PWD ਦੀ ਖੁੱਲ੍ਹੀ ਪੋਲ : ਪਹਿਲੇ ਤੂਫਾਨੀ ਮੀਂਹ ’ਚ ਹੀ ਦਮ ਤੋੜ ਗਿਆ ਹਲਵਾਰਾ ਏਅਰਪੋਰਟ ਦਾ ਟਰਮੀਨਲ

Saturday, May 30, 2026 - 11:54 PM (IST)

PWD ਦੀ ਖੁੱਲ੍ਹੀ ਪੋਲ : ਪਹਿਲੇ ਤੂਫਾਨੀ ਮੀਂਹ ’ਚ ਹੀ ਦਮ ਤੋੜ ਗਿਆ ਹਲਵਾਰਾ ਏਅਰਪੋਰਟ ਦਾ ਟਰਮੀਨਲ

ਲੁਧਿਆਣਾ, (ਹਿਤੇਸ਼)- ਏਅਰ ਇੰਡੀਆ ਵੱਲੋਂ ਡੋਮੈਸਟਿਕ ਅਤੇ ਇੰਟਰਨੈਸ਼ਨਲ ਕੁਨੈਕਟੀਵਿਟੀ ਦਾ ਸ਼ਡਿਊਲ ਜਾਰੀ ਕੀਤੇ ਨੂੰ ਅਜੇ 24 ਘੰਟਿਆਂ ਦਾ ਸਮਾਂ ਵੀ ਨਹੀਂ ਬੀਤਿਆ ਕਿ ਹਲਵਾਰਾ ਏਅਰਪੋਰਟ ਦਾ ਟਰਮੀਨਲ ਪਹਿਲੇ ਤੂਫਾਨੀ ਮੀਂਹ ’ਚ ਹੀ ਦਮ ਤੋੜ ਗਿਆ।

ਇਸ ਟਰਮੀਨਲ ਦਾ ਨਿਰਮਾਣ ਪੀ. ਡਬਲਯੂ. ਡੀ. ਵਿਭਾਗ ਵੱਲੋਂ ਕਰੋੜਾਂ ਰੁਪਏ ਦੀ ਲਾਗਤ ਨਾਲ ਕਰਵਾਇਆ ਗਿਆ ਹੈ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1 ਫਰਵਰੀ ਨੂੰ ਕੀਤਾ ਗਿਆ ਸੀ ਅਤੇ ਦਿੱਲੀ ਆਉਣ-ਜਾਣ ਲਈ ਪਹਿਲੀ ਫਲਾਈਟ 15 ਮਈ ਨੂੰ ਸ਼ੁਰੂ ਹੋਈ ਹੈ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਸਮੇਤ ਕੇਂਦਰੀ ਮੰਤਰੀ ਰਵਨੀਤ ਬਿੱਟੂ ਇਸ ਏਅਰਪੋਰਟ ’ਤੇ ਵਿਜ਼ਿਟ ਕਰ ਚੁੱਕੇ ਹਨ ਪਰ ਏਅਰਪੋਰਟ ਚਾਲੂ ਹੋਣ ਦੇ 15 ਦਿਨਾਂ ਦੇ ਅੰਦਰ-ਅੰਦਰ ਹੀ ਪੀ. ਡਬਲਯੂ. ਡੀ. ਦੀ ਪੋਲ ਖੁੱਲ੍ਹ ਗਈ, ਜਦੋਂ ਪਹਿਲੇ ਤੂਫਾਨੀ ਮੀਂਹ ’ਚ ਹੀ ਟਰਮੀਨਲ ਜਵਾਬ ਦੇ ਗਿਆ। ਇਸ ਦੌਰਾਨ ਫਰੰਟ ਐਲੀਵੇਸ਼ਨ ਉਖੜ ਗਿਆ ਹੈ ਅਤੇ ਕਈ ਥਾਵਾਂ ਤੋਂ ਪਾਣੀ ਦੀ ਲੀਕੇਜ ਹੋਣ ਲੱਗ ਪਈ ਹੈ। ਇਸ ’ਚ ਮੇਨ ਐਂਟਰੀ ਗੇਟ ਤੋਂ ਲੈ ਕੇ ਛੱਤ, ਟਿਕਟ ਕਾਊਂਟਰ, ਇਲੈਕਟ੍ਰਿਕ ਰੂਮ ਅਤੇ ਕਨਵੇਅਰ ਬੈਲਟ ਦੇ ਨੇੜਲੇ ਪੁਆਇੰਟ ਸ਼ਾਮਲ ਹਨ।

