ਵਾਟਰ ਵਰਕਸ ਦੀ ਡਿੱਗੀ ’ਚ ਨਹਾਉਣ ਗਏ ਦੋ ਬੱਚਿਆਂ ਨਾਲ ਵਾਪਰਿਆ ਹਾਦਸਾ, ਘਰ ’ਚ ਪਏ ਵੈਣ

05/30/2023 9:00:32 PM

ਬਠਿੰਡਾ (ਬਾਂਸਲ, ਸੁਖਵਿੰਦਰ)-ਭਾਗੂ ਰੋਡ ਵਾਟਰ ਵਰਕਸ ਵਿਖੇ ਮੰਗਲਵਾਰ ਦੋ ਬੱਚਿਆਂ ਦੀ ਪਾਣੀ ਦੀ ਡਿੱਗੀ ’ਚ ਡੁੱਬਣ ਨਾਲ ਦਰਦਨਾਕ ਮੌਤ ਹੋ ਗਈ। ਸਮਾਜ ਸੇਵੀ ਸੰਸਥਾ ਦੇ ਐਂਬੂਲੈਂਸ ਵਰਕਰ ਸਾਹਿਬ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੀ ਟੀਮ ਨੇ ਮੌਕੇ ’ਤੇ ਪਹੁੰਚ ਕੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਡਿੱਗੀ ’ਚੋਂ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਬਾਅਦ ਦੁਪਹਿਰ ਧੋਬੀਆਣਾ ਬਸਤੀ ਦੇ ਤਿੰਨ ਤੋਂ ਚਾਰ ਬੱਚੇ ਭਾਗੂ ਰੋਡ ਦੇ ਸਿਰੇ ’ਤੇ ਸਥਿਤ ਵਾਟਰ ਵਰਕਸ ਦੀ ਡਿੱਗੀ ’ਚ ਨਹਾਉਣ ਲਈ ਇਕੱਠੇ ਹੋਏ ਸਨ।

ਇਹ ਵੀ ਪੜ੍ਹੋ : CM ਮਾਨ ਦਾ ਪਹਿਲਵਾਨਾਂ ਦੇ ਹੱਕ ’ਚ ਧਮਾਕੇਦਾਰ ਟਵੀਟ, ਕੇਂਦਰ ਸਰਕਾਰ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

PunjabKesari

ਇਸ ਦੌਰਾਨ ਦੋ ਬੱਚੇ ਨਹਾਉਣ ਲਈ ਡਿੱਗੀ ’ਚ ਚੜ੍ਹੇ, ਜਦਕਿ ਇਕ ਛੋਟਾ ਬੱਚਾ ਬਾਹਰ ਖੜ੍ਹਾ ਸੀ। ਦੋਵੇਂ ਬੱਚੇ ਜਿਵੇਂ ਹੀ ਪਾਣੀ ’ਚ ਉਤਰੇ ਤਾਂ ਉਹ ਡਿੱਗੀ ’ਚ ਡੁੱਬ ਗਏ, ਜਿਸ ਬਾਰੇ ਬਾਹਰ ਖੜ੍ਹੇ ਬੱਚੇ ਨੂੰ ਪਹਿਲਾਂ ਤਾਂ ਕੁਝ ਪਤਾ ਨਹੀਂ ਲੱਗਾ। ਉਹ 10-15 ਮਿੰਟਾਂ ’ਚ ਸਮਝਣ ਤੋਂ ਬਾਅਦ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾਉਣ ਲਈ ਧੋਬੀਆਣਾ ਬਸਤੀ ਲਈ ਰਵਾਨਾ ਹੋ ਗਿਆ।

