ਪੰਜਾਬ ''ਚ ਕਣਕ ਦੇ ਉਤਪਾਦਨ ''ਚ 11 ਲੱਖ ਮੀਟ੍ਰਿਕ ਟਨ ਦੀ ਵੱਡੀ ਗਿਰਾਵਟ

Saturday, May 16, 2026 - 01:03 PM (IST)

ਪੰਜਾਬ ''ਚ ਕਣਕ ਦੇ ਉਤਪਾਦਨ ''ਚ 11 ਲੱਖ ਮੀਟ੍ਰਿਕ ਟਨ ਦੀ ਵੱਡੀ ਗਿਰਾਵਟ

ਚੰਡੀਗੜ੍ਹ : ਪੰਜਾਬ 'ਚ ਇਸ ਵਾਰ ਕਣਕ ਦੀ ਖੇਤੀ ਅਤੇ ਖਰੀਦ ਦੇ ਅੰਕੜਿਆਂ ਨੇ ਚਿੰਤਾ ਵਧਾ ਦਿੱਤੀ ਹੈ। ਸਰੋਤਾਂ ਮੁਤਾਬਕ ਸਾਲ 2026-27 ਦੇ ਸੀਜ਼ਨ ਦੌਰਾਨ ਸੂਬੇ 'ਚ ਕਣਕ ਦੀ ਖ਼ਰੀਦ 123.14 ਲੱਖ ਮੀਟ੍ਰਿਕ ਟਨ ਰਹੀ, ਜੋ ਕਿ ਪਿਛਲੇ ਸਾਲ (129.98 ਲੱਖ ਮੀਟ੍ਰਿਕ ਟਨ) ਦੇ ਮੁਕਾਬਲੇ 6.84 ਲੱਖ ਮੀਟ੍ਰਿਕ ਟਨ ਘੱਟ ਹੈ। ਇਸ ਗਿਰਾਵਟ ਦਾ ਸਿੱਧਾ ਅਸਰ ਰਾਜ ਦੀ ਖੇਤੀਬਾੜੀ ਆਰਥਿਕਤਾ ਅਤੇ ਕਿਸਾਨਾਂ ਦੀ ਆਮਦਨ 'ਤੇ ਪੈ ਰਿਹਾ ਹੈ।
ਉਤਪਾਦਨ ਅਤੇ ਰਕਬੇ 'ਚ ਕਮੀ
ਮਾਹਿਰਾਂ ਅਨੁਸਾਰ ਪਿਛਲੇ ਸਾਲ ਆਏ ਹੜ੍ਹਾਂ ਅਤੇ ਖੇਤੀ ਹੇਠਲੇ ਰਕਬੇ 'ਚ ਹੋਈ ਕਮੀ ਇਸ ਸਥਿਤੀ ਲਈ ਜ਼ਿੰਮੇਵਾਰ ਹੈ। ਕਣਕ ਦੀ ਬਿਜਾਈ ਦਾ ਰਕਬਾ 35.13 ਲੱਖ ਹੈਕਟੇਅਰ ਤੋਂ ਘਟ ਕੇ 34.88 ਲੱਖ ਹੈਕਟੇਅਰ ਰਹਿ ਗਿਆ ਹੈ, ਜਿਸ ਕਾਰਨ ਕੁੱਲ ਉਤਪਾਦਨ 'ਚ 11 ਲੱਖ ਮੀਟ੍ਰਿਕ ਟਨ ਦੀ ਕਮੀ ਆਈ ਹੈ। ਹੜ੍ਹਾਂ ਕਾਰਨ ਨਦੀਆਂ ਦੇ ਕਿਨਾਰੇ ਵਾਲੇ ਇਲਾਕਿਆਂ 'ਚ ਮਿੱਟੀ ਦੀ ਬਣਤਰ ਖ਼ਰਾਬ ਹੋਈ ਅਤੇ ਬਿਜਾਈ 'ਚ ਦੇਰੀ ਹੋਈ, ਜਿਸ ਨੇ ਝਾੜ ਨੂੰ ਪ੍ਰਭਾਵਿਤ ਕੀਤਾ।
ਜ਼ਿਲ੍ਹਾਵਾਰ ਅੰਕੜੇ
ਖ਼ਰੀਦ ਦੇ ਅੰਕੜਿਆਂ 'ਤੇ ਨਜ਼ਰ ਮਾਰੀਏ ਤਾਂ ਬਠਿੰਡਾ 9.17 ਲੱਖ ਮੀਟ੍ਰਿਕ ਟਨ ਖਰੀਦ ਨਾਲ ਸਭ ਤੋਂ ਅੱਗੇ ਰਿਹਾ ਹੈ। ਇਸ ਦੇ ਉਲਟ ਲੁਧਿਆਣਾ 'ਚ ਖਰੀਦ 8.16 ਲੱਖ ਤੋਂ ਘਟ ਕੇ 7.16 ਲੱਖ ਮੀਟ੍ਰਿਕ ਟਨ (1 ਲੱਖ ਮੀਟ੍ਰਿਕ ਟਨ ਦੀ ਕਮੀ) ਰਹਿ ਗਈ ਹੈ। ਅੰਮ੍ਰਿਤਸਰ, ਫਿਰੋਜ਼ਪੁਰ ਅਤੇ ਗੁਰਦਾਸਪੁਰ ਵਰਗੇ ਜ਼ਿਲ੍ਹਿਆਂ 'ਚ ਵੀ ਖਰੀਦ 'ਚ ਵੱਡੀ ਗਿਰਾਵਟ ਦੇਖੀ ਗਈ ਹੈ।
ਆਰਥਿਕ ਪ੍ਰਭਾਵ ਅਤੇ ਚਿਤਾਵਨੀ
ਕਿਸਾਨ ਆਗੂ ਸੁਖਦੇਵ ਸਿੰਘ ਅਨੁਸਾਰ ਉਤਪਾਦਨ ਘਟਣ ਨਾਲ ਕਿਸਾਨਾਂ ਦੀ ਨਕਦੀ ਘਟੀ ਹੈ, ਜਿਸ ਦਾ ਅਸਰ ਪੇਂਡੂ ਬਾਜ਼ਾਰਾਂ, ਖਾਦ, ਬੀਜ ਅਤੇ ਖੇਤੀ ਉਪਕਰਣਾਂ ਦੇ ਵਪਾਰ 'ਤੇ ਪੈ ਰਿਹਾ ਹੈ। ਜੇਕਰ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਡਰੇਨੇਜ ਸਿਸਟਮ ਅਤੇ ਜਲ ਪ੍ਰਬੰਧਨ 'ਚ ਸੁਧਾਰ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ 'ਚ ਉਤਪਾਦਨ 'ਤੇ ਦਬਾਅ ਹੋਰ ਵੱਧ ਸਕਦਾ ਹੈ।


 


author

Babita

Content Editor

Related News