ਟਰੱਕ ਨੇ ਰੈੱਡ ਲਾਈਟ ''ਤੇ ਖੜ੍ਹੇ ਲੋਕਾਂ ਨੂੰ ਕੁਚਲਿਆ

Saturday, May 05, 2018 - 04:05 AM (IST)

ਬਠਿੰਡਾ(ਸੁਖਵਿੰਦਰ)-ਬਰਨਾਲਾ ਬਾਈਪਾਸ ਰੋਡ 'ਤੇ ਵਿਸ਼ਵਕਰਮਾ ਮਾਰਕੀਟ ਨੇੜੇ ਇਕ ਟਰੱਕ ਨੇ ਰੈੱਡ ਲਾਈਟ 'ਤੇ ਖੜ੍ਹੇ ਲੋਕਾਂ ਨੂੰ ਕੁਚਲ ਦਿੱਤਾ। ਹਾਦਸੇ 'ਚ ਇਕ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਜਦਕਿ ਇਕ ਐਕਟਿਵਾ 'ਤੇ ਸਵਾਰ ਪਤੀ-ਪਤਨੀ ਜ਼ਖਮੀ ਹੋ ਗਏ। ਇਸ ਦੌਰਾਨ ਉਕਤ ਟਰੱਕ ਨੇ ਇਕ ਕਾਰ ਨੂੰ ਵੀ ਟੱਕਰ ਮਾਰ ਕੇ ਉਸ ਨੂੰ ਨੁਕਸਾਨ ਪਹੁੰਚਾਇਆ। ਘਟਨਾ ਦੇ ਬਾਅਦ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਦਕਿ ਟਰੱਕ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਲਿਆ। ਜਾਣਕਾਰੀ ਅਨੁਸਾਰ ਅੱਜ ਸਵੇਰੇ ਵਿਸ਼ਵਕਰਮਾ ਮਾਰਕੀਟ ਦੇ ਨੇੜੇ ਸਥਿਤ ਟਰੈਫ਼ਿਕ ਲਾਈਟ 'ਤੇ ਰੈੱਡ ਲਾਈਟ ਹੋਣ ਕਾਰਨ ਲੋਕ ਇਕ ਪਾਸੇ ਖੜ੍ਹੇ ਹੋਏ ਸਨ। ਇਸ ਦੌਰਾਨ ਪਿੱਛਿਓਂ ਆ ਰਹੇ ਤੇਜ਼ ਰਫ਼ਤਾਰ ਟਰੱਕ ਨੇ ਰੈੱਡ ਲਾਈਟ ਦੌਰਾਨ ਖੜ੍ਹੇ ਵਾਹਨ ਚਾਲਕਾਂ ਨੂੰ ਕੁਚਲ ਦਿੱਤਾ। ਇਸ ਦੌਰਾਨ ਮੋਟਰਸਾਈਕਲ ਸਵਾਰ ਮਨਪ੍ਰੀਤ ਸਿੰਘ (30) ਵਾਸੀ ਲਹਿਰਾਖਾਨਾ ਮੋਟਰਸਾਈਕਲ ਤੋਂ ਹੇਠਾਂ ਡਿੱਗ ਗਿਆ ਅਤੇ ਟਰੱਕ ਨੇ ਉਸ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਐਕਟਿਵਾ 'ਤੇ ਸਵਾਰ ਗਣੇਸ਼ਾ ਬਸਤੀ ਵਾਸੀ ਪ੍ਰਦੀਪ ਕੁਮਾਰ ਅਤੇ ਉਸ ਦੀ ਪਤਨੀ ਬੀਨਾ ਰਾਣੀ ਵੀ ਟਰੱਕ ਦੀ ਟੱਕਰ ਕਾਰਨ ਜ਼ਖਮੀ ਹੋ ਗਏ। ਇਸ ਦੌਰਾਨ ਉਕਤ ਟਰੱਕ ਦੀ ਟੱਕਰ ਕਾਰਨ ਇਕ ਕਾਰ ਅਤੇ ਇਕ ਹੋਰ ਵਾਹਨ ਵੀ ਹਾਦਸਾਗ੍ਰਸਤ ਹੋ ਗਿਆ। ਹਾਦਸੇ ਤੋਂ ਬਾਅਦ ਜਿਵੇਂ ਹੀ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਟਰੱਕ ਚਾਲਕ ਟਰੱਕ ਨੂੰ ਛੱਡ ਕੇ ਫਰਾਰ ਹੋ ਗਿਆ। ਸੂਚਨਾ ਮਿਲਣ 'ਤੇ ਨੌਜਵਾਨ ਵੈੱਲਫੇਅਰ ਸੋਸਾਇਟੀ ਦੇ ਮੈਂਬਰਾਂ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਚੁੱਕਿਆ ਅਤੇ ਹਸਪਤਾਲ ਪਹੁੰਚਾਇਆ, ਜਦਕਿ ਸਹਾਰਾ ਜਨਸੇਵਾ ਦੀ ਟੀਮ ਨੇ ਜ਼ਖਮੀ ਪਤੀ-ਪਤਨੀ ਨੂੰ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ। ਥਾਣਾ ਥਰਮਲ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਪੁਲਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


Related News