ਘਰ ਪਹੁੰਚ ਕੇ ਉਸ ਨੇ ਇਸ ਬਾਰੇ ਆਪਣੇ ਪਰਿਵਾਰ ਨੂੰ ਦੱਸਿਆ ਤਾਂ ਆਸ-ਪਾਸ ਦੇ ਘਰਾਂ ’ਚ ਹਫੜਾ ਦਫੜੀ ਮਚ ਗਈ। ਹਰ ਕੋਈ ਆਪਣੇ ਬੱਚਿਆਂ ਦੀ ਭਾਲ ਕਰਨ ਲੱਗਾ ਤਾਂ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ ਅਤੇ ਤੁਰੰਤ ਵਾਟਰ ਵਰਕਸ ਡਿੱਗੀ ’ਤੇ ਪਹੁੰਚ ਗਏ ਪਰ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਲੋਕਾਂ ਵੱਲੋਂ ਨੌਜਵਾਨ ਵੈੱਲਫੇਅਰ ਸੋਸਾਇਟੀ ਨੂੰ ਸੂਚਿਤ ਕੀਤਾ।

ਸੂਚਨਾ ਮਿਲਣ ’ਤੇ ਸੋਸਾਇਟੀ ਦੇ ਵਰਕਰ ਰਾਹਤ ਸਮੱਗਰੀ ਲੈ ਕੇ ਮੌਕੇ ’ਤੇ ਪਹੁੰਚੇ ਅਤੇ ਡਿੱਗੀ ’ਚ ਬੱਚਿਆਂ ਦੀ ਭਾਲ ਸ਼ੁਰੂ ਕੀਤੀ। ਲਗਭਗ 1 ਘੰਟੇ ਬਾਅਦ ਡਿੱਗੀ ’ਚੋਂ ਇਕ ਬੱਚੇ ਦੀ ਲਾਸ਼ ਬਰਾਮਦ ਹੋਈ ਤੇ ਫਿਰ ਅਗਲੇ 1 ਘੰਟੇ ਬਾਅਦ ਦੂਜੇ ਬੱਚੇ ਦੀ ਲਾਸ਼ ਨੂੰ ਬਾਹਰ ਕੱਢਿਆ। ਬੱਚਿਆਂ ਦੀ ਮੌਤ ਤੋਂ ਬਾਅਦ ਮੌਕੇ ’ਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਲੋੜੀਂਦੀ ਕਾਰਵਾਈ ਕੀਤੀ, ਜਿਸ ਤੋਂ ਬਾਅਦ ਸੰਸਥਾ ਮੈਂਬਰਾਂ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਮ੍ਰਿਤਕ ਬੱਚਿਆਂ ਦੀ ਪਛਾਣ ਗੁਰਦਿੱਤ ਸਿੰਘ (14) ਪੁੱਤਰ ਹਰਜੀਤ ਸਿੰਘ ਅਤੇ ਬਾਬੂ (8) ਪੁੱਤਰ ਸੋਨੂੰ ਵਾਸੀ ਧੋਬੀਆਣਾ ਬਸਤੀ ਵਜੋਂ ਹੋਈ ਹੈ। ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ 2 ਬੱਚਿਆਂ ਦੀ ਪਾਣੀ ’ਚ ਡੁੱਬਣ ਕਾਰਨ ਮੌਤ ਹੋਈ ਹੈ। ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਜਾਂਚ ਕਰਦੇ ਹੋਏ ਕਾਰਵਾਈ ਕੀਤੀ ਜਾਵੇਗੀ।

ਇਸ ਸਬੰਧੀ ਵਾਟਰ ਵਰਕਸ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਅਕਸਰ ਹੀ ਆਸ-ਪਾਸ ਦੇ ਇਲਾਕੇ ਦੇ ਬੱਚੇ ਅਤੇ ਨੌਜਵਾਨ ਡਿੱਗੀਆਂ ’ਚ ਨਹਾਉਣ ਲਈ ਆਉਂਦੇ ਹਨ, ਜਿਨ੍ਹਾਂ ਨੂੰ ਮੁਲਾਜ਼ਮਾਂ ਵੱਲੋਂ ਹਰ ਰੋਜ਼ ਰੋਕਿਆ ਜਾਂਦਾ ਹੈ ਪਰ ਬੱਚੇ ਕਿਸੇ ਦੀ ਨਹੀਂ ਸੁਣਦੇ।


Manoj

Content Editor

Related News