਕੇਸ ਦਰਜ ਕਰ ਕੇ ਉਸ ਵਿਰੁੱਧ ਕਾਰਵਾਈ ਬਣਦੀ ਹੈ। ਚੌਧਰੀ ਭਗਤ ਰਾਮ ਭੀਖਾਪੁਰ ਨੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਦੀ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ।
ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਸਪੀਕਰ ਕੋਲ ਉਠਾਵਾਂਗੇ : ਧੀਮਾਨ
ਸੀਨੀਅਰ ਕਾਂਗਰਸੀ ਨੇਤਾ ਅੰਮ੍ਰਿਤਪਾਲ ਧੀਮਾਨ ਨੇ ਕਿਹਾ ਕਿ ਦੁਕਾਨਦਾਰਾਂ ਵੱਲੋਂ ਸੜਕਾਂ ਦੇ ਕਿਨਾਰਿਆਂ 'ਤੇ ਬਿਨਾਂ ਵਜ੍ਹਾ ਕਬਜ਼ੇ ਕੀਤੇ ਜਾ ਰਹੇ ਹਨ। ਲੋਕ ਇਸ ਕੰਮ 'ਚ ਵੀ ਰਾਜਨੀਤੀ ਖੇਡ ਰਹੇ ਹਨ। ਇਨ੍ਹਾਂ ਨਾਜਾਇਜ਼ ਕਬਜ਼ਿਆਂ ਕਾਰਨ ਹੋਏ ਸੜਕ ਹਾਦਸਿਆਂ 'ਚ ਜਿਨ੍ਹਾਂ ਪਰਿਵਾਰਾਂ ਦੇ ਜੀਆਂ ਦਾ ਜਾਨੀ ਨੁਕਸਾਨ ਹੋਇਆ ਹੈ ਉਨ੍ਹਾਂ ਲਈ ਇਹ ਪਹਾੜ ਡਿੱਗਣ ਦੇ ਬਰਾਬਰ ਹੈ। ਇਸ ਗੰਭੀਰ ਮਸਲੇ ਸਬੰਧੀ ਉਹ ਹਲਕੇ ਦੇ ਵਿਧਾਇਕ ਤੇ ਸਪੀਕਰ ਰਾਣਾ ਕੰਵਰਪਾਲ ਸਿੰਘ ਦੇ ਧਿਆਨ 'ਚ ਲਿਆਉਣਗੇ।
ਨਾਜਾਇਜ਼ ਕਬਜ਼ਿਆਂ ਸਬੰਧੀ ਗੱਲ ਕਰਦਿਆਂ ਕਾਂਗਰਸੀ ਨੇਤਾ ਜਸਬੀਰ ਸਿੰਘ ਰਾਣਾ ਤੇ ਸ਼ਿਵ ਕੁਮਾਰ ਬੌਬੀ ਸੁਖਸਾਲ ਨੇ ਕਿਹਾ ਕਿ ਸੜਕਾਂ ਦੇ ਕਿਨਾਰਿਆਂ 'ਤੇ ਦੁਕਾਨਦਾਰਾਂ ਵੱਲੋਂ ਨਾਜਾਇਜ਼ ਸਾਮਾਨ ਰੱਖਣਾ ਗਲਤ ਹੈ। ਭਾਵੇਂ ਨਾਨਗਰਾਂ ਤੋਂ ਸੰਤੋਖਗੜ੍ਹ ਮੇਨ ਸੜਕ ਨੂੰ ਚੌੜਾ ਕਰ ਕੇ ਬਣਾਇਆ ਗਿਆ ਹੈ ਪਰ ਉੱਥੇ ਕਲਵਾਂ ਮੋੜ ਤੋਂ ਨੰਗਲ ਤੱਕ ਜਾਂਦੀ ਸੜਕ ਦੀ ਕਈ ਬੱਸ ਅੱਡਿਆਂ 'ਤੇ ਚੌੜਾਈ ਬਿਲਕੁੱਲ ਘੱਟ ਹੈ। ਉਨ੍ਹਾਂ ਜ਼ਿਲੇ ਦੇ ਡਿਪਟੀ ਕਮਿਸ਼ਨਰ ਗੁਰਨੀਤ ਤੇਜ ਤੋਂ ਮੰਗ ਕੀਤੀ ਕਿ ਦੁਕਾਨਦਾਰਾਂ ਵੱਲੋਂ ਸੜਕਾਂ ਦੇ ਦੋਵੇਂ ਪਾਸੇ ਕੀਤੇ ਨਾਜਾਇਜ਼ ਕਬਜ਼ੇ ਹਟਾਏ ਜਾਣ ਤਾਂ ਜੋ ਸੜਕ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।
ਦੁਕਾਨਦਾਰਾਂ ਵਿਰੁੱਧ ਕਾਰਵਾਈ ਹੋਵੇਗੀ
ਇਸ ਸਬੰਧ 'ਚ ਜਦੋਂ ਨੰਗਲ ਪੁਲਸ ਥਾਣੇ ਦੇ ਐੱਸ. ਐੱਚ. ਓ. ਸੰਨੀ ਖੰਨਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਇਲਾਕੇ 'ਚ ਹਾਲੇ ਨਵੇਂ ਹਨ। ਜਿਸ ਕਿਸੇ ਦੁਕਾਨਦਾਰ ਨੇ ਸੜਕਾਂ ਕਿਨਾਰੇ ਨਾਜਾਇਜ਼ ਕਬਜ਼ੇ ਕਰ ਕੇ ਸਾਮਾਨ ਰੱਖਿਆ ਹੈ, ਇਸ ਬਾਰੇ ਜਲਦ ਠੋਸ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਪਹਿਲਾਂ ਕਬਜ਼ੇ ਵਾਲੇ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਉਥੋਂ ਚੁੱਕਣ ਲਈ ਕਿਹਾ ਜਾਵੇਗਾ।


Related News