ਕਾਰ ਦੀ ਟੱਕਰ ਨਾਲ ਜ਼ਖ਼ਮੀ ਮੋਟਰਸਾਈਕਲ ਚਾਲਕ ਦੀ ਇਲਾਜ ਦੌਰਾਨ ਮੌਤ
Friday, Jul 26, 2024 - 02:44 PM (IST)
![ਕਾਰ ਦੀ ਟੱਕਰ ਨਾਲ ਜ਼ਖ਼ਮੀ ਮੋਟਰਸਾਈਕਲ ਚਾਲਕ ਦੀ ਇਲਾਜ ਦੌਰਾਨ ਮੌਤ](https://static.jagbani.com/multimedia/2024_7image_14_44_053426015deadbody.jpg)
ਡੇਰਾਬੱਸੀ (ਗੁਰਜੀਤ) : ਡੇਰਾਬੱਸੀ ਮੁਬਾਰਕਪੁਰ ਸੁੰਡਰਾਂ ਰੋਡ ’ਤੇ ਸ਼ੁੱਕਰਵਾਰ ਨੂੰ ਫੱਟੜ ਹੋਏ ਮੋਟਰਸਾਈਕਲ ਚਾਲਕ ਦੀ ਸੈਕਟਰ-32 ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੰਗਲ ਸਿੰਘ (45) ਪਿੰਡ ਟਿੱਬੀ ਮਾਜਰਾ, ਜ਼ਿਲ੍ਹਾ ਪੰਚਕੂਲਾ, ਹਰਿਆਣਾ ਵਜੋਂ ਹੋਈ ਹੈ। ਉਹ ਪਿੰਡ ਪੰਡਵਾਲਾ ਵਿਖੇ ਘਰ ਜਵਾਈ ਰਹਿੰਦਾ ਸੀ। ਪੁਲਸ ਨੇ ਮਾਮਲੇ ’ਚ ਮ੍ਰਿਤਕ ਦੇ ਭਰਾ ਸੁਰੇਸ਼ ਪਾਲ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਮਾਮਲੇ ਦੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਸੁਰੇਸ਼ ਪਾਲ ਨੇ ਦੱਸਿਆ ਕਿ ਮੰਗਲ ਸਿੰਘ ਪੰਚਕੂਲਾ ਨਗਰ ਨਿਗਮ ਵਿਖੇ ਚੌਥਾ ਦਰਜਾ ਮੁਲਾਜ਼ਮ ਲੱਗਿਆ ਹੋਇਆ ਸੀ। ਬੀਤੇ ਸ਼ੁੱਕਰਵਾਰ ਨੂੰ ਡਿਊਟੀ ਤੋਂ ਬਾਅਦ ਉਹ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਸਹੁਰੇ ਘਰ ਪੰਡਵਾਲਾ ਜਾ ਰਿਹਾ ਸੀ। ਜਦੋਂ ਉਹ ਨੇੜੇ ਪਹੁੰਚਿਆ ਤਾਂ ਉੱਥੇ ਇਕ ਅਣਪਛਾਤੀ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਚਾਲਕ ਕਾਰ ਲੈ ਕੇ ਫ਼ਰਾਰ ਹੋ ਗਿਆ। ਉਸ ਨੂੰ ਹਾਦਸੇ ’ਚ ਕਾਫ਼ੀ ਗੰਭੀਰ ਸੱਟਾਂ ਲੱਗੀਆਂ।
ਉਸ ਨੂੰ ਡੇਰਾਬੱਸੀ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਿਦਆਂ ਗੌਰਮਿੰਟ ਹਸਪਤਾਲ ਸੈਕਟਰ-32 ਚੰਡੀਗੜ੍ਹ ਰੈਫ਼ਰ ਕਰ ਦਿੱਤਾ। ਇੱਥੇ ਉਸ ਦੀ ਬੁੱਧਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਮਾਮਲੇ ਦੇ ਤਫ਼ਤੀਸ਼ੀ ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਮਗਰੋਂ ਵਾਰਸਾਂ ਦੇ ਹਵਾਲੇ ਕਰ ਦਿੱਤਾ।