ਲੁਧਿਆਣਾ ''ਚ ਭਿਆਨਕ ਹਾਦਸਾ! 4 ਸਾਲਾ ਬੱਚੀ ਲਈ ''ਕਾਲ'' ਬਣ ਕੇ ਆਈ ਬੇਕਾਬੂ ਹੋਈ SKODA ਕਾਰ
Friday, Aug 28, 2026 - 01:29 PM (IST)
ਲੁਧਿਆਣਾ (ਰਾਜ): ਸਮਰਾਲਾ ਚੌਕ ਨੇੜੇ ਰੂਹ ਕੰਬਾਊ ਹਾਦਸੇ ਵਿਚ 4 ਸਾਲਾ ਮਾਸੂਮ ਬੱਚੀ ਦੀ ਦਰਦਨਾਕ ਮੌਤ ਹੋ ਗਈ। ਪਰਿਵਾਰ ਦੇ ਨਾਲ ਪੈਦਲ ਜਾ ਰਹੀ ਬੱਚੀ ਨੂੰ ਮਗਰੋਂ ਆ ਰਹੀ ਇਕ ਤੇਜ਼ ਰਫ਼ਤਾਰ ਤੇ ਬੇਕਾਬੂ ਸਕੋਡਾ ਕਾਰ ਨੇ ਬੁਰੀ ਤਰ੍ਹਾਂ ਦਰੜ ਦਿੱਤਾ, ਜਿਸ ਨਾਲ ਉਸ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਡਵੀਜ਼ਨ ਨੰਬਰ 3 ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਮੁਲਜ਼ਮ ਚਾਲਕ ਮਯੰਕ ਅਰੋੜਾ ਨੂੰ ਗ੍ਰਿਫ਼ਤਾਰ ਕਰ ਕੇ ਵਾਰਦਾਤ ਵਿਚ ਵਰਤੀ ਗਈ ਲਗਜ਼ਰੀ ਕਾਰ ਨੂੰ ਵੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤ ਪਿਤਾ ਰੋਹਿਤ ਨਾ ਦੱਸਿਆ ਕਿ ਬੀਤੀ 26 ਅਗਸਤ ਨੂੰ ਉਹ ਆਪਣੇ ਪਰਿਵਾਰ ਦੇ ਨਾਲ ਸ਼ਿੰਗਾਰ ਰੋਡ ਤੋਂ ਸਬਜ਼ੀ ਖਰੀਦ ਕੇ ਪੈਦਲ ਘਰ ਪਰਤ ਰਿਹਾ ਸੀ। ਜਦੋਂ ਉਹ ਸਮਰਾਲਾ ਚੌਕ ਨੇੜੇ ਸਥਿਤ ਰਾਇਲ ਆਈਸਕ੍ਰੀਮ ਨੇੜੇ ਪਹੁੰਚੇ ਤਾਂ ਮਗਰੋਂ ਇਕ ਗ੍ਰੇ ਰੰਗ ਦੀ ਸਕੋਡਾ ਕਾਰ ਬੇਹੱਦ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਆਈ। ਕਾਰ ਚਲਾ ਰਹੇ ਮੁਲਜ਼ਮ ਮਯੰਕ ਅਰੋੜਾ ਗੱਡੀ ਤੋਂ ਸੰਤੁਲਨ ਗੁਆ ਬੈਠਾ ਅਤੇ ਤੇਜ਼ ਰਫ਼ਤਾਰ ਕਾਰ ਨੇ 4 ਸਾਲਾ ਬੱਚੀ ਰੌਸ਼ਨੀ ਨੂੰ ਦਰੜ ਦਿੱਤਾ। ਇਸ ਨਾਲ ਬੱਚੀ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਆਪਣੀਆਂ ਅੱਖਾਂ ਮੂਹਰੇ ਲਾਡਲੀ ਧੀ ਦੀ ਦਰਦਨਾਕ ਮੌਤ ਨੂੰ ਵੇਖ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਤੇ ਉਹ ਬੇਸੁੱਧ ਹੋ ਗਏ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚੀ ਤੇ ਮੁਲਜ਼ਮ ਮਯੰਕ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਗੱਡੀ ਨੂੰ ਜ਼ਬਤ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
