ਖੰਨਾ ''ਚ ਵਾਪਰਿਆ ਦਿਲ ਕੰਬਾਅ ਦੇਣ ਵਾਲਾ ਹਾਦਸਾ, ਦੋ ਮੌਤਾਂ, ਸਰੀਰ ਦੇ ਆਰ-ਪਾਰ ਹੋ ਗਏ ਸਰੀਏ (ਤਸਵੀਰਾਂ)

07/24/2016 7:17:54 PM

ਬੀਜਾ (ਬਿਪਨ) — ਨੈਸ਼ਨਲ ਹਾਈਵੇ ''ਤੇ ਬਣੇ ਫਲਾਈ ਓਵਰ ''ਤੇ ਖੜ੍ਹੇ ਸਰੀਏ ਨਾਲ ਭਰੇ ਟਰਾਲੇ ਨਾਲ ਇਕ ਤੇਜ਼ ਰਫਤਾਰ ਆਈ-20 ਕਾਰ ਦੀ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ। ਪਾਨੀਪਤ ਦੇ ਰਹਿਣ ਵਾਲੇ ਜਤਿਨ ਗੰਭੀਰ (25) ਦੀ ਮੌਕੇ ''ਤੇ ਹੀ ਮੌਤ ਹੋ ਗਈ। ਜਦਕਿ ''ਚ ਇਕ 15 ਸਾਲਾ ਲੜਕੀ ਕੀਰਤੀ ਨੇ ਹਸਪਤਾਲ ਜਾ ਕੇ ਦਮ ਤੋੜ ਦਿੱਤਾ। ਹਾਦਸੇ ''ਚ ਨੀਰਜ (40), ਰਾਜ ਰਾਣੀ (70) ਗੰਭੀਰ ਰੂਪ ''ਚ ਜ਼ਖਮੀ ਹੋ ਗਈ। ਉਨ੍ਹਾਂ ਨੂੰ ਐੱਸ. ਪੀ. ਐੱਸ. ਹਸਪਤਾਲ ਲੁਧਿਆਣਾ ''ਚ ਦਾਖਲ ਕਰਵਾਇਆ ਗਿਆ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ''ਤੇ ਲੱਦੇ ਸਰੀਏ ਕਾਰ ਸਵਾਰਾਂ ਦੇ ਸਰੀਰ ''ਚੋਂ ਆਰ ਪਾਰ ਹੋ ਗਏ। ਕਾਰ ''ਚ ਪੰਜ ਲੋਕ ਸਵਾਰ ਸਨ ਤੇ ਪੰਜਵਾਂ ਨੌਜਵਾਨ ਵੈਭਵ (18) ਠੀਕ ਹੈ। ਉਹ ਪਾਨੀਪਤ ਤੋਂ ਨੂਰ-ਮਹਿਲ ਆਸ਼ੂਤੋਸ਼ ਮਹਾਰਾਜ ਦੇ ਡੇਰੇ ''ਤੇ ਜਾ ਰਹੇ ਸਨ।
ਬਾਹੋਮਾਜਰਾ ਕੋਲ ਪੁਲ ''ਤੇ ਬੀਤੀ ਰਾਤ ਤੋਂ ਖ਼ਰਾਬ ਖੜ੍ਹੇ ਸਰੀਏ ਨਾਲ ਭਰੇ ਟਰਾਲੇ ਦੇ ਪਿੱਛੇ ਕੋਈ ਸੰਕੇਤ ਨਿਸ਼ਾਨ ਵੀ ਨਹੀਂ ਸੀ, ਜਿਸ ਕਾਰਨ ਕਾਰ-ਟਰਾਲੇ ਨਾਲ ਟਕਰਾਅ ਗਈ। ਕਾਰ ਚਲਾ ਰਹੇ ਨੌਜਵਾਨ ਜਤਿਨ ਦੇ ਗਲੇ ''ਚੋਂ ਸਰੀਏ ਨਿਕਲ ਕੇ ਆਰ-ਪਾਰ ਹੋ ਕੇ ਪਿੱਛੇ ਬੈਠੀ ਲੜਕੀ ਕੀਰਤੀ ਦੇ ਵੀ ਸਰੀਰ ਵਿਚ ਵੱਜ ਗਏ। ਜਿਸ ਕਾਰਨ ਜਤਿਨ ਦੀ ਲਾਸ਼ ਨੂੰ ਇਕ ਘੰਟੇ ਬਾਅਦ ਬੜੀ ਮੁਸ਼ਕਲ ਨਾਲ ਕੱਢਿਆ ਗਿਆ। ਹਾਦਸੇ ਪਿੱਛੇ ਕੇਵਲ ਟਰਾਲਾ ਡਰਾਈਵਰ ਦੀ ਲਾ-ਪਰਵਾਹੀ ਨਹੀਂ ਹੈ, ਇਸ ਦੇ ਪਿੱਛੇ ਹਾਈਵੇ ਅਤੇ ਟ੍ਰੈਫਿਕ ਪੁਲਸ ਦੀ ਵੀ ਲਾਪਰਵਾਹੀ ਹੈ। ਪੁਲਸ ਨੇ ਟਰਾਲੇ ਨੂੰ ਕਬਜ਼ੇ ''ਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।
ਟਰਾਲਾ ਖਰਾਬ ਹੋਣ ਕਾਰਨ ਜੀ. ਟੀ. ਰੋਡ ''ਤੇ ਖੜ੍ਹਾ ਕੀਤਾ ਹੋਇਆ ਸੀ, ਉਸ ਦੇ ਪਿੱਛੇ ਕੋਈ ਸੰਕੇਤ ਨਿਸ਼ਾਨ ਨਹੀਂ ਸਨ। ਜੀ. ਟੀ. ਰੋਡ ''ਤੇ ਗਸ਼ਤ ਕਰਨ ਵਾਲੀ ਹਾਈਵੇ ਅਤੇ ਟ੍ਰੈਫਿਕ ਪੁਲਸ ਨੂੰ ਵੀ ਇਸ ਦਾ ਧਿਆਨ ਨਹੀਂ ਆਇਆ। ਰਾਤ ਨਿਕਲਣ ਤੋਂ ਬਾਅਦ ਦਿਨ ''ਚ ਵੀ ਕਿਸੇ ਨੇ ਇਸ ਵੱਲ ਗੌਰ ਨਾ ਕੀਤਾ, ਜਿਸ ਕਾਰਨ ਉੱਥੇ ਮੌਜੂਦ ਲੋਕਾਂ ''ਚ ਗੁੱਸਾ ਪਾਇਆ ਜਾ ਰਿਹਾ ਸੀ। ਏ. ਐੱਸ. ਆਈ. ਬਖਸ਼ੀਸ਼ ਸਿੰਘ ਨੇ ਕਿਹਾ ਕਿ ਟਰਾਲੇ ਨੂੰ ਕਬਜ਼ੇ ''ਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


Gurminder Singh

Content Editor

Related News