ਸਕੂਲ ਵੈਨ ਨੇ ਵਿਅਕਤੀ ਨੂੰ ਮਾਰੀ ਟੱਕਰ, ਮੌਤ

Tuesday, Mar 11, 2025 - 04:33 PM (IST)

ਸਕੂਲ ਵੈਨ ਨੇ ਵਿਅਕਤੀ ਨੂੰ ਮਾਰੀ ਟੱਕਰ, ਮੌਤ

ਅਬੋਹਰ (ਸੁਨੀਲ) : ਇੱਥੇ ਮੰਗਲਵਾਰ ਸਵੇਰੇ ਅਬੋਹਰ-ਹਨੂੰਮਾਨਗੜ੍ਹ ਸੜਕ ’ਤੇ ਇਕ ਸਕੂਲ ਵੈਨ ਨੇ ਸੜਕ ਪਾਰ ਕਰ ਰਹੇ ਇਕ ਮਜ਼ਦੂਰ ਨੂੰ ਟੱਕਰ ਮਾਰ ਦਿੱਤੀ। ਉਸ ਨੂੰ ਤੁਰੰਤ ਇਲਾਜ ਲਈ ਸ਼੍ਰੀਗੰਗਾਨਗਰ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਇਕ ਬੱਚੇ ਦਾ ਪਿਤਾ ਸੀ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ’ਚ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਝਾਰਖੰਡ ਦੇ ਬੱਲੂਮਠ, ਲਾਤੇਹਾਰ ਦੇ ਰਹਿਣ ਵਾਲੇ ਰਸੂਲ ਮੀਆਂ ਦਾ ਪੁੱਤਰ ਮੁਹੰਮਦ ਸ਼ਮੀਮ, ਜੋ ਹਨੂੰਮਾਨਗੜ੍ਹ ਰੋਡ ’ਤੇ ਮਿਰਾਜ ਸਿਨੇਮਾ ਦੇ ਨੇੜੇ ਰਹਿੰਦਾ ਸੀ, ਇੱਥੇ ਸੜਕ ਨਿਰਮਾਣ ’ਚ ਮਜ਼ਦੂਰ ਵਜੋਂ ਕੰਮ ਕਰਦਾ ਸੀ ਅਤੇ ਇੱਥੇ ਆਪਣੇ ਪਰਿਵਾਰ ਨਾਲ ਰਹਿੰਦਾ ਸੀ।

ਅੱਜ ਸਵੇਰੇ ਜਦੋਂ ਉਹ ਸੜਕ ਪਾਰ ਕਰ ਰਿਹਾ ਸੀ ਤਾਂ ਅਚਾਨਕ ਇਕ ਸਕੂਲ ਵੈਨ ਨੇ ਉਸ ਨੂੰ ਤੇਜ਼ ਰਫ਼ਤਾਰ ਨਾਲ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ ’ਤੇ ਡਿੱਗ ਪਿਆ ਅਤੇ ਜ਼ਖਮੀ ਹੋ ਗਿਆ ਜਦੋਂ ਕਿ ਵੈਨ ਚਾਲਕ ਭੱਜ ਗਿਆ। ਆਸ-ਪਾਸ ਦੇ ਲੋਕ ਉਸ ਨੂੰ ਹਸਪਤਾਲ ਲੈ ਗਏ, ਜਿੱਥੋਂ ਮੁੱਢਲੀ ਸਹਾਇਤਾ ਤੋਂ ਬਾਅਦ ਉਸ ਨੂੰ ਰੈਫ਼ਰ ਕਰ ਦਿੱਤਾ ਗਿਆ। ਜਿਸ ’ਤੇ ਪਰਿਵਾਰ ਉਸ ਨੂੰ ਸ਼੍ਰੀਗੰਗਾਨਗਰ ਲੈ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਉਸਦੀ ਲਾਸ਼ ਦੁਪਹਿਰ ਨੂੰ ਅਬੋਹਰ ਲਿਆਂਦੀ ਗਈ, ਜਿੱਥੇ ਥਾਣਾ ਨੰਬਰ-2 ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ’ਚ ਰੱਖ ਦਿੱਤਾ। ਪੁਲਸ ਘਟਨਾ ਵਾਲੀ ਥਾਂ ਦੇ ਨੇੜੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਤੋਂ ਵੈਨ ਦਾ ਪਤਾ ਲਗਾ ਰਹੀ ਹੈ।


author

Babita

Content Editor

Related News