IELTS ਕਲਾਸ ਲਾਉਣ ਜਾ ਰਹੇ ਦੋਸਤਾਂ ਨੂੰ ਮੌਤ ਨੇ ਘੇਰਿਆ, ਵਿਦੇਸ਼ ਜਾਣ ਦਾ ਸੁਫ਼ਨਾ ਮਨ 'ਚ ਲਈ ਜਹਾਨੋਂ ਤੁਰ ਗਏ
Thursday, Jul 06, 2023 - 11:08 AM (IST)
ਲੁਧਿਆਣਾ (ਰਾਜ) : ਇੱਥੇ ਟ੍ਰਿਪਲਿੰਗ ਕਰਕੇ ਜਾ ਰਹੇ ਨੌਜਵਾਨਾਂ ਦਾ ਮੋਟਰਸਾਈਕਲ ਰੋਡ ’ਤੇ ਖੜ੍ਹੇ ਟਰੱਕ ’ਚ ਹੇਠ ਜਾ ਵੜਿਆ। ਹਾਦਸੇ ’ਚ 2 ਨੌਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ ਤੀਜੇ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮ੍ਰਿਤਕ ਵਿਪਨਜੀਤ ਸਿੰਘ (19) ਅਤੇ ਨਵੀਨ ਮੁਹੰਮਦ (20) ਹੈ, ਜਦੋਂ ਕਿ ਜ਼ਖਮੀ ਨੌਜਵਾਨ ਸਰਫਰਾਜ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਵਿਦੇਸ਼ ਜਾਣਾ ਚਾਹੁੰਦੇ ਸਨ ਪਰ ਵਿਦੇਸ਼ ਜਾਣ ਦਾ ਸੁਫ਼ਨਾ ਮਨ ’ਚ ਲਏ ਹੀ ਉਹ ਦੁਨੀਆਂ ’ਚੋਂ ਚਲੇ ਗਏ। ਇਸ ਮਾਮਲੇ ’ਚ ਥਾਣਾ ਡੇਹਲੋਂ ਦੀ ਪੁਲਸ ਨੇ ਟਰੱਕ ਕਬਜ਼ੇ ’ਚ ਲੈ ਕੇ ਮੁਲਜ਼ਮ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਵਿਪਨਜੀਤ ਸਿੰਘ, ਨਵੀਨ ਮੁਹੰਮਦ ਅਤੇ ਸਰਫਰਾਜ ਤਿੰਨੋਂ ਦੋਸਤਾਂ ਦਾ ਸੁਫ਼ਨਾ ਵਿਦੇਸ਼ ਜਾਣ ਦਾ ਸੀ। ਇਸ ਲਈ ਉਹ ਆਈਲੈੱਟਸ ਕਰ ਰਹੇ ਸਨ। ਦੁਪਹਿਰ ਕਰੀਬ ਢਾਈ ਵਜੇ ਤਿੰਨੋਂ ਦੋਸਤ ਇਕ ਮੋਟਰਸਾਈਕਲ ’ਤੇ ਕਲਾਸ ਲਗਾਉਣ ਲਈ ਜਾ ਰਹੇ ਸਨ। ਜਦੋਂ ਉਹ ਬੰਦਰਗਾਹ ਰੋਡ, ਪਿੰਡ ਲਹਿਰਾ ਕੋਲ ਪੁੱਜੇ ਤਾਂ ਰੋਡ ਵਿਚਕਾਰ ਖੜ੍ਹਾ ਟਰੱਕ ਉਨ੍ਹਾਂ ਨੂੰ ਨਜ਼ਰ ਨਹੀਂ ਆਇਆ ਅਤੇ ਉਨ੍ਹਾਂ ਦਾ ਮੋਟਰਸਾਈਕਲ ਟਰੱਕ ਹੇਠ ਜਾ ਵੜਿਆ। ਹਾਦਸੇ 'ਚ ਤਿੰਨੋਂ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਚੰਡੀਗੜ੍ਹ-ਮੋਹਾਲੀ ਦੇ ਲੋਕਾਂ ਨੂੰ 3 ਹਫ਼ਤੇ ਹੋਰ ਝੱਲਣੀ ਪਵੇਗੀ ਪਰੇਸ਼ਾਨੀ, ਜਾਣੋ ਪੂਰਾ ਮਾਮਲਾ
ਰਾਹਗੀਰਾਂ ਨੇ ਐਂਬੂਲੈਂਸ ਨੂੰ ਕਾਲ ਕੀਤੀ ਪਰ ਐਂਬੂਲੈਂਸ ਦੇ ਆਉਣ ’ਚ ਦੇਰ ਹੋ ਗਈ। ਵਿਪਨਜੀਤ ਸਿੰਘ ਦੀ ਹਸਪਤਾਲ ਪੁੱਜਣ ਤੋਂ ਪਹਿਲਾਂ ਹੀ ਮੌਤ ਹੋ ਗਈ, ਜਦੋਂਕਿ ਨਵੀਨ ਅਤੇ ਸਰਫਰਾਜ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਨਵੀਨ ਦੀ ਵੀ ਮੌਤ ਹੋ ਗਈ। ਹੁਣ ਸਰਫਰਾਜ ਦਾ ਇਲਾਜ ਡੀ. ਐੱਮ. ਸੀ. ਹਸਪਤਾਲ ’ਚ ਚੱਲ ਰਿਹਾ ਹੈ। ਉੱਧਰ, ਐੱਸ. ਐੱਚ. ਓ. ਪਰਮਦੀਪ ਸਿੰਘ ਦਾ ਕਹਿਣਾ ਹੈ ਕਿ ਸੂਚਨਾ ਤੋਂ ਬਾਅਦ ਪੁਲਸ ਮੌਕੇ ’ਤੇ ਪੁੱਜ ਗਈ ਸੀ। ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਉਸ ਦੀ ਭਾਲ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