ਇਹ ਹਾਲਾਤ ਉਸ ਸਮੇਂ ਦੇਖਣ ਨੂੰ ਮਿਲੇ ਹਨ, ਜਦੋਂ ਏਅਰ ਇੰਡੀਆ ਵੱਲੋਂ 24 ਘੰਟੇ ਪਹਿਲਾਂ ਹੀ ਹਲਵਾਰਾ ਏਅਰਪੋਰਟ ਤੋਂ ਡੋਮੈਸਟਿਕ ਤੇ ਇੰਟਰਨੈਸ਼ਨਲ ਕੁਨੈਕਟੀਵਿਟੀ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ। ਏਅਰਪੋਰਟ ’ਤੇ ਜਗ੍ਹਾ-ਜਗ੍ਹਾ ਪਾਣੀ ਚੋਣ ਦੀਆਂ ਵੀਡੀਓਜ਼ ਬਣਾ ਕੇ ਦਿੱਲੀ ਤੋਂ ਆਉਣ-ਜਾਣ ਵਾਲੇ ਯਾਤਰੀਆਂ ਵੱਲੋਂ ਵਾਇਰਲ ਕੀਤੀਆਂ ਜਾ ਰਹੀਆਂ ਹਨ।

ਠੇਕੇਦਾਰ ਨੂੰ ਕਰੋੜਾਂ ਦੀ ਪੇਮੈਂਟ ਰਿਲੀਜ਼ ਕਰ ਕੇ ਸਪੈਸੀਫਿਕੇਸ਼ਨ ਮੁਤਾਬਕ ਪ੍ਰਾਜੈਕਟ ਪੂਰਾ ਹੋਣ ਦਾ ਸਰਟੀਫਿਕੇਟ ਜਾਰੀ ਕਰ ਚੁੱਕੇ ਹਨ ਅਫਸਰ

ਇਸ ਪ੍ਰਾਜੈਕਟ ਦੇ ਨਿਰਮਾਣ ਦੌਰਾਨ ਕੁਆਲਿਟੀ ਕੰਟਰੋਲ ਨਿਯਮਾਂ ਦੀ ਪਾਲਣਾ ਨਾ ਹੋਣ ਦਾ ਖੁਲਾਸਾ ਹੋਇਆ ਹੈ। ਇਸ ਪਹਿਲੂ ਨੂੰ ਨਜ਼ਰਅੰਦਾਜ਼ ਕਰ ਕੇ ਪੀ. ਡਬਲਯੂ. ਡੀ. ਵਿਭਾਗ ਵੱਲੋਂ ਪਹਿਲਾਂ ਠੇਕੇਦਾਰ ਨੂੰ ਕਰੋੜਾਂ ਰੁਪਏ ਦੀ ਪੇਮੈਂਟ ਰਿਲੀਜ਼ ਕਰ ਦਿੱਤੀ ਗਈ ਅਤੇ ਫਿਰ ਏਅਰਪੋਰਟ ਅਥਾਰਟੀ ਆਫ ਇੰਡੀਆ ਨੂੰ ਫਲਾਈਟ ਸ਼ੁਰੂ ਕਰਨ ਤੋਂ ਪਹਿਲਾਂ ਸਪੈਸੀਫਿਕੇਸ਼ਨ ਮੁਤਾਬਕ ਪ੍ਰਾਜੈਕਟ ਪੂਰਾ ਹੋਣ ਦਾ ਸਰਟੀਫਿਕੇਟ ਵੀ ਜਾਰੀ ਕਰ ਦਿੱਤਾ ਗਿਆ। ਹੁਣ ਇਸ ਮੁੱਦੇ ’ਤੇ ਪੀ. ਡਬਲਯੂ. ਡੀ. ਦੇ ਅਫਸਰ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।


author

Rakesh

Content Editor

Related News