ਸੜਕ ਹਾਦਸੇ ''ਚ ਜ਼ਖਮੀ ਹੋਏ ਫੌਜੀ ਦੀ ਮੌਤ
Wednesday, Dec 27, 2017 - 07:06 AM (IST)
ਤਪਾ ਮੰਡੀ(ਸ਼ਾਮ, ਗਰਗ)-ਤਿੰਨ ਦਿਨ ਪਹਿਲਾਂ ਪਿੰਡ ਘੁੜੈਲੀ ਦਾ ਫੌਜੀ, ਜੋ ਇਕ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋ ਗਿਆ ਸੀ, ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਿਆ, ਜਿਸ ਦਾ ਉਸਦੇ ਜੱਦੀ ਪਿੰਡ ਘੁੜੈਲੀ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਗਿਆ। ਫੌਜੀ ਜਸਵਿੰਦਰ ਸਿੰਘ (23) ਦੇ ਪਿਤਾ ਸੁਖਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ 5 ਦਿਨ ਪਹਿਲਾਂ ਹੀ ਛੁੱਟੀ ਲੈ ਕੇ ਆਇਆ ਸੀ ਤੇ 23 ਦਸੰਬਰ ਸ਼ਾਮ ਨੂੰ ਮੋਟਰਸਾਈਕਲ 'ਤੇ ਤਪਾ ਜਾ ਰਿਹਾ ਸੀ ਕਿ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਤਪਾ ਤੋਂ ਬਠਿੰਡਾ ਰੈਫਰ ਕਰ ਦਿੱਤਾ ਸੀ ਪਰ ਬੀਤੇ ਦਿਨੀਂ ਜ਼ਖਮਾਂ ਦੀ ਤਾਬ ਨਾ ਝੱਲਦੇ ਹੋਏ ਉਹ ਦਮ ਤੋੜ ਗਿਆ। ਸਿੱਖ ਰੈਜੀਮੈਂਟ ਦੀ 21 ਬਟਾਲੀਅਨ 'ਚ ਤਾਇਨਾਤ ਕੋਟਾ (ਰਾਜਸਥਾਨ) ਤੋਂ ਸੂਬੇਦਾਰ ਕੁਲਵੰਤ ਸਿੰਘ, ਮਲਕੀਤ ਸਿੰਘ ਦੀ ਅਗਵਾਈ 'ਚ ਪੁੱਜੀ ਬਟਾਲੀਅਨ ਨੇ ਮ੍ਰਿਤਕ ਫੌਜੀ ਦੀ ਦੇਹ ਨੂੰ ਤਿਰੰਗੇ ਝੰਡੇ 'ਚ ਲਪੇਟ ਕੇ ਪਿੰਡ ਵਾਸੀਆਂ ਦੇ ਦਰਸ਼ਨਾਂ ਲਈ ਰੱਖਿਆ ਅਤੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਪ੍ਰਸ਼ਾਸਨ ਵੱਲੋਂ ਹਲਕਾ ਕਾਨੂੰਨਗੋ ਗੁਰਚਰਨ ਸਿੰਘ ਅਤੇ ਪਟਵਾਰੀ ਸੰਤੋਖ ਸਿੰਘ ਨੇ ਹਾਜ਼ਰੀ ਲਵਾਈ। ਇਸ ਦੌਰਾਨ ਮ੍ਰਿਤਕ ਫੌਜੀ ਦੀ ਮਾਂ ਹਰਦੀਪ ਕੌਰ, ਬੇਅੰਤ ਸਿੰਘ, ਸਰਪੰਚ ਹਰਦੀਪ ਸਿੰਘ, ਜਰਨੈਲ ਸਿੰਘ, ਗੁਰਜੀਤ ਸਿੰਘ, ਜੱਗਾ ਸਿੰਘ ਤੋਂ ਇਲਾਵਾ ਇਲਾਕੇ ਦੀਆਂ ਸਮੁੱਚੀਆਂ ਪੰਚਾਇਤਾਂ ਹਾਜ਼ਰ ਸਨ।
