ਕਿਸੇ ਨੂੰ ਦਰਦਨਾਕ ਮੌਤ ਦੇ ਸਕਦੇ ਨੇ ਸਰੀਏ ਨਾਲ ਲੱਦੇ ਵਾਹਨ

03/30/2018 4:25:45 AM

ਲੁਧਿਆਣਾ(ਸੰਨੀ)-ਸੂਬੇ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ 'ਚ ਖੁੱਲ੍ਹੇਆਮ ਚੱਲ ਰਹੇ ਸਰੀਏ ਨਾਲ ਲੱਦੇ ਵਾਹਨ ਕਿਸੇ ਨੂੰ ਦਰਦਨਾਕ ਮੌਤ ਦੇਣ ਲਈ ਕਾਫੀ ਹਨ, ਜਦੋਂਕਿ ਇਸ ਦੇ ਉਲਟ ਹੈਲਮੇਟ ਵਾਲੇ ਦੋਪਹੀਆ ਵਾਹਨ ਚਾਲਕਾਂ ਦੇ ਪਿੱਛੇ ਭੱਜਣ ਵਾਲੀ ਟ੍ਰੈਫਿਕ ਪੁਲਸ ਅਜਿਹੇ ਵਾਹਨਾਂ ਖਿਲਾਫ ਕਾਰਵਾਈ ਵਿਚ ਫਾਡੀ ਸਾਬਤ ਹੋ ਰਹੀ ਹੈ। ਉਦਯੋਗਿਕ ਨਗਰ ਅਤੇ ਸਮਾਰਟ ਸਿਟੀ ਬਣਨ ਵੱਲ ਮੋਹਰੀ ਲੁਧਿਆਣਾ 'ਚ ਸੜਕੀ ਹਾਦਸਿਆਂ ਨੂੰ ਸੱਦਾ ਦੇ ਰਹੇ ਓਵਰਲੈਂਥ ਵਾਹਨ ਸ਼ਰੇਆਮ ਬੇਖੌਫ ਸੜਕਾਂ 'ਤੇ ਦੌੜ ਰਹੇ ਹਨ, ਜਦੋਂਕਿ ਟ੍ਰੈਫਿਕ ਪੁਲਸ ਸਿਰਫ ਬਿਨਾਂ ਹੈਲਮੇਟ ਵਾਹਨ ਚਾਲਕਾਂ ਦੇ ਧੜਾਧੜ ਚਲਾਨ ਕਰ ਕੇ ਆਪਣੀ ਪਿੱਠ ਥਾਪੜ ਰਹੀ ਹੈ। ਨਗਰ ਵਿਚ ਚੱਲ ਰਹੇ ਸਰੀਏ ਅਤੇ ਲੋਹੇ ਨਾਲ ਲੱਦੇ ਖੁੱਲ੍ਹੇ ਟਰੱਕ ਕਿਸੇ ਦੀ ਜਾਨ ਲੈਣ ਲਈ ਕਾਫੀ ਹਨ। ਅਜਿਹੇ ਵਾਹਨਾਂ ਵਿਚ ਟਰੱਕ, ਟੈਂਪੂ, ਟਰੈਕਟਰ-ਟਰਾਲੀਆਂ ਅਤੇ ਘੋੜਾ ਗੱਡੀ ਤੱਕ ਸ਼ਾਮਲ ਹਨ। ਸੂਬੇ ਵਿਚ ਬੀਤੇ ਕੁੱਝ ਮਹੀਨਿਆਂ ਵਿਚ ਹੀ ਅਜਿਹੇ ਸੜਕੀ ਹਾਦਸੇ ਕਈ ਲੋਕਾਂ ਦੀ ਜਾਨ ਲੈ ਚੁੱਕੇ ਹਨ, ਜਿਨ੍ਹਾਂ ਵਿਚ ਪਿੱਛਿਓਂ ਆ ਰਹੇ ਵਾਹਨ ਅੱਗੇ ਚੱਲ ਰਹੇ ਅਜਿਹੇ ਵਾਹਨਾਂ ਨਾਲ ਟਕਰਾਅ ਗਏ, ਜਿਨ੍ਹਾਂ 'ਚ ਨਿਯਮਾਂ ਦੀ ਉਲੰਘਣਾ ਕਰ ਕੇ ਲੋਹਾ, ਸਰੀਆ ਅਤੇ ਹੋਰ ਸਾਮਾਨ ਲੱਦਿਆ ਗਿਆ ਸੀ। ਤਾਜ਼ਾ ਕੇਸ ਜਲੰਧਰ ਵਿਚ ਭੋਗਪੁਰ ਰੋਡ ਦਾ ਹੈ, ਜਿਸ ਵਿਚ ਇਸੇ ਹੀ ਤਰ੍ਹਾਂ ਇਕ ਵਾਹਨ ਵਿਚ ਲੱਦੇ ਗਏ ਸਰੀਏ ਪਿੱਛਿਓਂ ਆ ਰਹੇ ਵਾਹਨ ਚਾਲਕ ਦੇ ਸਰੀਰ ਵਿਚ ਦਾਖਲ ਹੋ ਗਏ ਜਿਨ੍ਹਾਂ ਨੂੰ ਗੈਸ ਕਟਰ ਨਾਲ ਕੱਟਣਾ ਪਿਆ। ਡਾਕਟਰਾਂ ਨੇ ਬੜੀ ਮੁਸ਼ਕਲ ਨਾਲ ਬਾਈਕ ਚਾਲਕ ਦੀ ਜਾਨ ਬਚਾਈ। ਗੱਲ ਕਾਰਵਾਈ ਦੀ ਕਰੀਏ ਤਾਂ ਟ੍ਰੈਫਿਕ ਪੁਲਸ ਬਿਨਾਂ ਹੈਲਮੇਟ ਚਾਲਕਾਂ ਦੇ ਹਰ ਮਹੀਨੇ ਹਜ਼ਾਰਾਂ ਦੀ ਗਿਣਤੀ ਵਿਚ ਚਲਾਨ ਕੱਟਦੀ ਹੈ, ਜਦੋਂਕਿ ਓਵਰਹਾਈਟ ਅਤੇ ਓਵਰਲੈਂਥ ਟਰੱਕ ਅਤੇ ਟਰਾਲੀਆਂ ਜੋ ਸ਼ਰੇਆਮ ਨਿਯਮਾਂ ਨੂੰ ਅੰਗੂਠਾ ਦਿਖਾਉਂਦੇ ਹਨ, ਉਨ੍ਹਾਂ ਦੇ ਚਲਾਨ ਦੀ ਗਿਣਤੀ ਨਾ-ਮਾਤਰ ਹੈ। ਟ੍ਰੈਫਿਕ ਪੁਲਸ ਨੇ ਬੀਤੇ ਸਾਲ 2017 ਵਿਚ ਰੋਜ਼ਾਨਾ ਔਸਤਨ ਸਿਰਫ ਇਕ ਹੀ ਅਜਿਹੇ ਵਾਹਨ ਦਾ ਚਲਾਨ ਕੀਤਾ ਹੈ, ਜਿਸ ਨੇ ਸਾਮਾਨ ਨੂੰ ਪਿੱਛੇ ਵੱਲ ਵਧਾਇਆ ਹੋਇਆ ਸੀ, ਜਦੋਂਕਿ ਇਸੇ ਸਾਲ ਬਿਨਾਂ ਹੈਲਮੇਟ ਦੇ ਕੀਤੇ ਜਾਣ ਵਾਲੇ ਚਲਾਨਾਂ ਦੀ ਗਿਣਤੀ 375 ਰਹੀ। ਅਜਿਹੇ ਟਰੱਕ ਅਤੇ ਟਰਾਲੀਆਂ ਦੇ ਉੱਪਰ ਕੀਤੀ ਜਾ ਰਹੀ ਮਿਹਰਬਾਨੀ ਵੀ ਪੁਲਸ ਵਿਭਾਗ ਦੇ ਉੱਚ ਅਧਿਕਾਰੀਆਂ ਲਈ ਜਾਂਚ ਦਾ ਵਿਸ਼ਾ ਹੈ।
ਇਹ ਕਹਿੰਦੇ ਹਨ ਨਿਯਮ : ਮੋਟਰ ਵ੍ਹੀਕਲ ਐਕਟ ਅਤੇ ਨਿਯਮਾਂ ਦੀ ਗੱਲ ਕਰੀਏ ਤਾਂ ਹਰ ਵਾਹਨ ਦੀ ਸ਼੍ਰੇਣੀ ਮੁਤਾਬਕ ਉਸ ਦੀ ਹਾਈਟ ਨਿਰਧਾਰਤ ਕੀਤੀ ਗਈ ਹੈ। ਵਾਹਨ ਦੀ ਬਾਡੀ ਦੀ ਹਾਈਟ ਤੋਂ ਜ਼ਿਆਦਾ ਉਸ ਵਿਚ ਕੋਈ ਵੀ ਸਾਮਾਨ ਨਹੀਂ ਲੱਦਿਆ ਜਾ ਸਕਦਾ। ਇਸੇ ਤਰ੍ਹਾਂ ਕਿਸੇ ਵੀ ਵਪਾਰਕ ਵਾਹਨ ਵਿਚ ਲੱਦਿਆ ਗਿਆ ਸਾਮਾਨ ਉਸ ਦੀ ਲੰਬਾਈ ਦੇ ਅੰਦਰ ਹੀ ਹੋਣਾ ਚਾਹੀਦਾ ਹੈ ਅਤੇ ਵਾਹਨ ਦਾ ਡਾਲਾ ਖੁੱਲ੍ਹਿਆ ਨਾ ਹੋ ਕੇ ਬੰਦ ਹੋਣਾ ਚਾਹੀਦਾ ਹੈ।
