ਬਿਜਲੀ ਦੇ ਇਕ ਤੋਂ ਬਾਅਦ ਇਕ ਹੋਏ ਕਈ ਜ਼ੋਰਦਾਰ ਧਮਾਕਿਆਂ ਨਾਲ ਦਹਿਲਿਆ ਇਲਾਕਾ
Thursday, May 21, 2026 - 12:15 PM (IST)
ਲੁਧਿਆਣਾ (ਖੁਰਾਣਾ): ਮਹਾਨਗਰ ਦੇ ਪੌਸ਼ ਇਲਾਕੇ ਵਿਚ ਸ਼ੁਮਾਰ ਹੰਬੜਾ ਰੋਡ ਸਥਿਤ ਡੇਅਰੀ ਕੰਪਲੈਕਸ ਦੇ ਕੋਲ ਲੱਗੇ ਬਿਜਲੀ ਦੇ ਟ੍ਰਾਂਸਫਾਰਮਰ ਵਿਚ ਅੱਗ ਲੱਗਣ ਕਾਰਨ ਇਕ ਤੋਂ ਬਾਅਦ ਇਕ ਹੋਏ ਕਈ ਜ਼ੋਰਦਾਰ ਧਮਾਕਿਆਂ ਨਾਲ ਪੂਰਾ ਇਲਾਕਾ ਦਹਿਲ ਗਿਆ। ਉਕਤ ਘਟਨਾ ਬੁੱਧਵਾਰ ਕਰੀਬ 1:30 ਵਜੇ ਦੀ ਦੱਸੀ ਜਾ ਰਹੀ ਹੈ, ਜਿਸ ਵਿਚ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਬਿਜਲੀ ਦੇ ਟ੍ਰਾਂਸਫਾਰਮਰ ਤੋਂ ਉੱਠ ਰਹੀਆਂ ਅੱਗ ਦੀਆਂ ਭਿਆਨਕ ਲਪਟਾਂ ਅਸਮਾਨ ਛੂਹ ਰਹੀਆਂ ਹਨ, ਜਿਸ ਕਾਰਨ ਬਿਜਲੀ ਦੀਆਂ ਲਾਈਨਾਂ ਵਿਚ ਜ਼ੋਰਦਾਰ ਧਮਾਕੇ ਹੋ ਰਹੇ ਹਨ।
ਦੇਰ ਰਾਤ ਦੇ ਸਮੇਂ ਧਮਾਕਿਆਂ ਦੀ ਜ਼ੋਰਦਾਰ ਆਵਾਜ਼ ਸੁਣ ਕੇ ਇਲਾਕਾ ਨਿਵਾਸੀ ਕੰਬ ਗਏ। ਇਲਾਕਾ ਨਿਵਾਸੀਆਂ ਮੁਤਾਬਕ ਧਮਾਕਿਆਂ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਜਿਵੇਂ ਕੋਈ ਵਿਸਫੋਟਕ ਧਮਾਕੇ ਹੋ ਰਹੇ ਹੋਣ। ਉਨ੍ਹਾਂ ਦੱਸਿਆ ਕਿ ਧਮਾਕਿਆਂ ਦੇ ਇੱਕਦਮ ਬਾਅਦ ਪੂਰੇ ਇਲਾਕੇ ਵਿਚ ਬਿਜਲੀ ਦੀ ਸਪਲਾਈ ਬੰਦ ਹੋਣ ਕਾਰਨ ਹਨੇਰਾ ਪਸਰ ਗਿਆ ਅਤੇ ਲੋਕ ਡਰ ਦੇ ਮਾਰੇ ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜ੍ਹ ਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰਨ ਲੱਗੇ ਕਿ ਆਖਿਰ ਜ਼ੋਰਦਾਰ ਧਮਾਕੇ ਕਿਉਂ ਅਤੇ ਕਿੱਥੇ ਹੋ ਰਹੇ ਹਨ।
ਜਿਸ ਜਗ੍ਹਾ 'ਤੇ ਬਿਜਲੀ ਦੇ ਟ੍ਰਾਂਸਫਾਰਮਰ ਨੂੰ ਭਿਆਨਕ ਅੱਗ ਲੱਗੀ, ਠੀਕ ਉਸਦੇ ਕੋਲ ਸ਼ਰਾਬ ਦਾ ਇਕ ਠੇਕਾ ਵੀ ਹੈ। ਖੁਸ਼ਕਿਸਮਤੀ ਰਹੀ ਕਿ ਦੇਰ ਰਾਤ ਨੂੰ ਜਿਸ ਸਮੇਂ ਹਾਦਸਾ ਹੋਇਆ, ਉਸ ਸਮੇਂ ਇਲਾਕੇ ਦੇ ਬਾਜ਼ਾਰ ਬੰਦ ਪਏ ਸਨ, ਨਹੀਂ ਤਾਂ ਭੀੜ-ਭੜੱਕੇ ਵਾਲੇ ਇਸ ਇਲਾਕੇ ਵਿਚ ਕਿਸੇ ਜਾਨੀ-ਮਾਲੀ ਨੁਕਸਾਨ ਦੀਆਂ ਸੰਭਾਵਨਾਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਸੀ।
