ਪੁੱਤਰ ਇਕ ਵਾਰ ਉੱਠ ਕੇ ਗਲ ਲੱਗ ਜਾ, ਸੋਮਵਾਰ ਨੂੰ ਸਕੂਲ ਵੀ ਜਾਣੈ

Sunday, Apr 01, 2018 - 07:43 AM (IST)

ਪੁੱਤਰ ਇਕ ਵਾਰ ਉੱਠ ਕੇ ਗਲ ਲੱਗ ਜਾ, ਸੋਮਵਾਰ ਨੂੰ ਸਕੂਲ ਵੀ ਜਾਣੈ

10ਵੀਂ ਦੇ ਵਿਦਿਆਰਥੀ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ 
ਸ਼ੇਰਪੁਰ(ਅਨੀਸ਼)—ਥਿੰਦ ਪਰਿਵਾਰ 'ਤੇ ਉਸ ਸਮੇਂ ਦੁੱਖਾਂ ਦਾ ਪਹਾੜ ਟੁੱਟ ਗਿਆ, ਜਦੋਂ ਸ਼ਨੀਵਾਰ ਸਵੇਰੇ ਕਰੀਬ 9 ਵਜੇ ਸੁਖਵਿੰਦਰ ਸਿੰਘ ਥਿੰਦ ਦੇ ਇਕਲੌਤੇ ਪੁੱਤਰ ਹਰਮਨ ਸਿੰਘ ਥਿੰਦ (15) ਦੀ ਟਰੈਕਟਰ ਹੇਠ ਆਉਣ ਕਾਰਨ ਮੌਤ ਹੋ ਗਈ । ਪਰਿਵਾਰ ਦੇ ਮੈਂਬਰਾਂ ਦੇ ਦੱਸਣ ਮੁਤਾਬਕ ਹਰਮਨ ਸਿੰਘ ਸਵੇਰ ਸਮੇਂ ਟਰਕੈਟਰ 'ਤੇ ਦੇਸੀ ਖਾਦ ਲੈ ਕੇ ਖੇਤ ਗਿਆ ਸੀ। ਕੁਝ ਦੇਸੀ ਖਾਦ ਉਸ ਨੇ ਇਕ ਜਗ੍ਹਾ ਉਤਾਰ ਦਿੱਤੀ ਅਤੇ ਟਰੈਕਟਰ ਨੂੰ ਦੂਜੀ ਜਗ੍ਹਾ ਲਿਜਾਣ ਲਈ ਉੱਪਰ ਚੜ੍ਹਨ ਲੱਗਾ ਤਾਂ ਉਸ ਦਾ ਪੈਰ ਸਲਿੱਪ ਹੋ ਗਿਆ ਅਤੇ ਉਸ ਦਾ ਹੱਥ ਗੀਅਰ 'ਚ ਲੱਗਾ, ਜਿਸ ਕਾਰਨ ਟਰੈਕਟਰ ਚੱਲ ਪਿਆ, ਜਿਸ ਦੇ ਹੇਠਾਂ ਆਉਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।ਇਕਲੌਤੇ ਪੁੱਤ ਦੀ ਮੌਤ ਦੀ ਖਬਰ ਸੁਣ ਕੇ ਹਰਮਨ ਸਿੰਘ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਮ੍ਰਿਤਕ ਦੇ ਪਿਤਾ ਸੁਖਵਿੰਦਰ ਸਿੰਘ ਅਤੇ ਮਾਤਾ ਸ਼ਿੰਦਰਪਾਲ ਕੌਰ ਦਾ ਦੁੱਖ ਦੇਖਿਆ ਨਹੀਂ ਸੀ ਜਾਂਦਾ। ਮ੍ਰਿਤਕ ਦੀ ਮਾਤਾ ਵਾਰ-ਵਾਰ ਕਹਿ ਰਹੀ ਸੀ ਕਿ ਪੁੱਤ ਇਕ ਵਾਰ ਉੱਠ ਕੇ ਮੇਰੇ ਗਲ ਲੱਗ ਜਾ, ਸੋਮਵਾਰ ਨੂੰ ਸਕੂਲ ਵੀ ਜਾਣਾ ਹੈ। ਜ਼ਿਕਰਯੋਗ ਹੈ ਕਿ ਹਰਮਨ ਸਿੰਘ ਇਸ ਸਾਲ 9ਵੀਂ ਦੇ ਪੇਪਰ ਦੇ ਕੇ 10ਵੀਂ ਜਮਾਤ 'ਚ ਹੋਇਆ ਸੀ ਅਤੇ ਸੋਮਵਾਰ ਨੂੰ ਸਕੂਲ ਖੁੱਲ੍ਹਣੇ ਸਨ। ਹਰਮਨ ਸਿੰਘ ਨੂੰ ਨਵੀਂ ਕਲਾਸ 'ਚ ਜਾਣ ਤੋਂ ਪਹਿਲਾਂ ਹੀ ਮੌਤ ਨੇ ਖੋਹ ਲਿਆ। 
ਘਰ ਦੇ ਕੰਮਾਂ 'ਚ ਹੱਥ ਵਟਾਉਂਦਾ ਸੀ ਹਰਮਨ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਹਰਮਨ ਸਿੰਘ ਬਹੁਤ ਹੀ ਮਿਹਨਤੀ ਲੜਕਾ ਸੀ ਤੇ ਘਰ ਦੇ ਹਰੇਕ ਕੰਮ ਵਿਚ ਅਤੇ ਖੇਤੀਬਾੜੀ ਦੇ ਕੰਮ 'ਚ ਉਹ ਹੱਥ ਵਟਾਉਂਦਾ ਸੀ। ਖੇਤ ਜਾਣ ਤੋਂ ਪਹਿਲਾਂ ਉਹ ਆਪਣੀ ਮਾਤਾ ਨੂੰ ਕਹਿ ਕੇ ਗਿਆ ਸੀ ਕਿ ਮਾਂ ਪਾਣੀ ਗਰਮ ਕਰ ਕੇ ਰੱਖੀਂ ਮੈਂ ਖੇਤ 'ਚੋਂ ਆ ਕੇ ਨਹਾਉਣਾ ਹੈ ਪਰ ਮਾਤਾ ਨੂੰ ਕੀ ਪਤਾ ਸੀ ਕਿ ਉਸ ਦਾ ਪੁੱਤ ਹੁਣ ਕਦੇ ਵਾਪਸ ਨਹੀਂ ਆਏਗਾ।


Related News