ਖੜੇ ਟਰੈਕਟਰ-ਟਰਾਲੀ ਪਿੱਛੇ ਮੋਟਰਸਾਇਕਲ ਟਕਰਾਉਣ ਕਾਰਨ ਵਾਪਰਿਆ ਹਾਦਸਾ, ਨੌਜਵਾਨ ਦੀ ਮੌਤ
Monday, Mar 10, 2025 - 08:43 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ) : ਐਤਵਾਰ ਦੇਰ ਸ਼ਾਮ ਇੱਥੇ ਭਵਾਨੀਗੜ੍ਹ-ਧੂਰੀ ਲਿੰਕ ਰੋਡ 'ਤੇ ਟਰੈਕਟਰ-ਟਰਾਲੀ ਦੇ ਪਿੱਛੇ ਟਕਰਾ ਜਾਣ ਕਾਰਨ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਇੱਥੇ ਇੱਕ ਪੈਟਰੋਲ ਪੰਪ 'ਤੇ ਨੌਕਰੀ ਕਰਦਾ ਸੀ ਤੇ ਡਿਊਟੀ ਤੋਂ ਬਾਅਦ ਆਪਣੇ ਪਿੰਡ ਵਾਪਸ ਜਾ ਰਿਹਾ ਸੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਭਵਾਨੀਗੜ੍ਹ ਥਾਣੇ ਦੇ ਏ.ਐਸ.ਆਈ. ਸੁਰੇਸ਼ ਕੁਮਾਰ ਨੇ ਦੱਸਿਆ ਕਿ 27 ਸਾਲਾ ਜਸਵਿੰਦਰ ਸਿੰਘ ਪੁੱਤਰ ਨਾਜ਼ਰ ਸਿੰਘ ਵਾਸੀ ਪਿੰਡ ਦਿਆਲਗੜ੍ਹ ਜੋ ਕਾਕੜਾ ਰੋਡ 'ਤੇ ਸਥਿਤ ਮਿੱਤਲ ਫਿਲਿੰਗ ਸਟੇਸ਼ਨ 'ਤੇ ਤੇਲ ਪਾਉਣ ਦਾ ਕੰਮ ਕਰਦਾ ਸੀ। ਬੀਤੀ ਕੱਲ ਸ਼ਾਮ ਕਰੀਬ ਸਾਢੇ 7 ਵਜੇ ਉਕਤ ਜਸਵਿੰਦਰ ਸਿੰਘ ਪੈਟਰੋਲ ਪੰਪ 'ਤੇ ਡਿਊਟੀ ਖਤਮ ਕਰਨ ਤੋਂ ਬਾਅਦ ਆਪਣੇ ਪਿੰਡ ਜਾਣ ਲਈ ਮੋਟਰਸਾਈਕਲ 'ਤੇ ਰਵਾਨਾ ਹੋਇਆ ਸੀ ਕਿ ਰਸਤੇ 'ਚ ਕਾਕੜਾ ਪਿੰਡ ਤੋਂ ਪਹਿਲਾਂ ਸ਼ਰਾਬ ਦੇ ਠੇਕੇ ਨੇੜੇ ਸੜਕ 'ਤੇ ਖੜ੍ਹੀ ਇੱਕ ਟਰੈਕਟਰ-ਟਰਾਲੀ ਦੇ ਪਿਛੇ ਜਾ ਟਕਰਾਇਆ। ਸੜਕ 'ਤੇ ਡਿੱਗਣ ਕਾਰਨ ਉਹ ਗੰਭੀਰ ਰੂਪ ਵਿਚ ਜਖ਼ਮੀ ਹੋ ਗਿਆ। ਜਸਵਿੰਦਰ ਸਿੰਘ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਏ.ਐੱਸ.ਆਈ. ਨੇ ਦੱਸਿਆ ਕਿ ਮਾਮਲੇ 'ਚ ਪੁਲਸ ਵੱਲੋਂ ਟਰੈਕਟਰ-ਟਰਾਲੀ ਨੂੰ ਆਪਣੇ ਕਬਜ਼ੇ 'ਚ ਲੈ ਕੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਅਨੁਸਾਰ ਕਾਰਵਾਈ ਕੀਤੀ ਜਾ ਰਹੀ ਹੈ। ਉੱਧਰ, ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਜਸਵਿੰਦਰ ਸਿੰਘ ਦ ਹਾਲੇ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਉਸਦੀ ਪਤਨੀ ਗਰਭਵਤੀ ਹੈ। ਜਸਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਪਰਿਵਾਰ 'ਚ ਮਾਤਮ ਛਾ ਗਿਆ ਤੇ ਪਿੰਡ ਵਿਚ ਸੋਗ ਫੈਲ ਦੀ ਲਹਿਰ ਦੌੜ ਗਈ।