ਰਾਤ ਦੇ ਸਮੇਂ ਬਣ ਜਾਂਦੇ ਹਨ ਯਮਰਾਜ ਦੇ ਦੂਤ : ਸਰੀਏ ਨਾਲ ਲੱਦੇ ਖੁੱਲ੍ਹੇ ਟਰੱਕ ਅਤੇ ਟਰਾਲੀਆਂ ਰਾਤ ਦੇ ਸਮੇਂ ਜ਼ਿਆਦਾ ਖਤਰਨਾਕ ਹੋ ਕੇ ਯਮਰਾਜ ਦੇ ਦੂਤ ਦਾ ਰੂਪ ਧਾਰਨ ਕਰ ਲੈਂਦੇ ਹਨ। ਸਰੀਏ ਨਾਲ ਲੱਦੇ ਵਾਹਨਾਂ ਵਿਚ ਪਿੱਛਿਓਂ ਟਕਰਾਉਣ ਵਾਲੇ ਜ਼ਿਆਦਾਤਰ ਵਾਹਨ ਚਾਲਕਾਂ ਨੂੰ ਆਪਣੀ ਜਾਨ ਗੁਆਉਣੀ ਪੈਂਦੀ ਹੈ, ਨਾਲ ਹੀ ਕਈ ਸਾਰੀ ਉਮਰ ਲਈ ਅਪਾਹਜ ਹੋ ਜਾਂਦੇ ਹਨ। ਜ਼ਿਆਦਾਤਰ ਅਜਿਹੇ ਕੰਡਮ ਵਾਹਨਾਂ 'ਤੇ ਕੋਈ ਰਿਫਲੈਕਟਰ ਜਾਂ ਲਾਈਟਾਂ ਨਹੀਂ ਲੱਗੀਆਂ ਹੁੰਦੀਆਂ, ਜਿਨ੍ਹਾਂ ਦਾ ਨਤੀਜਾ ਸੜਕ ਹਾਦਸਿਆਂ ਦੇ ਰੂਪ ਵਿਚ ਨਿਕਲਦਾ ਹੈ ਅਤੇ ਵਾਹਨ ਚਾਲਕਾਂ ਦੀ ਗਲਤੀ ਦਾ ਖਮਿਆਜ਼ਾ ਕਈ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ।
ਇਹ ਹੈ ਜੁਰਮਾਨਾ ਰਾਸ਼ੀ : ਨਿਯਮਾਂ ਮੁਤਾਬਕ ਕਿਸੇ ਵੀ ਵਾਹਨ ਵਿਚ ਤੈਅਸ਼ੁਦਾ ਬਾਡੀ ਤੋਂ ਉੱਪਰ ਸਾਮਾਨ ਨਹੀਂ ਲੱਦਿਆ ਜਾ ਸਕਦਾ। ਇਸ ਦੇ ਨਾਲ ਹੀ ਲੱਦਿਆ ਗਿਆ ਸਾਮਾਨ ਵਾਹਨ ਦੇ ਅੰਦਰ ਹੀ ਹੋਣਾ ਚਾਹੀਦਾ ਹੈ। ਨਿਯਮਾਂ ਦੀ ਉਲੰਘਣਾ ਕਰਨ 'ਤੇ ਘੱਟ ਤੋਂ ਘੱਟ ਦੋ ਹਜ਼ਾਰ ਰੁਪਏ ਅਤੇ ਜ਼ਿਆਦਾ ਤੋਂ ਜ਼ਿਆਦਾ 5 ਹਜ਼ਾਰ ਰੁਪਏ ਜੁਰਮਾਨਾ ਰਾਸ਼ੀ ਦੀ ਵਿਵਸਥਾ ਹੈ। ਨਾਲ ਹੀ ਵਾਹਨ ਦੀ ਬਾਡੀ ਨਾਲ ਛੇੜਛਾੜ ਕੀਤੀ ਗਈ ਹੋਵੇ ਤਾਂ ਜੁਰਮਾਨਾ ਰਾਸ਼ੀ ਘੱਟ ਤੋਂ ਘੱਟ 3500 ਰੁਪਏ ਅਤੇ ਜ਼ਿਆਦਾ ਤੋਂ ਜ਼ਿਆਦਾ 6500 ਰੁਪਏ ਹੈ।


Related News