ਇਲਾਜ ਦੌਰਾਨ ਨੌਜਵਾਨ ਦੀ ਮੌਤ ਮਗਰੋਂ ਪਰਿਵਾਰਕ ਮੈਂਬਰਾਂ ਥਾਣੇ ਸਾਹਮਣੇ ਦਿੱਤਾ ਧਰਨਾ

Friday, Feb 16, 2018 - 03:06 AM (IST)

ਜਲਾਲਾਬਾਦ(ਸੇਤੀਆ,ਟੀਨੂੰ, ਦੀਪਕ)¸ਬੀਤੀ 5 ਫਰਵਰੀ ਨੂੰ ਰਾਤ ਦੇ ਸਮੇਂ ਸੜਕ ਹਾਦਸੇ ਵਿਚ ਗੰਭੀਰ ਜ਼ਖਮੀ ਹੋਏ ਪਿੰਡ ਮੋਹਕਮ ਅਰਾਈ ਨਿਵਾਸੀ ਛਿੰਦਰ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਜਾਣ ਮਗਰੋਂ ਅੱਜ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਲਿਆਂ ਵੱਲੋਂ ਮੁਲਜ਼ਮ ਵਾਹਨ ਚਾਲਕ ਵਿਰੁੱਧ ਕਾਰਵਾਈ ਅਤੇ ਉਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਥਾਣਾ ਸਿਟੀ ਸਾਹਮਣੇ ਰੋਸ ਧਰਨਾ ਦਿੱਤਾ ਗਿਆ।ਧਰਨੇ ਦੌਰਾਨ ਮ੍ਰਿਤਕ ਦੀ ਮਾਤਾ ਕੌਸ਼ਲਿਆ ਬਾਈ ਪਤਨੀ ਕਸ਼ਮੀਰ ਸਿੰਘ ਵਾਸੀ ਪਿੰਡ ਮੋਹਕਮ ਅਰਾਈ ਤਹਿਸੀਲ ਜਲਾਲਾਬਾਦ ਨੇ ਦੱਸਿਆ ਕਿ ਬੀਤੀ 5 ਫਰਵਰੀ ਨੂੰ ਉਸ ਦਾ ਪੁੱਤਰ ਛਿੰਦਰ ਸਿੰਘ ਆਪਣੇ ਰਿਸ਼ਤੇਦਾਰਾਂ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਪਿੰਡ ਕਾਠਗੜ੍ਹ ਤੋਂ ਆਪਣੇ ਪਿੰਡ ਵੱਲ ਜਾ ਰਿਹਾ ਸੀ ਕਿ ਰਸਤੇ ਵਿਚ ਮੰਨੇਵਾਲਾ ਨੇੜੇ ਟਰੈਕਟਰ-ਟਰਾਲੀ ਦੀ ਸਾਈਡ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਪਰ ਪੁਲਸ ਵੱਲੋਂ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕੀਤਾ ਗਿਆ। ਉਸ ਨੇ ਦੱਸਿਆ ਕਿ ਉਨ੍ਹਾਂ ਦੀ ਮੰਗ ਹੈ ਕਿ ਪੁਲਸ ਟਰੈਕਟਰ-ਟਰਾਲੀ ਚਾਲਕ ਦੀ ਭਾਲ ਕਰੇ ਅਤੇ ਬਣਦੀ ਕਾਰਵਾਈ ਕਰ ਕੇ ਉਸ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਸਬੰਧੀ ਡੀ. ਐੱਸ. ਪੀ. ਅਮਰਜੀਤ ਸਿੰਘ ਨੇ ਦੱਸਿਆ ਕਿ 5 ਫਰਵਰੀ ਨੂੰ ਹਾਦਸੇ ਤੋਂ ਬਾਅਦ ਜ਼ਖਮੀ ਹੋਏ ਛਿੰਦਰ ਸਿੰਘ ਦੀ ਮੌਤ ਉਪਰੰਤ ਮਾਮਲੇ ਵਿਚ ਵਾਧਾ ਕਰ ਦਿੱਤਾ ਗਿਆ ਹੈ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


Related News