ਹੱਦ ਹੋ ਗਈ! ਹਾਦਸੇ ਮਗਰੋਂ ਭੱਜਣ ਦੇ ਚੱਕਰ ''ਚ ਵਾਪਰ ਗਿਆ ਇਕ ਹੋਰ ਹਾਦਸਾ

Sunday, Apr 05, 2026 - 12:46 PM (IST)

ਹੱਦ ਹੋ ਗਈ! ਹਾਦਸੇ ਮਗਰੋਂ ਭੱਜਣ ਦੇ ਚੱਕਰ ''ਚ ਵਾਪਰ ਗਿਆ ਇਕ ਹੋਰ ਹਾਦਸਾ

ਲੁਧਿਆਣਾ (ਰਾਜ): ਸੜਕਾਂ 'ਤੇ ਰਫ਼ਤਾਰ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਐਤਵਾਰ ਤੜਕੇ ਬੀ.ਆਰ.ਐੱਸ. ਨਗਰ ਫਲਾਈਓਵਰ ਦੇ ਕੋਲ ਇਕ ਦਿਲ ਦਹਿਲਾ ਦੇਣ ਵਾਲਾ ਹਾਦਸਾ ਵਾਪਰਿਆ, ਜਿੱਥੇ ਇਕ ਕਾਲੇ ਰੰਗ ਦੀ ਤੇਜ਼ ਰਫਤਾਰ ਟੋਇਟਾ ਫਾਰਚੂਨਰ ਮੌਤ ਬਣ ਕੇ ਦੌੜੀ ਅਤੇ ਬੇਕਾਬੂ ਹੋ ਕੇ ਸੜਕ ਦੇ ਵਿਚਾਲੇ ਪਲਟ ਗਈ। ਟੱਕਰ ਇੰਨੀ ਭਿਆਨਕ ਸੀ ਕਿ ਫਾਰਚੂਨਰ ਦੇ ਪਰਖੱਚੇ ਉੱਡ ਗਏ ਅਤੇ ਸੁਰੱਖਿਆ ਲਈ ਲੱਗੇ ਏਅਰਬੈਗਸ ਤੱਕ ਖੁੱਲ੍ਹ ਗਏ। ਸੜਕ 'ਤੇ ਉਲਟੀ ਪਈ ਗੱਡੀ ਵੇਖ ਹਰ ਕੋਈ ਦੰਗ ਰਹਿ ਗਿਆ। 

ਜਾਣਕਾਰੀ ਅਨੁਸਾਰ, ਇਹ ਹਾਦਸਾ ਸਵੇਰੇ ਕਰੀਬ 2:30 ਵਜੇ ਦੇ ਆਸ-ਪਾਸ ਹੋਇਆ। ਚਸ਼ਮਦੀਦਾਂ ਦੀ ਮੰਨੀਏ ਤਾਂ ਗੱਡੀ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਚਾਲਕ ਉਸ 'ਤੇ ਕਾਬੂ ਨਹੀਂ ਰੱਖ ਸਕਿਆ। ਪੁਲਸ ਜਾਂਚ ਵਿਚ ਇਕ ਵੱਡਾ ਅਤੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ ਕਿ ਇਸ ਹਾਦਸੇ ਤੋਂ ਕੁਝ ਦੇਰ ਪਹਿਲਾਂ ਇਸੇ ਕਾਲੇ ਰੰਗ ਦੀ ਫਾਰਚੂਨਰ ਨੇ ਪੀ.ਏ.ਯੂ. (PAU) ਗੇਟ ਦੇ ਕੋਲ ਵੀ ਇਕ ਹੋਰ ਵਾਹਨ ਨੂੰ ਟੱਕਰ ਮਾਰੀ ਸੀ ਅਤੇ ਉੱਥੋਂ ਚਾਲਕ ਗੱਡੀ ਭਜਾ ਕੇ ਲੈ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਉਸੇ ਵਾਰਦਾਤ ਤੋਂ ਬਾਅਦ ਫੜੇ ਜਾਣ ਦੇ ਡਰ ਤੋਂ ਚਾਲਕ ਗੱਡੀ ਨੂੰ ਅੰਨ੍ਹੇਵਾਹ ਰਫਤਾਰ ਵਿਚ ਭਜਾ ਰਿਹਾ ਸੀ, ਜੋ ਅੰਤ ਵਿਚ ਹਾਦਸੇ ਦਾ ਸ਼ਿਕਾਰ ਹੋ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਫਾਰਚੂਨਰ 'ਤੇ ਕੋਈ ਨੰਬਰ ਪਲੇਟ ਨਹੀਂ ਲੱਗੀ ਸੀ, ਜਿਸ ਨਾਲ ਮਾਮਲਾ ਹੋਰ ਵੀ ਸ਼ੱਕੀ ਹੋ ਗਿਆ ਹੈ। ਬਿਨਾਂ ਨੰਬਰ ਦੀ ਗੱਡੀ ਦਾ ਸੜਕਾਂ 'ਤੇ ਇਸ ਤਰ੍ਹਾਂ ਦੌੜਨਾ ਅਤੇ ਇਕ ਤੋਂ ਬਾਅਦ ਇਕ ਦੋ ਹਾਦਸਿਆਂ ਨੂੰ ਅੰਜਾਮ ਦੇਣਾ ਪੁਲਸ ਲਈ ਪਹੇਲੀ ਬਣ ਗਿਆ ਹੈ। ਗਨੀਮਤ ਇਹ ਰਹੀ ਕਿ ਗੱਡੀ ਪਲਟਣ ਦੇ ਬਾਵਜੂਦ ਉਸ ਵਿਚ ਸਵਾਰ ਇਕਲੌਤਾ ਵਿਅਕਤੀ ਸੁਰੱਖਿਅਤ ਦੱਸਿਆ ਜਾ ਰਿਹਾ ਹੈ, ਪਰ ਗੱਡੀ ਦੀ ਹਾਲਤ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹਾਦਸਾ ਕਿੰਨਾ ਭਿਆਨਕ ਹੋ ਸਕਦਾ ਸੀ।

ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਨੁਕਸਾਨੇ ਵਾਹਨ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਹੁਣ ਇਸ ਗੱਲ ਦੀ ਤਫਤੀਸ਼ ਕਰ ਰਹੀ ਹੈ ਕਿ ਬਿਨਾਂ ਨੰਬਰ ਦੀ ਇਹ ਲਗਜ਼ਰੀ ਗੱਡੀ ਕਿਸ ਦੀ ਹੈ ਅਤੇ ਇਸ ਨੂੰ ਕੌਣ ਚਲਾ ਰਿਹਾ ਸੀ। ਪੀ.ਏ.ਯੂ. ਗੇਟ ਅਤੇ ਬੀ.ਆਰ.ਐੱਸ. ਨਗਰ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਜੋ ਇਸ 'ਬੇਨਾਮ' ਫਾਰਚੂਨਰ ਦੇ ਮਾਲਕ ਦਾ ਪਤਾ ਲਗਾਇਆ ਜਾ ਸਕੇ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ।


author

Anmol Tagra

Content Editor

Related News