ਸੜਕ ਹਾਦਸਿਆਂ ''ਚ 2 ਵਿਅਕਤੀਆਂ ਦੀ ਮੌਤ

Saturday, May 05, 2018 - 01:37 AM (IST)

ਫਾਜ਼ਿਲਕਾ(ਨਾਗਪਾਲ, ਲੀਲਾਧਰ, ਰਮੇਸ਼)—ਪਿੰਡ ਬੰਨਾਵਾਲਾ ਰੋਡ 'ਤੇ ਮੋਟਰਸਾਈਕਲ ਅਤੇ ਕਾਰ ਦੀ ਟੱਕਰ ਵਿਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ। ਪੁਲਸ ਨੂੰ ਦਿੱਤੇ ਬਿਆਨ 'ਚ ਸਤਵੀਰ ਸਿੰਘ ਵਾਸੀ ਪਿੰਡ ਇਸਲਾਮ ਵਾਲਾ ਨੇ ਦੱਸਿਆ ਕਿ ਉਹ ਕਾਰ 'ਤੇ ਅਤੇ ਉਸ ਦਾ ਦੋਸਤ ਅਰਵਿੰਦਰ ਸਿੰਘ (22) ਵਾਸੀ ਪਿੰਡ ਕੁਹਾੜਿਆਂਵਾਲੀ ਮੋਟਰਸਾਈਕਲ 'ਤੇ ਕਿਸੇ ਕੰਮ ਲਈ ਅਰਨੀਵਾਲਾ ਨੂੰ ਜਾ ਰਹੇ ਸਨ। ਜਦੋਂ ਉਹ ਅਰਨੀਵਾਲਾ ਤੋਂ ਕੁਝ ਦੂਰੀ 'ਤੇ ਸਨ ਤਾਂ ਸਾਹਮਣੇ ਤੋਂ ਆ ਰਹੀ ਇਕ ਕਾਰ ਜੋ ਅਰਨੀਵਾਲਾ ਤੋਂ ਬੰਨਾਵਾਲਾ ਨੂੰ ਜਾ ਰਹੀ ਸੀ, ਦੇ ਚਾਲਕ ਮੁਖਤਿਆਰ ਸਿੰਘ ਨੇ ਬੜੀ ਲਾਪ੍ਰਵਾਹੀ ਨਾਲ ਅਰਵਿੰਦਰ ਸਿੰਘ ਦੇ ਮੋਟਰਸਾਈਕਲ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਘਟਨਾ ਦੌਰਾਨ ਕਾਰ ਚਾਲਕ ਅਰਵਿੰਦਰ ਸਿੰਘ ਨੂੰ ਕਾਫੀ ਦੂਰ ਤੱਕ ਘਸੀਟਦਾ ਹੋਇਆ ਲੈ ਗਿਆ। ਟੱਕਰ ਦੌਰਾਨ ਅਰਵਿੰਦਰ ਸਿੰਘ ਦੀ ਲੱਤ, ਬਾਂਹ ਅਤੇ ਪੇਟ 'ਤੇ ਸੱਟਾਂ ਲੱਗੀਆਂ ਤੇ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ, ਜਿਸ ਨੂੰ ਪਹਿਲਾਂ ਫਾਜ਼ਿਲਕਾ ਦੇ ਸਿਵਲ ਹਸਪਤਾਲ 'ਚ ਲਿਆਂਦਾ ਗਿਆ, ਜਿਥੋਂ ਉਸ ਨੂੰ ਜਦੋਂ ਬਠਿੰਡਾ ਇਲਾਜ ਲਈ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ 'ਚ ਪਿੰਡ ਮਾਹੂਆਣਾ ਦੇ ਨੇੜੇ ਉਸਦੀ ਮੌਤ ਹੋ ਗਈ। ਮ੍ਰਿਤਕ ਦਾ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾਇਆ ਗਿਆ। ਥਾਣਾ ਅਰਨੀਵਾਲਾ ਪੁਲਸ ਨੇ ਕਾਰ ਚਾਲਕ ਮੁਖਤਿਅਰ ਸਿੰਘ ਵਾਸੀ ਜੰਡ ਵਾਲਾ ਭੀਮੇਸ਼ਾਹ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।  ਸ਼੍ਰੀਗੰਗਾਨਗਰ ਰੋਡ ਫਾਟਕ ਦੇ ਨੇੜੇ ਬੀਤੀ ਰਾਤ ਟਰੱਕ ਦੀ ਟੱਕਰ ਨਾਲ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾਇਆ ਹੈ। ਜਾਣਕਾਰੀ ਮੁਤਾਬਕ ਕਰੀਬ 32 ਸਾਲਾ ਪ੍ਰਵੀਨ ਸ਼ਰਮਾ ਪੁੱਤਰ ਸ਼ਿਵ ਕੁਮਾਰ ਵਾਸੀ ਨਵੀਂ ਆਬਾਦੀ ਗਲੀ ਨੰਬਰ 4 ਦੇ ਭਰਾ ਦਿਨੇਸ਼ ਕੁਮਾਰ ਨੇ ਦੱਸਿਆ ਕਿ ਉਸਦਾ ਭਰਾ ਪ੍ਰਵੀਨ ਜੋ ਕਿ ਸ਼੍ਰੀਗੰਗਾਨਗਰ ਰੋਡ 'ਤੇ ਇਕ ਬੈਗ ਹਾਊਸ ਦੀ ਦੁਕਾਨ 'ਤੇ ਕੰਮ ਕਰਦਾ ਸੀ, ਬੀਤੀ ਰਾਤ ਕਰੀਬ 11 ਵਜੇ ਸੜਕ 'ਤੇ ਜਾ ਰਿਹਾ ਸੀ ਕਿ ਰਸਤੇ 'ਚ ਇਕ ਟਰੱਕ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਨਰ ਸੇਵਾ ਨਾਰਾਇਣ ਸੇਵਾ ਦੇ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦਿੱਤੀ, ਜਿਸ 'ਤੇ ਸੋਨੂੰ ਗਰੋਵਰ ਅਤੇ ਹੋਰ ਮੈਂਬਰ ਮੌਕੇ 'ਤੇ ਪੁੱਜੇ ਅਤੇ ਗੰਭੀਰ ਰੂਪ ਨਾਲ ਜ਼ਖ਼ਮੀ ਪ੍ਰਵੀਨ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ, ਜਿਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦੇ ਹੋਏ ਉਸਨੇ ਦਮ ਤੋੜ ਦਿੱਤਾ। ਜੀ. ਆਰ. ਪੀ. ਨੇ ਵਿਅਕਤੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਰਖਵਾਉਂਦੇ ਹੋਏ ਮ੍ਰਿਤਕ ਦੇ ਭਰਾ ਦੇ ਬਿਆਨ 'ਤੇ ਅਣਪਛਾਤੇ ਟਰੱਕ ਚਾਲਕ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


Related News