ਸੜਕ ਹਾਦਸੇ ''ਚ ਇਕ ਨੌਜਵਾਨ ਦੀ ਮੌਤ, ਦੂਸਰਾ ਗੰਭੀਰ ਜ਼ਖ਼ਮੀ
Tuesday, Mar 06, 2018 - 05:18 AM (IST)

ਖੰਨਾ(ਸੁਨੀਲ)-ਪਿੰਡ ਇਕੋਲਾਹਾ ਨੇੜੇ ਵਾਪਰੇ ਸੜਕ ਹਾਦਸੇ 'ਚ ਟਰੱਕ ਵਲੋਂ ਟੱਕਰ ਮਾਰ ਦੇਣ ਨਾਲ ਬੁਲੇਟ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨਾਂ ਵਿਚੋਂ ਇਕ ਦੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਸਿਵਲ ਹਸਪਤਾਲ ਖੰਨਾ ਤੋਂ ਵੱਡੇ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ ਸੀ, ਉਥੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋਣ 'ਚ ਸਫਲ ਰਿਹਾ, ਜਦਕਿ ਪੁਲਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਗੁਰਿੰਦਰਜੀਤ ਸਿੰਘ (28) ਪੁੱਤਰ ਪ੍ਰਿਤਪਾਲ ਸਿੰਘ ਅਤੇ ਜਸਪ੍ਰੀਤ ਸਿੰਘ (35) ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਰੌਣੀ ਬੁਲੇਟ ਮੋਟਰਸਾਈਕਲ 'ਤੇ ਪਿੰਡ ਤੋਂ ਖੰਨਾ ਜਾ ਰਹੇ ਸਨ। ਇਕੋਲਾਹਾ ਪਿੰਡ ਨੇੜੇ ਸਾਹਮਣੋਂ ਤੋਂ ਆ ਰਹੇ ਟਰੱਕ ਨੇ ਬੁਲੇਟ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਬੁਲੇਟ ਟਰੱਕ ਦੇ ਹੇਠਾਂ ਵੜ ਗਿਆ। ਗੰਭੀਰ ਰੂਪ 'ਚ ਜ਼ਖ਼ਮੀ ਨੌਜਵਾਨਾਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਖੰਨਾ ਲਿਆਂਦਾ ਗਿਆ, ਉੱਥੇ ਗੁਰਿੰਦਰਜੀਤ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ, ਜਦਕਿ ਗੰਭੀਰ ਰੂਪ 'ਚ ਜ਼ਖਮੀ ਜਸਪ੍ਰੀਤ ਦੀ ਹਾਲਤ ਨੂੰ ਦੇਖਦੇ ਹੋਏ ਰੈਫਰ ਕਰ ਦਿੱਤਾ ਗਿਆ ਹੈ।