ਮੋਟਰਸਾਈਕਲ ਤੇ ਇਨੋਵਾ ਦੀ ਟੱਕਰ ’ਚ 2 ਨੌਜਵਾਨਾਂ ਦੀ ਮੌਤ

Tuesday, Jun 26, 2018 - 04:07 AM (IST)

ਮੋਟਰਸਾਈਕਲ ਤੇ ਇਨੋਵਾ ਦੀ ਟੱਕਰ ’ਚ 2 ਨੌਜਵਾਨਾਂ ਦੀ ਮੌਤ

ਹੁਸ਼ਿਆਰਪੁਰ,  (ਅਮਰਿੰਦਰ)- ਸਰਕਾਰੀ ਕਾਲਜ ਚੌਕ  ’ਚ ਬੀਤੀ ਦੇਰ ਰਾਤ ਕਰੀਬ 12.30 ਵਜੇ ਮੋਟਰਸਾਈਕਲ ਅਤੇ ਇਨੋਵਾ ਵਿਚਕਾਰ ਹੋਈ ਜ਼ਬਰਦਸਤ ਟੱਕਰ ’ਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਨੋਵਾ ਸਵਾਰ 2 ਅੌਰਤਾਂ ਅਤੇ 2 ਬੱਚਿਆਂ ਦੇ ਜ਼ਖ਼ਮੀ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਮ੍ਰਿਤਕਾਂ ਦੀ ਪਛਾਣ ਸੁਖਪ੍ਰੀਤ ਸਿੰਘ ਉਰਫ ਸੁੱਖਾ ਹਾਲ ਵਾਸੀ ਭੀਮ ਨਗਰ ਅਤੇ ਲਵਦੀਪ ਸਿੰਘ ਉਰਫ ਲਵੀ ਵਾਸੀ ਪਿੱਪਲਾਂਵਾਲਾ ਵਜੋਂ ਹੋਈ ਹੈ। ਉਕਤ ਦੋਵੇਂ ਨੌਜਵਾਨ ਮੋਟਰਸਾਈਕਲ ’ਤੇ ਮੇਲਾ ਦੇਖਣ ਲਈ ਘਰੋਂ ਨਿਕਲੇ ਸਨ, ਜਦਕਿ ਜਲੰਧਰ ਦੇ ਰਹਿਣ ਵਾਲੇ ਇਨੋਵਾ ਸਵਾਰ ਮਣੀਕਰਨ ਤੋਂ ਜਲੰਧਰ ਪਰਤ ਰਹੇ ਸਨ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਥਾਣਾ ਮਾਡਲ ਟਾਊਨ ਦੇ ਏ. ਐੱਸ. ਆਈ. ਤੇਜਿੰਦਰ ਸਿੰਘ ਅਤੇ ਪੁਲਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। 
ਸੁਖਪ੍ਰੀਤ ਦੀ ਮੌਕੇ ’ਤੇ ਹੀ ਹੋ ਗਈ 
ਮੌਤ : ਮਿਲੀ ਜਾਣਕਾਰੀ ਅਨੁਸਾਰ 20 ਸਾਲਾ ਸੁਖਪ੍ਰੀਤ ਮੂਲ ਰੂਪ ਵਿਚ ਜਲੰਧਰ ਜ਼ਿਲੇ ਦੇ ਧਨੀ ਪਿੰਡ ਦਾ ਰਹਿਣ ਵਾਲਾ ਸੀ। ਪਿਤਾ ਦੀ ਮੌਤ ਤੋਂ ਬਾਅਦ ਉਹ ਇਸ ਸਮੇਂ ਫਗਵਾਡ਼ਾ ਰੋਡ ’ਤੇ ਇਕ ਕੰਪਨੀ ’ਚ ਕੰਮ ਕਰਦਾ ਸੀ ਅਤੇ ਭੀਮ ਨਗਰ ਸਥਿਤ  ਆਪਣੇ ਮਾਮੇ ਸੰਦੀਪ ਕੁਮਾਰ  ਨਾਲ ਰਹਿੰਦਾ ਸੀ। ਰਾਤ ਕਰੀਬ 12.15 ਵਜੇ ਉਹ ਮੋਟਰਸਾਈਕਲ  ’ਤੇ ਆਪਣੇ 28 ਸਾਲਾ ਦੋਸਤ ਲਵਦੀਪ ਨਾਲ ਮੇਲਾ ਦੇਖਣ ਘਰੋਂ ਨਿਕਲਿਆ ਸੀ। ਏ. ਟੀ. ਐੱਮ. ’ਚੋਂ ਪੈਸੇ ਕਢਵਾਉਣ ਲਈ ਸਰਕਾਰੀ ਕਾਲਜ ਚੌਕ  ’ਚੋਂ ਜਿਉਂ ਹੀ ਉਹ ਪ੍ਰਭਾਤ ਚੌਕ ਵੱਲ ਮੁਡ਼ਨ ਲੱਗੇ ਤਾਂ ਸੁਤਹਿਰੀ ਰੋਡ ਵੱਲੋਂ ਜਲੰਧਰ ਵੱਲ ਜਾ ਰਹੀ ਇਨੋਵਾ  ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਹਾਦਸੇ ’ਚ ਸੁਖਪ੍ਰੀਤ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਲਵਦੀਪ ਨੇ ਸਿਵਲ ਹਸਪਤਾਲ ਵਿਚ ਇਲਾਜ ਦੌਰਾਨ ਦਮ ਤੋਡ਼ਿਆ। 
ਇਨੋਵਾ ਦਾ  ਡਰਾਈਵਰ ਗ੍ਰਿਫ਼ਤਾਰ : ਮਾਡਲ ਟਾਊਨ ਪੁਲਸ ਨੇ ਇਨੋਵਾ  ਦੇ  ਡਰਾਈਵਰ ਮਨਿੰਦਰਪਾਲ (54) ਵਾਸੀ ਗੁਰੂ ਤੇਗ ਬਹਾਦਰ ਨਗਰ ਜਲੰਧਰ ਨੂੰ ਧਾਰਾ 279, 304-ਏ ਤਹਿਤ ਗ੍ਰਿਫ਼ਤਾਰ ਕਰ ਲਿਆ ਹੈ। ਇਨੋਵਾ ਵਿਚ ਉਸ ਦੀ ਪਤਨੀ ਤੇ ਬੇਟੀ ਤੋਂ ਇਲਾਵਾ 2 ਬੱਚੇ ਵੀ ਸਨ, ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ’ਚ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਦੋਵਾਂ ਮ੍ਰਿਤਕ ਨੌਜਵਾਨਾਂ ਦੀਆਂ ਲਾਸ਼ਾਂ ਪੋਸਟਮਾਰਟਮ ਉਪਰੰਤ ਵਾਰਿਸਾਂ ਨੂੰ ਸੌਂਪ ਦਿੱਤੀਆਂ ਹਨ।


Related News