ਸੜਕ ਹਾਦਸੇ ’ਚ ਇਕੋ ਪਰਿਵਾਰ ਦੇ 5 ਜੀਅ ਜ਼ਖਮੀ; 1 ਦੀ ਮੌਤ
Saturday, Aug 18, 2018 - 11:00 PM (IST)

ਰੂਪਨਗਰ, (ਵਿਜੇ)-ਰੂਪਨਗਰ-ਨਵਾਂਸ਼ਹਿਰ ਮਾਰਗ ਟੌਂਸਾ ਦੇ ਨੇਡ਼ੇ ਸਨਫਾਰਮਾ ਫੈਕਟਰੀ ਕੋਲ ਹੌਂਡਾ ਸਿਟੀ ਕਾਰ ਅਤੇ ਬਟਾਲਾ ਰੋਡਵੇਜ਼ ਦੀ ਬੱਸ ਵਿਚਕਾਰ ਟੱਕਰ ਹੋ ਜਾਣ ਕਾਰਨ ਹੌਂਡਾ ਸਿਟੀ ਕਾਰ ’ਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਜਦਕਿ ਪਰਿਵਾਰ ਦੇ ਬਾਕੀ ਪੰਜ ਵਿਅਕਤੀ ਜ਼ਖਮੀ ਹੋ ਗਏ। ਕਾਰ ’ਚ ਕੁੱਲ 6 ਵਿਅਕਤੀ ਸਵਾਰ ਸਨ। ਜਾਣਕਾਰੀ ਅਨੁਸਾਰ ਵਿਜੇ ਨਗਰ ਬਟਾਲਾ ਰੋਡ ਅੰਮ੍ਰਿਤਸਰ ਨਿਵਾਸੀ ਕੇਵਲ ਕ੍ਰਿਸ਼ਨ ਆਪਣੇ ਪਰਿਵਾਰ ਨਾਲ ਹੌਂਡਾ ਸਿਟੀ ਕਾਰ ’ਚ ਚੰਡੀਗਡ਼੍ਹ ਵੱਲ ਜਾ ਰਿਹਾ ਸੀ। ਉਨ੍ਹਾਂ ਉਥੇ ਵਿਆਹ ਸਮਾਰੋਹ ਦੇ ਕਾਰਡ ਵੰਡਣੇ ਸਨ। ਜਿਵੇਂ ਹੀ ਉਨ੍ਹਾਂ ਦੀ ਕਾਰ ਸਨਫਾਰਮਾ ਫੈਕਟਰੀ ਨੇਡ਼ੇ ਪਹੁੰਚੀ ਤਾਂ ਸਾਹਮਣੇ ਤੋਂ ਬਟਾਲਾ ਰੋਡਵੇਜ਼ ਦੀ ਬੱਸ ਨਾਲ ਉਨ੍ਹਾਂ ਦੀ ਟੱਕਰ ਹੋ ਗਈ, ਜਿਸ ’ਚ ਕੇਵਲ ਕ੍ਰਿਸ਼ਨ ਪੁੱਤਰ ਬੋਧਰਾਜ ਦੀ ਮੌਕੇ ’ਤੇ ਮੌਤ ਹੋ ਗਈ। ਜਦਕਿ ਕਾਰ ਚਾਲਕ ਪ੍ਰਿੰਸ ਭੱਲਾ, ਕੇਵਲ ਕ੍ਰਿਸ਼ਨ ਦੀ ਪਤਨੀ ਪਿੰਕਾ ਭੱਲਾ, ਰਜਨੀ ਅਤੇ ਦੋ ਬੱਚੇ ਯਸ਼ਿਕਾ ਅਤੇ ਹਿਰੇਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ। ਇਸ ਬਾਰੇ ਆਸਰੋਂ ਚੌਂਕੀ ਦੇ ਏ.ਐੱਸ.ਆਈ. ਰਾਮ ਸ਼ਾਹ ਨੇ ਦੱਸਿਆ ਕਿ ਹਾਦਸੇ ਨੂੰ ਲੈ ਕੇ ਬੱਸ ਚਾਲਕ ਲਖਵਿੰਦਰ ਸਿੰਘ ’ਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਦਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਦੇ ਬਾਅਦ ਉਸਨੂੰ ਵਾਰਸਾਂ ਹਵਾਲੇ ਕੀਤਾ ਜਾਵੇਗਾ।