ਸਕੂਟਰੀ ਤੇ ਮੋਟਰਸਾਈਕਲ ਦੀ ਟੱਕਰ ''ਚ ਇਕ ਬਜ਼ੁਰਗ ਦੀ ਮੌਤ, 3 ਜ਼ਖਮੀ
Friday, Nov 24, 2017 - 07:29 AM (IST)

ਮਾਲੇਰਕੋਟਲਾ(ਸ਼ਹਾਬੂਦੀਨ, ਜ਼ਹੂਰ)— ਵੀਰਵਾਰ ਸਵੇਰੇ ਸਾਢੇ 10 ਵਜੇ ਧੂਰੀ ਰੋਡ ਡਰੇਨ ਵਾਲੇ ਪੁਲ 'ਤੇ ਸਕੂਟਰੀ ਅਤੇ ਮੋਟਰਸਾਈਕਲ ਦੀ ਟੱਕਰ ਵਿਚ ਸਕੂਟਰੀ ਸਵਾਰ 60 ਸਾਲਾ ਵਿਅਕਤੀ ਦੀ ਮੌਤ ਹੋ ਗਈ ਜਦੋਂਕਿ ਮ੍ਰਿਤਕ ਦੇ ਸਾਥੀ ਸਣੇ 3 ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮਾਣਕਮਾਜਰਾ ਪਿੰਡ ਵਾਲੀ ਰੋਡ 'ਤੇ ਸਥਿਤ ਆਟਾ ਚੱਕੀ ਦੇ ਮਾਲਕ ਕ੍ਰਿਸ਼ਨ ਕੁਮਾਰ ਪੁੱਤਰ ਦੇਵ ਰਾਜ ਵਾਸੀ ਸਰਕਾਰੀ ਕਾਲਜ ਰੋਡ ਨੇੜੇ ਸੰਤ ਨਿਰੰਕਾਰੀ ਭਵਨ ਮਾਲੇਰਕੋਟਲਾ ਸਵੇਰੇ ਸਾਢੇ 10 ਵਜੇ ਆਪਣੇ ਦੋਸਤ ਰਿਟਾਇਰਡ ਸਰਕਾਰੀ ਮੁਲਾਜ਼ਮ ਕਰਨੈਲ ਸਿੰਘ ਡੋਗਰਾ ਵਾਸੀ ਅਮਰ ਕਾਲੋਨੀ ਮਾਲੇਰਕੋਟਲਾ ਨਾਲ ਸਕੂਟਰੀ 'ਤੇ ਆਟਾ ਚੱਕੀ ਤੋਂ ਵਾਪਸ ਘਰ ਆ ਰਿਹਾ ਸੀ। ਜਦੋਂ ਉਹ ਮਾਣਕਮਾਜਰਾ ਰੋਡ ਤੋਂ ਧੂਰੀ ਰੋਡ ਵਾਲੀ ਮੇਨ ਸੜਕ 'ਤੇ ਚੜ੍ਹਨ ਲੱਗੇ ਤਾਂ ਮਾਲੇਰਕੋਟਲਾ ਵੱਲੋਂ ਆ ਰਹੇ ਇਕ ਤੇਜ਼ ਰਫਤਾਰ ਮੋਟਰਸਾਈਕਲ ਨਾਲ ਉਨ੍ਹਾਂ ਦੀ ਟੱਕਰ ਹੋ ਗਈ। ਮੌਕੇ 'ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਹੋਈ ਕਿ ਸਕੂਟਰੀ ਸਵਾਰ ਕ੍ਰਿਸ਼ਨ ਕੁਮਾਰ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਦੋਂਕਿ ਉਸ ਦੇ ਸਾਥੀ 65 ਸਾਲਾ ਕਰਨੈਲ ਸਿੰਘ ਡੋਗਰਾ ਸਣੇ ਮੋਟਰਸਾਈਕਲ ਸਵਾਰ ਦੋ ਨੌਜਵਾਨ ਤੇਗਇੰਦਰ ਸਿੰਘ ਪੁੱਤਰ ਗੁਰਮੀਤ ਸਿੰਘ (23) ਅਤੇ ਬਲਜੀਤ ਸਿੰਘ ਪੁੱਤਰ ਜਗਦੇਵ ਸਿੰਘ (22) ਵਾਸੀ ਮਾਡਰਨ ਕਾਲੋਨੀ ਨੌਸ਼ਹਿਰਾ ਰੋਡ ਮਾਲੇਰਕੋਟਲਾ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ।
ਡਾਕਟਰਾਂ ਨੇ ਬਲਜੀਤ ਸਿੰਘ ਦੀ ਹਾਲਤ ਗੰਭੀਰ ਦੇਖਦਿਆਂ ਉਸ ਨੂੰ ਤੁਰੰਤ ਲੁਧਿਆਣਾ ਰੈਫਰ ਕਰ ਦਿੱਤਾ ਜਦੋਂਕਿ ਤੇਗਇੰਦਰ ਸਿੰਘ ਅਤੇ ਕਰਨੈਲ ਸਿੰਘ ਡੋਗਰਾ ਸਥਾਨਕ ਸਿਵਲ ਹਸਪਤਾਲ ਵਿਖੇ ਹੀ ਜ਼ੇਰੇ ਇਲਾਜ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਿਟੀ-1 ਦੀ ਪੁਲਸ ਵੀ ਮੌਕੇ 'ਤੇ ਪਹੁੰਚ ਗਈ ਸੀ। ਪੁਲਸ ਨੇ ਮ੍ਰਿਤਕ ਦੇ ਵਾਰਿਸਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ।